ਚੰਡੀਗੜ 18 ਦਸੰਬਰ (ਖ਼ਬਰ ਖਾਸ ਬਿਊਰੋ)
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪ੍ਰਤੀ ਬਦਲਾ ਲਊ ਭਾਵਨਾ ਤਹਿਤ ਕੀਤਾ ਜਾ ਰਿਹਾ ਕੂੜ ਪ੍ਰਚਾਰ ਤੁਰੰਤ ਬੰਦ ਹੋਣਾ ਚਾਹੀਦਾ ਹੈ। ਇਸ ਕੂੜ ਪ੍ਰਚਾਰ ਦਾ ਸਖ਼ਤ ਨੋਟਿਸ ਲੈਂਦੇ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਐਸਜੀਪੀਸੀ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਸੁਰਜੀਤ ਸਿੰਘ ਰੱਖੜਾ, ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਤੋ ਇਲਾਵਾ ਸੁੱਚਾ ਸਿੰਘ ਛੋਟੇਪੁਰ ਅਤੇ ਸੰਤਾ ਸਿੰਘ ਉਮੈਦਪੁਰੀ ਨੇ ਕਿਹਾ ਕਿ ਇਹ ਬਿਰਤਾਂਤ ਸਿੱਖੀ ਸਿਧਾਂਤਾ ਦੇ ਉਲਟ ਹੈ।
ਜਾਰੀ ਬਿਆਨ ਵਿੱਚ ਆਗੂਆਂ ਨੇ ਕਿਹਾ ਕਿ ਜਿਸ ਤਰਾਂ ਇਸ ਤੋਂ ਪਹਿਲਾਂ ਵੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਆਪਣੇ ਪਰਿਵਾਰ ਦੀ ਹੋ ਰਹੀ ਰੇਕੀ ਅਤੇ ਬੱਚੀਆਂ ਦਾ ਫ਼ਿਕਰ ਜਾਹਿਰ ਕੀਤਾ ਸੀ, ਅੱਜ ਦੁਬਾਰਾ ਓਹਨਾ ਦਾ ਫ਼ਿਕਰ ਅਤੇ ਓਹਨਾ ਖਿਲਾਫ ਸਿਰਜਿਆ ਜਾ ਰਿਹਾ ਬਿਰਤਾਂਤ, ਸਿੰਘ ਸਾਹਿਬਾਨ ਦੇ ਪ੍ਰੀਵਾਰ ਸਾਹਮਣੇ ਪੈਦਾ ਕੀਤਾ ਜਾ ਰਿਹਾ ਡਰ ਅਤੇ ਭੈਅ ਇਸ ਗੱਲ ਦਾ ਸਬੂਤ ਹੈ ਕਿ ਓਹਨਾ ਖਿਲਾਫ ਬਦਲਾ ਲਊ ਭਾਵਨਾ ਦਾ ਹੀ ਸਿੱਟਾ ਹੈ।
ਆਗੂਆਂ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਓਹਨਾ ਦੀ ਜਿੰਮੇਵਾਰੀ ਦਾ ਮੁੜ ਅਹਿਸਾਸ ਕਰਵਾਉਂਦੇ ਕਿਹਾ ਕਿ, ਧਾਮੀ ਸਾਹਿਬ ਵਾਰ ਵਾਰ ਆਪਣੇ ਫਰਜਾਂ ਅਤੇ ਜਿੰਮੇਵਾਰੀਆਂ ਤੋਂ ਭੱਜ ਰਹੇ ਹਨ। ਆਗੂਆਂ ਨੇ ਕਿਹਾ ਐਸਜੀਪੀਸੀ ਪ੍ਰਧਾਨ ਦੀ ਇਹ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ, ਕੋਈ ਵੀ ਸਖ਼ਸ਼ ਚਾਹੇ ਓਹ ਕਿੰਨਾ ਵੀ ਵੱਡਾ ਮਾਇਆਧਾਰੀ ਹੋਵੇ, ਜੇਕਰ ਉਹ ਸਿੰਘ ਸਾਹਿਬਾਨਾਂ ਖਿਲਾਫ ਕੂੜ ਪਰਚਾਰ ਕਰਦਾ ਹੈ, ਕਿਸੇ ਕਿਸਮ ਦਾ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕਰਵਾਉਣ ਅਤੇ ਸਿੰਘ ਸਾਹਿਬਾਨਾਂ ਦੀ ਢਾਲ ਬਣਕੇ ਖੜ੍ਹਨ ਪਰ ਹਰਜਿੰਦਰ ਸਿੰਘ ਧਾਮੀ ਸਿਰਫ਼ ਤੇ ਸਿਰਫ਼ ਇੱਕ ਕਾਬਜ ਧਿਰ ਪ੍ਰਤੀ ਸਮਰਪਿਤ ਹੋਣ ਦਾ ਸਬੂਤ ਪੇਸ਼ ਕਰ ਚੁੱਕੇ ਹਨ।
ਆਗੂਆਂ ਨੇ ਐਸਜੀਪੀਸੀ ਪ੍ਰਧਾਨ ਨੂੰ ਮੁੜ ਅਪੀਲ ਕੀਤੀ ਕਿ ਭਲਕੇ ਹੋਣ ਵਾਲੀ ਅੰਤ੍ਰਿੰਗ ਕਮੇਟੀ ਵਿੱਚ ਇਹ ਮਤਾ ਲਿਆਉਣ ਅਤੇ ਪਾਸ ਕਰਵਾਉਣ ਕਿ ਜਿਸ ਵੀ ਸਖ਼ਸ਼ ਵਲੋ ਸਿੰਘ ਸਾਹਿਬਾਨ ਖਿਲਾਫ ਸੋਸ਼ਲ ਮੀਡੀਆ ਤੇ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਖਿਲਾਫ ਪੁਲਿਸ ਕੇਸ ਦਰਜ ਕਰਵਾਉਣ। ਆਗੂਆਂ ਨੇ ਕਿਹਾ ਕਿ ਜੇਕਰ ਧਾਮੀ ਸਾਹਿਬ ਆਪਣੇ ਫਰਜ ਦੀ ਪਾਲਣਾ ਨਹੀਂ ਕਰ ਸਕਦੇ ਤਾਂ ਓਹਨਾ ਨੂੰ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਮੁੱਖ ਸੇਵਾਦਾਰ ਬਣੇ ਰਹਿਣ ਦਾ ਕੋਈ ਨੈਤਿਕ ਹੱਕ ਨਹੀਂ ਹੈ।
ਇਸ ਤੋਂ ਇਲਾਵਾ ਆਗੂਆਂ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਪੂਰਨ ਭਰੋਸਾ ਦਿੱਤਾ ਕਿ ਸਮੁੱਚੀ ਕੌਮ ਓਹਨਾ ਨਾਲ ਖੜੀ ਹੈ।