ਮੁੱਖ ਮੰਤਰੀ ਨੇ ਮੰਡੀਆਂ ਵਿਚੋਂ ਕਣਕ ਦੀ ਫਸਲ ਨਾ ਚੁੱਕ ਕੇ ਉਹਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ: ਸੁਖਬੀਰ ਸਿੰਘ ਬਾਦਲ

ਸ੍ਰੀ ਮੁਕਤਸਰ ਸਾਹਿਬ, 25 ਅਪ੍ਰੈਲ (ਖ਼ਬਰ ਖਾਸ ਬਿਊਰੋ)

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਿਸਾਨਾਂ ਨੂੰ ਮੁਆਵਜ਼ਾ ਦੇਣ ਤੋਂ ਨਾਂਹ ਕਰਨ ਮਗਰੋਂ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਹੁਣ ਉਹਨਾਂ ਦੀ ਸਖ਼ਤ ਮਿਹਨਤ ਨਾਲ ਪੈਦਾ ਕੀਤੀ ਕਣਕ ਦੀ ਫਸਲ ਮੰਡੀਆਂ ਵਿਚੋਂ ਚੁੱਕਣ ਤੋਂ ਇਨਕਾਰੀ ਹੋ ਕੇ ਉਹਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਹੇ ਹਨ ਜਦੋਂ ਕਿ ਸੂਬੇ ਦੀਆਂ ਸਾਰੀਆਂ ਮੰਡੀਆਂ ਵਿਚ ਕਣਕ ਦੇ ਅੰਬਾਰ ਲੱਗ ਗਏ ਹਨ।

