ਵਿਨੀਪੈੱਗ, 18 ਦਸੰਬਰ (ਖ਼ਬਰ ਖਾਸ ਬਿਊਰੋ)
ਅਮਰੀਕੀ ਡਾਲਰ ਦੇ ਮੁਕਾਬਲੇ ਕੈਨੇਡੀਅਨ ਡਾਲਰ 70 ਸੈਂਟ ਤੋਂ ਵੀ ਹੇਠਾਂ ਖਿਸਕ ਗਿਆ ਹੈ। ਕੈਨੇਡੀਅਨ ਡਾਲਰ, ਜਿਸ ਨੂੰ ਲੂਨੀ ਵੀ ਕਹਿੰਦੇ ਹਨ, ਦੇ ਮੁੱਲ ਵਿਚ ਗਿਰਾਵਟ ਇਸ ਹਫ਼ਤੇ ਦੀ ਉਥਲ-ਪੁਥਲ ਤੋਂ ਬਾਅਦ ਆਈ ਹੈ, ਜਦੋਂ ਵਿੱਤ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ। ਬਲੂਮਬਰਗ ਦੇ ਡੇਟਾ ਅਨੁਸਾਰ, ਅੱਜ ਸਵੇਰੇ 1 ਕੈਨੇਡੀਅਨ ਡਾਲਰ 71 ਅਮਰੀਕੀ ਸੈਂਟ ਤੋਂ ਵੀ ਹੇਠਾਂ ਜਾਣ ਤੋਂ ਬਾਅਦ ਦੁਪਹਿਰ ਤੱਕ 71.01 ਸੈਂਟ ਦਰਜ ਹੋਇਆ ਹੈ। ਕੋਵਿਡ ਮਹਾਮਾਰੀ ਵੇਲੇ ਮਾਰਚ 2020 ਤੋਂ ਬਾਅਦ ਦਾ ਇਹ ਸਭ ਤੋਂ ਹੇਠਲਾ ਪੱਧਰ ਸੀ।
ਕੈਨੇਡਾ ਦੀ ਕਮਜ਼ੋਰ ਆਰਥਿਕਤਾ ਦੇ ਚਲਦਿਆਂ ਕੈਨੇਡੀਅਨ ਡਾਲਰ ਦਾ ਮੁੱਲ ਹੇਠਾਂ ਵੱਲ ਆਇਆ ਹੈ। ਉੱਪਰੋਂ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਸਮਾਨ ’ਤੇ 25% ਟੈਰਿਫ਼ ਲਗਾਉਣ ਦੀ ਧਮਕੀ ਦਿੱਤੀ ਹੈ, ਜਿਸ ਕਰਕੇ ਕੈਨੇਡੀਅਨ ਆਰਥਿਕਤਾ ਨੂੰ ਡੂੰਘੀ ਸੱਟ ਲੱਗ ਸਕਦੀ ਹੈ। ਜਦੋਂ ਟਰੰਪ ਨਵੰਬਰ ਵਿਚ ਰਾਸ਼ਟਰਪਤੀ ਚੋਣਾਂ ਵਿਚ ਜੇਤੂ ਹੋਏ ਸਨ, ਉਸ ਤੋਂ ਬਾਅਦ ਅਮਰੀਕੀ ਡਾਲਰ ਮਜ਼ਬੂਤ ਹੋਇਆ ਹੈ। ਕੈਨੇਡਾ ਫੈਡਰਲ ਸਰਕਾਰ ਨੇ ਫ਼ੌਲ ਇਕਨਾਮਿਕ ਅੱਪਡੇਟ ਪੇਸ਼ ਕੀਤੀ ਜਿਸ ਵਿਚ ਬਜਟ ਘਾਟੇ ਦੇ $ 61.9 ਬਿਲੀਅਨ ਡਾਲਰ ਹੋਣ ਦਾ ਖ਼ੁਲਾਸਾ ਹੋਇਆ। ਕੇਂਦਰੀ ਬੈਂਕ ਇਸ ਸਾਲ ਚਾਰ ਵਾਰੀ ਵਿਆਜ ਦਰ ਵਿਚ ਕਟੌਤੀ ਕਰ ਚੁੱਕਾ ਹੈ। ਅਕਤੂਬਰ ਵਿਚ ਤਾਂ ਬੈਂਕ ਨੇ 50 ਅਧਾਰ ਅੰਕਾਂ ਦੀ ਕਟੌਤੀ ਕੀਤੀ ਸੀ ਕਿਉਂਕਿ ਹੁਣ ਬੈਂਕ ਦੀ ਚਿੰਤਾ ਮਹਿੰਗਾਈ ਨੂੰ ਕਾਬੂ ਕਰਨ ਤੋਂ ਬਦਲ ਕੇ ਮਜ਼ਬੂਤ ਆਰਥਿਕ ਵਿਕਾਸ ਦੀ ਲੋੜ ਵੱਲ ਹੋ ਗਈ ਹੈ।
