ਚੰਡੀਗੜ੍ਹ, 18 ਦਸੰਬਰ (ਖ਼ਬਰ ਖਾਸ ਬਿਊਰੋ)
ਹਰਿਆਣਾ ਦੀ ਸਿੱਖ ਸੰਗਤ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਵਾਸਤੇ ਹਰਿਆਣਾ ਸਿੱਖ ਪੰਥਕ ਦਲ ਜਥੇਬੰਦੀ ਦਾ ਗਠਨ ਕੀਤਾ ਹੈ ਅਤੇ ਇਹ ਦਲ ਚੋਣ ਨਿਸ਼ਾਨ ਢੋਲ ’ਤੇ ਇਹ ਚੋਣਾਂ ਲੜੇਗਾ। ਇਹ ਐਲਾਨ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਬਲਦੇਵ ਸਿੰਘ ਕਾਇਮਪੁਰ ਪ੍ਰਧਾਨ ਹਰਿਆਣਾ ਸਿੱਖ ਪੰਥਕ ਦਲ, ਸ.ਹਰਪਾਲ ਸਿੰਘ ਐਹਿਰਵਾਂ, ਸੀਨੀਅਰ ਮੀਤ ਪ੍ਰਧਾਨ ਹਰਿਆਣਾ ਸਿੱਖ ਪੰਥਕ ਦਲ, ਗੁਰਦੀਪ ਸਿੰਘ ਭਾਨੋਖੇੜੀ, ਜਨਰਲ ਸਕੱਤਰ, ਹਰਿਆਣਾ ਸਿੱਖ ਪੰਥਕ ਦਲ,ਸੁਖਜਿੰਦਰ ਸਿੰਘ ਮਸਾਣਾ, ਖਜ਼ਾਨਚੀ ਹਰਿਆਣਾ ਸਿੱਖ ਪੰਥਕ ਦਲ, ਸ. ਪ੍ਰਤਾਪ ਸਿੰਘ ਸਕੱਤਰ, ਸੰਯੁਕਤ ਸਕੱਤਰ ਹਰਿਆਣਾ ਸਿੱਖ ਪੰਥਕ ਦਲ, ਅਤੇ ਪ੍ਰਿਥੀਪਾਲ ਸਿੰਘ ਝੱਬਰ, ਸਲਾਹਕਾਰ ਹਰਿਆਣਾ ਸਿੱਖ ਪੰਥਕ ਦਲ ਨੇ ਕੀਤਾ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਕੁਰਬਾਨੀਆਂ ਦੇ ਕੇ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਨੂੰ ਤੋੜ ਕੇ ਬਿਨਾਂ ਗੁਰਦੁਆਰਾ ਐਕਟ 1925 ਨੂੰ ਤਬਦੀਲੀਆਂ ਕਰਕੇ ਹਰਿਆਣਾ ਰਾਜ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਹੈ। ਉਹਨਾਂ ਕਿਹਾ ਕਿ ਹਰਿਆਣਾ ਰਾਜ ਵਿੱਚ ਜਿਹੜੀ ਅਸੀਂ ਚੋਣ ਲੜਨੀ ਹੈ ਉਹ ਅਸੀਂ ਬੀ.ਜੇ.ਪੀ ਸਰਕਾਰ ਅਤੇ ਆਰ.ਐਸ.ਐਸ ਦੀ ਸ਼ਹਿ ’ਤੇ ਲੜ ਰਹੇ ਮੈਂਬਰਾਂ ਦੇ ਖਿਲਾਫ ਲੜਨੀ ਹੈ।
ਉਹਨਾਂ ਕਿਹਾ ਕਿ ਸਾਨੂੰ ਮੌਜੂਦਾ ਸਰਕਾਰ ਨੇ ਪੰਜਾਬ ਰਾਜ ਵਿੱਚ ਸਥਾਪਤ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਅੰਮ੍ਰਿਤਸਰ, ਤਖਤ ਸ਼੍ਰੀ ਕੇਸਗੜ੍ਹ, ਸ਼੍ਰੀ ਆਨੰਦਪੁਰ ਸਾਹਿਬ, ਤਖਤ ਸ਼੍ਰੀ ਦਮਦਮਾ ਸਾਹਿਬ, ਬਠਿੰਡਾ ਅਤੇ ਪੰਜਾਬ ਦੇ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਤੋਂ ਤੋੜਿਆ ਹੈ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਰੇ ਕਿਸੇ ਵੀ ਐਕਟ ਵਿੱਚ ਨਹੀਂ ਲਿਖਿਆ ਹੈ ਕਿ ਇਹ ਬਾਹਰਲੇ ਸੂਬਿਆਂ ਵਿੱਚ ਧਾਰਮਿਕ ਚੋਣਾਂ ਨਹੀਂ ਲੜ ਸਕਦੀ। ਉਹਨਾਂ ਕਿਹਾ ਕਿ ਇਹ ਸਾਡਾ ਅਧਿਕਾਰ ਹੈ ਕਿ ਸਾਨੂੰ ਚੋਣਾਂ ਲੜਨ ਦਾ ਹੱਕ ਦਿੱਤਾ ਜਾਵੇ।
ਉਹਨਾਂ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਵੱਲੋਂ ਪਹਿਲਾਂ ਤਖਤ ਸ਼੍ਰੀ ਹਜੂਰ ਸਾਹਿਬ, ਨਾਂਦੇੜ ਅਤੇ ਤਖਤ ਸ਼੍ਰੀ ਪਟਨਾ ਸਾਹਿਬ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਆਪਣੇ ਅਧੀਨ ਲਿਆ ਗਿਆ ਅਤੇ ਹੁਣ ਹਰਿਆਣਾ ਰਾਜ ਵਿੱਚ ਸਾਨੂੰ ਅਕਾਲ ਤਖਤ ਸਾਹਿਬ ਤੋਂ ਤੋੜ ਕੇ ਹਰਿਆਣਾ ਵਿੱਚ ਵੱਖਰੀ ਕਮੇਟੀ ਬਣਾ ਕੇ ਸਰਕਾਰੀ ਮੈਂਬਰਾਂ ਰਾਹੀਂ ਹਰਿਆਣਾ ਸਰਕਾਰ ਚਲਾ ਰਹੀ ਹੈ।ਉਹਨਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਉਤੇ ਚੋਣ ਲੜਨ ਲਈ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਕੇਸ ਫਾਈਲ ਕਰਕੇ ਚੋਣਾਂ ਲੜਨ ਦਾ ਅਧਿਕਾਰ ਦੇਣ ਦੀ ਮੰਗ ਕੀਤੀ ਹੈ।
ਉਹਨਾਂ ਕਿਹਾ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਲਈ ਅਸੀ ਹਰਿਆਣਾ ਸਿੱਖ ਪੰਥਕ ਦਲ ਬਣਾਇਆ ਹੈ ਜਿਸ ਦਾ ਚੋਣ ਨਿਸ਼ਾਨ ਢੋਲ ਹੈ। ਉਹਨਾਂ ਕਿਹਾ ਕਿ ਅਸੀਂ ਹਰਿਆਣਾ ਦੀ ਸਮੂਹ ਸੰਗਤ, ਧਾਰਮਿਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਾਲ ਤਾਲਮੇਲ ਕਰਕੇ ਚੋਣਾਂ ਲੜਾਂਗੇ।
ਉਹਨਾਂ ਨੇ ਹਰਿਆਣਾ ਦੇ ਵਧੀਆਂ ਗੁਰਸਿੱਖ ਵੀਰਾਂ ਨੂੰ ਅਪੀਲ ਕੀਤੀ ਕਿ ਕਿ ਜੋ ਵੀ ਧਾਰਮਿਕ ਖੇਤਰ ਵਿੱਚ ਸੇਵਾ ਕਰਨਾ ਚਾਹੁੰਦੇ ਹਨ ਅਤੇ ਉਹ ਇਹ ਚੋਣਾਂ ਲੜਨਾ ਚਾਹੁੰਦੇ ਹਨ ਉਹ ਸਾਡੇ ਨਾਲ ਸੰਪਰਕ ਕਰਨ।