ਨਵੀਂ ਦਿੱਲੀ, 18 ਦਸੰਬਰ (ਖ਼ਬਰ ਖਾਸ ਬਿਊਰੋ)
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੇ ਹਵਾਲੇ ਨਾਲ ਕੀਤੀ ਟਿੱਪਣੀ ਨੂੰ ਲੈ ਕੇ ਕਾਂਗਰਸ ਤੇ ਹੋਰਨਾਂ ਵਿਰੋਧੀ ਧਿਰਾਂ ਨੇ ਅੱਜ ਲੋਕ ਸਭਾ ਤੇ ਰਾਜ ਸਭਾ ਵਿਚ ਜਮ ਕੇ ਹੰਗਾਮਾ ਕੀਤਾ, ਜਿਸ ਮਗਰੋਂ ਦੋਵਾਂ ਸਦਨਾਂ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਦੋ ਮਿੰਟ ਬਾਅਦ ਹੀ ਬਾਅਦ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਸਦਨ ਜੁੜਦੇ ਸਾਰ ਹੀ ਵਿਰੋਧੀ ਧਿਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਉਨ੍ਹਾਂ ‘ਜੈ ਭੀਮ’ ਦੇ ਨਾਅਰੇ ਲਾਏ।
ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਬਾਬਾ ਸਾਹਿਬ ਦਾ ਨਿਰਾਦਰ ਕੀਤਾ ਤੇ ਉਨ੍ਹਾਂ ਨੂੰ ਚੋਣ ਵਿਚ ਵੀ ਹਰਾਇਆ। ਉਨ੍ਹਾਂ ਕਿਹਾ, ‘‘ਇਨ੍ਹਾਂ ਲੋਕਾਂ ਨੇ ਹਮੇਸ਼ਾ ਬਾਬਾ ਸਾਹਿਬ ਦਾ ਨਿਰਾਦਰ ਕੀਤਾ। ਅਸੀਂ ਹਮੇਸ਼ਾ ਉਨ੍ਹਾਂ ਦਾ ਸਨਮਾਨ ਕੀਤਾ।’’ ਮੇਘਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਬਾ ਸਾਹਿਬ ਨਾਲ ਸਬੰਧਤ ਕੰਮਾਂ ਕਰਕੇ ਇਹ ਲੋਕ ਬਾਬਾਸਾਹਿਬ ਦਾ ਨਾਮ ਮਜਬੂਰੀਵੱਸ ਲੈ ਰਹੇ ਹਨ। ਸਦਨ ਵਿਚ ਹੰਗਾਮਾ ਜਾਰੀ ਰਿਹਾ ਤਾਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸਦਨ ਦੀ ਕਾਰਵਾਈ ਬਾਅਦ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ। ਕਾਂਗਰਸ ਤੇ ਵਿਰੋਧੀ ਧਿਰਾਂ ਨੇ ਦੋਸ਼ ਲਾਇਆ ਕਿ ਸ਼ਾਹ ਨੇ ਮੰਗਲਵਾਰ ਨੂੰ ਰਾਜ ਸਭਾ ਵਿਚ ਆਪਣੇ ਸੰਬੋਧਨ ਦੌਰਾਨ ਬਾਬਾਸਾਹਿਬ ਦਾ ਨਿਰਾਦਰ ਕੀਤਾ। ਮੁੱਖ ਵਿਰੋਧੀ ਧਿਰ ਨੇ ਸ਼ਾਹ ਦੇ ਸੰਬੋਧਨ ਦਾ ਇਕ ਵੀਡੀਓ ਵੀ ਜਾਰੀ ਕੀਤਾ ਜਿਸ ਵਿਚ ਗ੍ਰਹਿ ਮੰਤਰੀ ਵਿਰੋਧੀ ਧਿਰ ’ਤੇ ਤਨਜ ਕਸਦਿਆਂ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ , ‘‘ਹੁਣ ਇਹ ਫੈਸ਼ਨ ਹੋ ਗਿਆ ਹੈ…ਅੰਬੇਦਕਰ, ਅੰਬੇਦਕਰ…। ਇੰਨਾ ਨਾਮ ਜੇ ਭਗਵਾਨ ਦਾ ਲੈਂਦੇ ਤਾਂ ਸੱਤ ਜਨਮਾਂ ਤਕ ਸਵਰਗ ਮਿਲ ਜਾਂਦਾ।’’