ਬੈਂਕ ਆਫ਼ ਮੌਂਟਰੀਅਲ ਦੇ ਮੁੱਖ ਅਰਥਸ਼ਾਸਤਰੀ, ਡਗਲਸ ਪੋਰਟਰ ਨੇ ਕਿਹਾ ਕਿ ਅਮਰੀਕੀ ਡਾਲਰ ਜ਼ਿਆਦਾਤਰ ਮੁਦਰਾਵਾਂ ਦੇ ਮੁਕਾਬਲੇ ਮਜ਼ਬੂਤ ਰਿਹਾ ਹੈ, ਪਰ ਪਿਛਲੇ ਕੁਝ ਹਫ਼ਤਿਆਂ ਦੌਰਾਨ ਇਸ ਦੇ ਮੁਕਾਬਲੇ ਲੂਨੀ ਦੀ ਸਥਿਤੀ ਕਮਜ਼ੋਰ ਹੋਈ ਹੈ। ਉਨ੍ਹਾਂ ਕਿਹਾ ਕਿ ਬੈਂਕ ਆਫ਼ ਕੈਨੇਡਾ ਵੱਲੋਂ ਜ਼ਬਰਦਸਤ ਵਿਆਜ ਦਰ ਕਟੌਤੀਆਂ, ਟਰੰਪ ਦੀਆਂ ਟੈਰਿਫ਼ ਧਮਕੀਆਂ ਅਤੇ ਫਿਰ ਵਿੱਤ ਮੰਤਰੀ ਦਾ ਅਸਤੀਫ਼ਾ ਵੀ ਕੁਝ ਹੱਦ ਤੱਕ ਕਾਰਨ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਟੈਰਿਫ਼ ਦੇ ਮਾਮਲੇ ਵਿਚ ਕੋਈ ਰਾਹਤ ਨਹੀਂ ਮਿਲਦੀ, ਜਾਂ ਕੋਈ ਹੋਰ ਚੰਗੀ ਆਰਥਿਕ ਖ਼ਬਰ ਨਹੀਂ ਆਉਂਦੀ, ਉਦੋਂ ਤੱਕ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਨੇੜ ਭਵਿੱਖ ਵਿਚ ਲੂਨੀ ਦੀ ਸਥਿਤੀ ਮਜ਼ਬੂਤ ਹੋਵੇਗੀ।
Corpay ਦੇ ਚੀਫ਼ ਮਾਰਕੀਟ ਸਟ੍ਰੈਟਜਿਸਟ, ਕਾਰਲ ਸ਼ਾਮੌਟਾ ਨੇ ਕਿਹਾ ਕਿ ਨਿਵੇਸ਼ਕਾਂ ਨੂੰ ਟਰੰਪ ਵੱਲੋਂ ਇਸ ਧਮਕੀ ਨੂੰ ਅਮਲੀ ਜਾਮਾ ਪਹਿਨਾਏ ਜਾਣ ਦੀ ਉਮੀਦ ਨਹੀਂ ਹੈ। ਕਾਰਲ ਨੇ ਕਿਹਾ ਕਿ ਵਪਾਰੀਆਂ ਵੱਲੋਂ ਇੱਕ ਹੋਰ ਸੂਖਮ ਦ੍ਰਿਸ਼ਟੀਕੋਣ ਤੋਂ ਸਥਿਤੀ ਦਾ ਮੁਲਾਂਕਣ ਕਰਨ ਤੋਂ ਬਾਅਦ ਕੈਨੇਡੀਅਨ ਡਾਲਰ ਮਾੜਾ ਮੋਟਾ ਉੱਪਰ ਵੱਲ ਜਾ ਸਕਦਾ ਹੈ। ਹਾਲਾਂਕਿ ਇੱਕ ਕਮਜ਼ੋਰ ਕੈਨੇਡੀਅਨ ਡਾਲਰ ਇਸ ਹਫ਼ਤੇ ਬਲੈਕ ਫ੍ਰਾਈਡੇ ’ਤੇ ਸਰਹੱਦ ਪਾਰ ਖ਼ਰੀਦਦਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਕੈਨੇਡੀਅਨਜ਼ ਲਈ ਲਾਗਤਾਂ ਨੂੰ ਵਧਾਉਂਦਾ ਹੈ, ਪਰ ਇਹ ਅਮਰੀਕੀ ਡਾਲਰਾਂ ਵਾਲੇ ਖ਼ਰੀਦਦਾਰਾਂ ਲਈ ਕੈਨੇਡੀਅਨ ਵਸਤੂਆਂ ਨੂੰ ਵੀ ਸਸਤਾ ਬਣਾਉਂਦਾ ਹੈ। ਘੱਟ ਲੂਨੀ ਦਾ ਮਤਲਬ ਹੈ ਕਿ ਵਿਦੇਸ਼ ਯਾਤਰਾ ਕੈਨੇਡੀਅਨਾਂ ਲਈ ਵਧੇਰੇ ਮਹਿੰਗੀ ਹੋ ਸਕਦੀ ਹੈ।