ਰੋਪੜ 25 ਅਪ੍ਰੈਲ (ਖ਼ਬਰ ਖਾਸ ਪੱਤਰ ਪ੍ਰੇਰਕ)
ਬਹੁਜਨ ਸਮਾਜ ਪਾਰਟੀ ਹਲਕਾ ਰੋਪੜ ਦੇ ਜਨਰਲ ਸਕੱਤਰ ਗੋਲਡੀ ਪੁਰਖਾਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੇਸ਼ੱਕ ਕਾਂਗਰਸ ਤੇ ਭਾਜਪਾ ਦੇਸ਼ ਦੀਆਂ ਸਭ ਤੋਂ ਵੱਡੀਆਂ ਪਾਰਟੀਆਂ ਅਖਵਾਉਂਦੀਆਂ ਹਨ ਪਰੰਤੂ ਇਨ੍ਹਾਂ ਨੂੰ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕੋਈ ਯੋਗ ਉਮੀਦਵਾਰ ਨਹੀਂ ਮਿਲ ਰਿਹਾ। ਜਿਸ ਕਾਰਨ ਹਲਕੇ ਦੇ ਲੋਕਾਂ ਵਿੱਚ ਹਾਸੋ ਹੀਣੀ ਦਾ ਮਹੌਲ ਬਣਿਆ ਹੋਇਆ ਹੈ।ਕਾਂਗਰਸ ਅਤੇ ਭਾਜਪਾ ਦਾ ਉਮੀਦਵਾਰ ਨਾ ਉਤਾਰਨ ਵਿੱਚ ਪਛੜਨਾ ਉਨ੍ਹਾਂ ਦੀ ਲੋਕ ਪੀ੍ਅਤਾ ਘੱਟਣ ਦੇ ਸੰਕੇਤ ਹਨ।
ਗੋਲਡੀ ਨੇ ਕਿਹਾ ਕਿ ਦੋਵੇ ਪਾਰਟੀਆਂ ਰਾਸ਼ਟਰੀ ਪੱਧਰ ਤੇ ਮਜਬੂਤ ਹੋਣ ਦਾ ਦਮ ਭਰ ਰਹੀਆਂ ਹਨ। ਪਰ ਉਮੀਦਵਾਰ ਦੀ ਚੋਣ ਨੂੰ ਲੈ ਕੇ ਦੋਵੇਂ ਇਕ ਦੂਜੇ ਵੱਲ ਦੇਖ ਰਹੀਆਂ ਹਨ। ਗੋਲਡੀ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਆਪਣਾ ਮਨ ਬਦਲ ਲਿਆ ਹੈ, ਇਸ ਵਾਰ ਲੋਕ ਬਹੁਜਨ ਸਮਾਜ ਪਾਰਟੀ ਵਲ ਦੇਖ ਰਹੇ ਹਨ, ਇਹੀ ਕਾਰਨ ਹੈ ਕਿ ਕਾਂਗਰਸ ਤੇ ਭਾਜਪਾ ਨੂੰ ਬਸਪਾ ਦੇ ਮੁਕਾਬਲੇ ਉਮੀਦਵਾਰ ਖੜਾ ਕਰਨ ਵਿਚ ਮੁਸ਼ਕਲ ਹੋਈ ਪਈ ਹੈ।
ਗੋਲਡੀ ਨੇ ਕਿਹਾ ਕਿ ਭਾਜਪਾ ਨੇ ਦੇਸ਼ ਵਿਚ ਘੱਟ ਗਿਣਤੀਆਂ ਅਤੇ ਦਲਿਤਾਂ ਤੇ ਅਤਿਆਚਾਰ ਕੀਤੇ ਹਨ,। ਦਲਿਤ ਨਾਲ ਕੀਤੀ ਗਈ ਧੱਕੇਸ਼ਾਹੀ ਦਾ ਹਿਸਾਬ ਹੁਣ ਲੋਕ ਵੋਟਾਂ ਵਿਚ ਲੈਣਗੇ। ਉਹਨਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੀ ਮਿਲਕੇ ਚੋਣ ਲੜ ਰਹੇ ਹਨ। ਦੋਵੇ ਪਾਰਟੀਆਂ ਅਲਗ ਅਲਗ ਉਮੀਦਵਾਰ ਉਤਾਰਨ ਦਾ ਡਰਾਮਾ ਕਰ ਰਹੀਆਂ ਹਨ ਜਦਕਿ ਚੰਡੀਗੜ ਸਮੇਤ ਹੋਰਨਾਂ ਰਾਜਾਂ ਵਿਚ ਇਹ ਘਿਓ ਖਿਚੜੀ ਹਨ।