ਸਰਦਾਰ ਸੁਖਬੀਰ ਸਿੰਘ ਬਾਦਲ, ਜਿਹਨਾਂ ਨੇ ਮਾਹੂਆਣਾ ਤੇ ਮਲੌਟ ਮੰਡੀਆਂ ਦਾ ਦੌਰਾ ਕੀਤਾ, ਨੇ ਵੇਖਿਆ ਕਿ ਕਿਸਾਨਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਅਤੇ ਭਰੋਸਾ ਦੁਆਇਆ ਕਿ ਜੇਕਰ ਮੰਡੀਆਂ ਵਿਚ ਕਣਕ ਦੀ ਲਿਫਟਿੰਗ ਸ਼ੁਰੂ ਨਾ ਹੋਈ ਤਾਂ ਅਕਾਲੀ ਦਲ ਉਹਨਾਂ ਵਾਸਤੇ ਨਿਆਂ ਲੈਣ ਲਈ ਸੰਘਰਸ਼ ਸ਼ੁਰੂ ਕਰੇਗਾ।
ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ’ਤੇ ਵਰ੍ਹਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਮੰਡੀਆਂ ਵਿਚ ਕਿਸਾਨ ਖੱਜਲ ਖੁਆਰ ਹੋ ਰਹੇ ਹਨ ਪਰ ਮੁੱਖ ਮੰਤਰੀ ਆਪ ਆਸਾਮ ਤੇ ਗੁਜਰਾਤ ਦੇ ਦੌਰਿਆਂ ਵਿਚ ਰੁੱਝੇ ਹਨ। ਉਹਨਾਂ ਕਿਹਾ ਕਿ ਪਹਿਲਾਂ ਵੀ ਪਿਛਲੇ ਸਾਲ ਕਿਸਾਨਾਂ ਨੂੰ ਹੜ੍ਹਾਂ ਦੀ ਮਾਰ ਪਈ ਸੀ ਪਰ ਮੁੱਖ ਮੰਤਰੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ’ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਲਿਜਾਣ ਵਿਚ ਮਸ਼ਰੂਫ ਰਹੇ।
ਸਰਦਾਰ ਬਾਦਲ ਨੇ ਕਿਹਾ ਕਿ ਕਿਸਾਨਾਂ ਨੂੰ ਹੁਣ ਦੂਹਰੀ ਮਾਰ ਪਈ ਹੈ। ਉਹਨਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਆਏ ਝੱਖੜਾਂ ਕਾਰਨ ਹੋਏ ਕਣਕ ਦੀ ਫਸਲ ਦੇ ਹੋਏ ਨੁਕਸਾਨ ਦੀ ਮਾਰ ਝੱਲ ਰਹੇ ਹਨ ਹੁਣ ਉਹਨਾਂ ਨੇ ਆਪਣੀ ਪੱਕੀ ਫਸਲ ਮੰਡੀਆਂ ਵਿਚ ਲਿਆਂਦੀ ਹੈ ਤਾਂ ਉਹਨਾਂ ਨੂੰ ਫਸਲ ਵੇਚਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਆਪ ਸਰਕਾਰ ਨੇ ਪਿਛਲੇ ਦੋ ਸਾਲਾਂ ਵਿਚ ਸੂਬੇ ਦਾ ਖੇਤੀਬਾੜੀ ਅਰਥਚਾਰ ਤਬਾਹ ਕਰ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਹਾਲੇ ਤੱਕ ਪਿਛਲੇ ਸਮੇਂ ਵਿਚ ਹੋਈ ਗੜ੍ਹੇਮਾਰੀ ਤੇ ਆਏ ਹੜ੍ਹਾਂ ਦਾ ਮੁਆਵਜ਼ਾ ਨਹੀਂ ਮਿਲਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਫਸਲਾਂ ਦੇ ਮੁਆਵਜ਼ੇ ਲਈ 25-25 ਹਜ਼ਾਰ ਰੁਪਏ ਬਗੈਰ ਗਿਰਦਾਵਰੀ ਤੋਂ ਦੇਣ ਦੇ ਆਪਣੇ ਵਾਅਦੇ ਤੋਂ ਭੱਜ ਗਏ ਹਨ। ਉਹਨਾਂ ਕਿਹਾ ਕਿ ਆਪ ਸਰਕਾਰ ਕਿਸਾਨਾਂ ਦੀ ਮੱਕੀ ਅਤੇ ਦਾਲਾਂ ਦੀ ਫਸਲ ਖਰੀਣ ਵਿਚ ਵੀ ਨਾਕਾਮ ਰਹੀ ਹੈ ਜਦੋਂ ਕਿ ਇਸਨੇ ਵਾਅਦਾ ਕੀਤਾਸੀ ਕਿ ਸਾਰੀ ਦੀ ਸਾਰੀ ਫਸਲ ਖਰੀਦੀ ਜਾਵੇਗੀ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਨੂੰਅਪੀਲ ਕੀਤੀ ਕਿ ਕਿਸਾਨ ਵਿਰੋਧੀ ਆਪ ਸਰਕਾਰ ਨੂੰ ਹਰਿਆਣਾ ਦੇ ਨਾਲ ਰਲ ਕੇ ਮੌਜੂਦਾ ਚਲ ਰਹੇ ਕਿਸਾਨ ਸੰਘਰਸ਼ ਨੂੰ ਕੁਚਲਣ ਦੀ ਸਜ਼ਾ ਦਿੱਤੀ ਜਾਵੇ ਅਤੇ ਉਹਨਾਂ ਕਿਹਾ ਕਿ ਮੈਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀਆਂ ਵੋਟਾਂ ਨਾਲ ਪੰਜਾਬ ਦੇ ਬਾਰਡਰ ਸੀਲ ਕਰ ਕੇ ਦਿੱਲੀ ਆਧਾਰਿਤ ਪਾਰਟੀਆਂ ਲਈ ਇਹ ਯਕੀਨੀ ਬਣਾਉਣ ਕਿ ਉਹ ਫਿਰ ਤੋਂ ਉਹਨਾਂ ਦਾ ਫਤਵਾ ਨਾ ਹਾਸਲ ਕਰ ਲੈਣ ਤੇ ਫਿਰ ਤੋਂ ਧੋਖਾ ਨਾ ਕਰਨ।

ਹੋਰ ਪੜ੍ਹੋ 👉  ਮੋਹਾਲੀ ਵਿਖੇ ਬਹੁ ਮੰਜ਼ਿਲਾਂ ਇਮਰਾਤ ਡਿੱਗੀ, ਦਰਜ਼ਨਾਂ ਵਿਅਕਤੀਆਂ ਦੇ ਦੱਬੇ ਹੋਣ ਦਾ ਖਦਸ਼ਾ, ਫੌਜ ਬੁਲਾਈ

Leave a Reply

Your email address will not be published. Required fields are marked *