ਚੰਡੀਗੜ੍ਹ, 16 ਦਸੰਬਰ (ਖ਼ਬਰ ਖਾਸ ਬਿਊਰੋ)
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਦੇ ਵਿੱਚ ਕੈਬਨਿਟ ਮੰਤਰੀ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਸ੍ਰੀ ਅਮਨ ਅਰੋੜਾ ਦੇ ਨਾਲ ਕਿਸਾਨ ਭਵਨ ਦੇ ਵਿੱਚ ਮੀਟਿੰਗ ਹੋਈ। ਇਸ ਮੀਟਿੰਗ ਦੇ ਵਿੱਚ ਸਿੱਖਿਆ ਵਿਭਾਗ ਵੱਲੋਂ ਲਏ ਗਏ ਅਧਿਆਪਕ ਵਿਰੋਧੀ ਫੈਸਲਿਆਂ ਨੂੰ ਲੈ ਕੇ ਅਧਿਆਪਕਾਂ ‘ਚ ਪਾਏ ਜਾ ਰਹੇ ਰੋਸ ਤੋਂ ਜਾਣੂ ਕਰਵਾਇਆ ਗਿਆ ਅਤੇ ਅਜਿਹੇ ਫੈਸਲੇ ਵਾਪਿਸ ਲੈਣ ਦੀ ਮੰਗ ਕੀਤੀ।
ਡਾਇਰੈਕਟਰ ਆਫ਼ ਸਕੂਲ ਐਜੂਕੇਸ਼ਨ (ਸੈਕੰਡਰੀ) ਵੱਲੋਂ ਪੀਟੀਆਈ ਅਤੇ ਆਰਟ ਐਂਡ ਕਰਾਫਟ ਅਧਿਆਪਕਾਂ ਦੀਆਂ ਸਾਲ 2012 ਤੋਂ ਤਨਖਾਹ ਰਿਵਾਈਜ਼ ਕਰਕੇ ਤਨਖਾਹ ਗਰੇਡ 4400 ਤੋਂ ਘਟਾ ਕੇ 3200 ਰੁ: ਕਰਨ ਅਤੇ ਰਿਕਵਰੀ ਸਬੰਧੀ ਵਿੱਤ ਵਿਭਾਗ ਦੇ ਹਵਾਲੇ ਨਾਲ ਅਤੇ ਮਨਮਾਨੇ ਢੰਗ ਨਾਲ ਜਾਰੀ ਕੀਤੇ ਪੱਤਰ ਉੱਪਰ ਅਮਨ ਅਰੋੜਾ ਵੱਲੋਂ ਫੌਰੀ ਰੋਕ ਲਗਾਉਣ ਦਾ ਭਰੋਸਾ ਦਿੱਤਾ ਗਿਆ ਅਤੇ ਇਸ ਸਬੰਧੀ ਸ੍ਰੀ ਅਰੋੜਾ ਨੇ ਮੌਕੇ ‘ਤੇ ਹੀ ਸਿੱਖਿਆ ਮੰਤਰੀ ਸ੍ਰੀ ਹਰਜੋਤ ਬੈਂਸ ਨਾਲ ਫੋਨ ‘ਤੇ ਗੱਲਬਾਤ ਕਰਕੇ ਉਹਨਾਂ ਨੂੰ ਬਤੌਰ ਪਾਰਟੀ ਪ੍ਰਧਾਨ ਇਸ ਮਸਲੇ ਨੂੰ ਹੱਲ ਕਰਨ ਲਈ ਨਿਰਦੇਸ਼ ਵੀ ਦਿੱਤੇ। ਇਸ ਤੋਂ ਇਲਾਵਾ ਸ੍ਰੀ ਅਰੋੜਾ ਨੇ ਜੱਥੇਬੰਦੀ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ‘ਚ ਸਿੱਖਿਆ ਤੇ ਵਿੱਤ ਵਿਭਾਗ ਦੇ ਅਧਿਕਾਰੀ ਡੀਟੀਐੱਫ ਨਾਲ ਮੀਟਿੰਗ ਲਗਾ ਕੇ ਪੱਕੇ ਤੌਰ ਤੇ ਇਸ ਮਸਲੇ ਦਾ ਹੱਲ ਕਰਨਗੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਟੀਐੱਫ ਦੇ ਸੂਬਾ ਮੀਤ ਪ੍ਰਧਾਨਾਂ ਗੁਰਪਿਆਰ ਸਿੰਘ ਕੋਟਲੀ ਤੇ ਰਘਵੀਰ ਸਿੰਘ ਭਵਾਨੀਗੜ੍ਹ ਅਤੇ ਸੂਬਾ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਪ੍ਰਾਇਮਰੀ ਤੋਂ ਮਾਸਟਰ ਕਾਡਰ, ਮਾਸਟਰ ਤੋਂ ਲੈਕਚਰਾਰ, ਪੀਟੀਆਈ ਤੋਂ ਡੀਪੀਈ, ਨਾਨ ਟੀਚਿੰਗ ਤੋਂ ਮਾਸਟਰ ਸਮੇਤ ਬਾਕੀ ਪ੍ਰਮੋਸ਼ਨਾਂ ਵਿੱਚ ਸਾਰੇ ਸਕੂਲਾਂ ਦੀਆਂ ਖਾਲੀ ਪੋਸਟਾਂ ਨਾ ਦਿਖਾਉਣ ਕਾਰਨ ਸੈਂਕੜੇ ਅਧਿਆਪਕਾਂ ਨੂੰ ਪ੍ਰਮੋਸ਼ਨਾਂ ਤੋਂ ਵਾਝੇ ਰੱਖਣ ਅਤੇ ਸਕੂਲਾਂ ਵਿੱਚ ਖਾਲੀ ਸਾਰੀਆਂ ਅਸਾਮੀਆਂ ਨੂੰ ਹਰ ਕਾਡਰ ਦੀਆਂ ਪ੍ਰੋਮੋਸ਼ਨਾਂ ਦੌਰਾਨ ਸਟੇਸ਼ਨ ਚੋਣ ਮੌਕੇ ਪੇਸ਼ ਕਰਨ ਦੀ ਮੰਗ ‘ਤੇ ਸ੍ਰੀ ਅਰੋੜਾ ਨੇ ਭਰੋਸਾ ਦਿੱਤਾ ਕਿ ਇਸ ‘ਤੇ ਪੁਨਰ ਵਿਚਾਰ ਕਰਨ ਜਾ ਰਿਹਾ ਹੈ।
ਇਸ ਮੌਕੇ ਡੀਟੀਐੱਫ ਵੱਲੋਂ ਵਿੱਦਿਅਕ ਸਰੋਕਾਰਾਂ ਪੱਖੋਂ ਮਹੱਤਵਪੂਰਨ ਹੋਣ ਦੇ ਬਾਵਜੂਦ ਪੀ.ਟੀ.ਆਈ., ਖੇਤੀਬਾੜੀ ਟੀਚਰ, ਸਿਲਾਈ ਟੀਚਰ, ਸੰਗੀਤ ਟੀਚਰ ਅਤੇ ਤਬਲਾ ਪਲੇਅਰ ਟੀਚਰ ਦੀਆਂ ਅਸਾਮੀਆਂ ਨੂੰ ਡਾਇੰਗ ਕਾਡਰ ਵਿੱਚ ਪਾਉਣ ਦਾ ਗ਼ੈਰ ਵਾਜਿਬ ਫੈਸਲਾ ਵਾਪਿਸ ਲੈਣ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਨਿੱਜੀਕਰਨ, ਕੇਂਦਰੀਕਰਨ ਤੇ ਭਗਵਾਂਕਰਨ ਪੱਖੀ ਕੌਮੀ ਸਿੱਖਿਆ ਨੀਤੀ-2020 ਨੂੰ ਲਾਗੂ ਕਰਨ ‘ਤੇ ਰੋਕ ਲਗਾਉਣ ਅਤੇ ਪੰਜਾਬ ਦੇ ਸਥਾਨਕ ਹਲਾਤਾਂ ਅਨੁਸਾਰ ਸੂਬੇ ਦੇ ਸਿੱਖਿਆ ਸ਼ਾਸਤਰੀਆਂ ਤੇ ਅਧਿਆਪਕ ਜਥੇਬੰਦੀਆਂ ਦੇ ਸੁਝਾਅ ਲੈ ਕੇ ਆਪਣੀ ਸਿੱਖਿਆ ਨੀਤੀ ਤਿਆਰ ਕਰਨ ਸੰਬੰਧੀ ਪੰਜਾਬ ਕੈਬਨਿਟ ਵੱਲੋਂ 5 ਸਤੰਬਰ 2024 ਨੂੰ ਕੀਤਾ ਫੈਸਲਾ ਲਾਗੂ ਕਰਨ ਦੀ ਮੰਗ ਕੀਤੀ ਗਈ।
ਜਿਕਰਯੋਗ ਹੈ ਕਿ ਬੀਤੇ ਕੱਲ੍ਹ ਸੁਨਾਮ ਦੇ ਵਿੱਚ ਡੈਮੋਕਰੇਟਿਕ ਟੀਚਰਜ਼ ਫਰੰਟ ਦੀ ਅਗਵਾਈ ਵਿੱਚ ਸੈਂਕੜੇ ਅਧਿਆਪਕਾਂ ਵੱਲੋਂ ਅਮਨ ਅਰੋੜਾ ਦੀ ਰਿਹਾਇਸ਼ ਦੇ ਅੱਗੇ ਇਹਨਾਂ ਸਾਰੇ ਮਾਮਲਿਆਂ ਨੂੰ ਲੈ ਕੇ ਇੱਕ ਵੱਡਾ ਰੋਸ ਮੁਜ਼ਾਹਰਾ ਕੀਤਾ ਗਿਆ ਸੀ, ਜਿਸ ਉਪਰੰਤ ਅਮਨ ਅਰੋੜਾ ਵੱਲੋਂ ਅਧਿਆਪਕਾਂ ਦੀਆਂ ਉੱਕਤ ਮੰਗਾਂ ਦੇ ਉੱਪਰ ਗੱਲਬਾਤ ਕਰਕੇ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਡੀਟੀਐੱਫ ਦੇ ਸੂਬਾ ਕਮੇਟੀ ਮੈਂਬਰ ਨਿਰਮਲ ਚੁਹਾਣਕੇ ਅਤੇ ਰਾਜਿੰਦਰ ਮੂਲੋਵਾਲ ਤੋਂ ਇਲਾਵਾ ਪੀਟੀਆਈ ਸੰਦੀਪ ਸਿੰਘ ਮਾਨਸਾ, ਡਰਾਇੰਗ ਅਧਿਆਪਕ ਰਘਬੀਰ ਸਿੰਘ ਪਟਿਆਲਾ ਅਤੇ ਕੁਲਵਿੰਦਰ ਸਿੰਘ, ਲੱਖਾ ਸਿੰਘ ਆਦਿ ਹਾਜ਼ਰ ਰਹੇ।