ਅਮਿਤ ਸ਼ਾਹ ਦੀ ਸੰਵਿਧਾਨ ਨਿਰਮਾਤਾ ਬਾਬਾਸਾਹਿਬ ਅੰਬੇਦਕਰ ਬਾਰੇ ਟਿੱਪਣੀ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਰਾਜ ਸਭਾ ਵਿਚ ਵੀ ਹੰਗਾਮਾ ਕੀਤਾ। ਉਪਰਲੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਉਂਝ ਸਦਨ ਦੀ ਬੈਠਕ ਸ਼ੁਰੂ ਹੋਣ ’ਤੇ ਚੇਅਰਮੈਨ ਜਗਦੀਪ ਧਨਖੜ ਨੇ ਜ਼ਰੂਰੀ ਦਸਤਾਵੇਜ਼ ਸਦਨ ਵਿਚ ਰੱਖੇ। ਧਨਖੜ ਨੇ ਸਦਨ ਨੂੰ ਦੱਸਿਆ ਕਿ ਉਨ੍ਹਾਂ ਨੂੰ ਨਿਯਮ 267 ਤਹਿਤ ਇਕ ਨੋਟਿਸ ਮਿਲਿਆ ਹੈ, ਜੋ ਸਪਾ ਦੇ ਰਾਮਜੀ ਲਾਲ ਸੁਮਨ ਨੇ ਦਿੱਤਾ ਹੈ। ਉਨ੍ਹਾਂ ਕਿਸਾਨਾਂ ਦੀ ਹਾਲਤ ਬਾਰੇ ਚਰਚਾ ਲਈ ਨਿਯਮਤ ਕੰਮਕਾਜ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ। ਚੇਅਰਮੈਨ ਨੇ ਕਿਹਾ ਕਿ ਸਪਾ ਦੇ ਮੈਂਬਰ ਇਸ ਮੁੱਦੇ ਨੂੰ ਸਿਫ਼ਰ ਕਾਲ ਦੌਰਾਨ ਚੁੱਕ ਸਕਦੇ ਹਨ। ਇਸ ਦੌਰਾਨ ਵਿਰੋਧੀ ਧਿਰਾਂ ਨੇ ਦੋਸ਼ ਲਾਇਆ ਕਿ ਗ੍ਰਹਿ ਮੰਤਰੀ ਨੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਦਾ ਨਿਰਾਦਰ ਕੀਤਾ ਹੈ, ਜਿਸ ਲਈ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿਹਾ, ‘‘ਅਸੀਂ ਲੰਘੇ ਦਿਨ ਸਦਨ ਵਿਚ ਚੰਗੀ ਤਰ੍ਹਾਂ ਸੁਣਿਆ ਹੈ। ਗ੍ਰਹਿ ਮੰਤਰੀ ਨੇ ਉਨ੍ਹਾਂ (ਅੰਬੇਦਕਰ) ਲਈ ਸ਼ਰਧਾ ਤੇ ਸਨਮਾਨ ਜ਼ਾਹਿਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਕਾਂਗਰਸ ਨੇ ਬਾਬਾ ਸਾਹਿਬ ਦਾ ਕਿਸ ਤਰ੍ਹਾਂ ਨਿਰਾਦਰ ਕੀਤਾ।’’ ਰਿਜਿਜੂ ਨੇ ਕਿਹਾ, ‘‘ਜਦੋਂ ਉਹ ਜਿਊਂਦੇ ਸਨ ਤਾਂ ਉਦੋਂ 1952 ਵਿਚ ਸਾਜ਼ਿਸ਼ ਤਹਿਤ ਕਾਂਗਰਸ ਨੇ ਚੋਣ ਵਿਚ ਹਰਾਇਆ। ਜ਼ਿਮਨੀ ਚੋਣ ਵਿਚ ਕਾਂਗਰਸ ਨੇ ਉਨ੍ਹਾਂ ਨੂੰ ਮੁੜ ਹਰਾਇਆ। ਜੇ ਕਾਂਗਰਸ ਬਾਬਾਸਾਹਿਬ ਨੂੰ ਚੋਣ ਨਾ ਹਰਾਉਂਦੀ ਤਾਂ ਉਹ 1952 ਤੋਂ ਬਾਅਦ ਵੀ ਚੋਣ ਜਿੱਤ ਕੇ ਸਦਨ ਦੇ ਮੈਂਬਰ ਬਣ ਜਾਂਦੇ।’’ ਰਿਜਿਜੂ ਨੇ ਕਿਹਾ ਕਿ ਉਨ੍ਹਾਂ ਦੇ ਪ੍ਰੀਨਿਰਵਾਣ ਤੋਂ ਬਾਅਦ ਵੀ ਕਾਂਗਰਸ ਨੇ ਉਨ੍ਹਾਂ ਦੇ ਨਿਰਾਦਰ ਦੀ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਨੂੰ ਭਾਰਤ ਰਤਨ ਨਹੀਂ ਦਿੱਤਾ।