ਚੰਡੀਗੜ 13 ਦਸੰਬਰ (ਖ਼ਬਰ ਖਾਸ ਬਿਊਰੋ )
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾ, ਬੀਬੀ ਸੁਰਿੰਦਰ ਕੌਰ ਦਿਆਲ, ਬੀਬੀ ਹਰਪ੍ਰੀਤ ਕੌਰ ਬਰਨਾਲਾ, ਬੀਬੀ ਹਰਜੀਤ ਕੌਰ ਤਲਵੰਡੀ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਅੱਜ ਸਮੁੱਚੀ ਸਿੱਖ ਕੌਮ ਦਾ ਸਿਰ ਸ਼ਰਮ ਨਾਲ ਝੁਕ ਗਿਆ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਔਰਤ ਜਾਤ ਪ੍ਰਤੀ ਖ਼ਾਸ ਕਰਕੇ ਉਸੇ ਸੰਸਥਾ ਦੇ ਚਾਰ ਵਾਰ ਪ੍ਰਧਾਨ ਰਹੇ ਬੀਬੀ ਜਗੀਰ ਕੌਰ ਬਾਰੇ ਅਜਿਹੇ ਘਟੀਆ ਤੇ ਮੰਦਭਾਗੇ ਸ਼ਬਦ ਬੋਲੇ ਗਏ ਹਨ, ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ।
ਸਿੱਖ ਬੀਬੀਆਂ ਨੇ ਕਿਹਾ ਕਿ ਧਾਮੀ ਨੇ ਬੀਬੀ ਜਗੀਰ ਦਾ ਨਾਮ ਲੈ ਕੇ ਗੰਦੀ ਗਾਲ ਤੱਕ ਕੱਢ ਦਿੱਤੀ ਹੈ। ਇਹ ਉਹਨਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਹੈ। ਜੋ ਉਹਨਾਂ ਦੇ ਅੰਦਰ ਛੱਲ ਕਪਟ ਭਰਿਆ ਹੈ ਉਹ ਅੱਜ ਉਹਨਾਂ ਦੀ ਜ਼ਬਾਨ ‘ਤੇ ਆਇਆ ਹੈ। ਉਨਾਂ ਕਿਹਾ ਕਿ ਠੀਕ ਕਹਿੰਦੇ ਹਨ ਕਿ ਜੈਸੀ ਸੰਗਤ ਵੈਸੀ ਰੰਗਤ, ਅੱਜ ਗੁੰਡਾ ਬਿਰਤੀ ਉਹਨਾਂ ਦਿਮਾਗ ਵਿੱਚ ਭਰ ਚੁੱਕੀ ਹੈ। ਇਸ ਸਾਰੇ ਵਰਤਾਰੇ ਦੀ ਅਸੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੀਆਂ ਹਾਂ। ਅਸੀ ਜਲਦੀ ਮੀਟਿੰਗ ਕਰਕੇ ਸਮੁੱਚੇ ਪੰਜਾਬ ਦੀਆਂ ਬੀਬੀਆਂ ਨੂੰ ਲਾਮਬੰਦ ਕਰਾਂਗੇ ਤੇ ਅਜਿਹੀ ਸੋਚ ਦਾ ਮੂੰਹ ਤੋੜ ਜਵਾਬ ਦੇਵਾਂਗੀਆਂ।
ਸਿਖ ਬੀਬੀਆਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਣੀ ਵਿੱਚ ਵੀ ਔਰਤ ਨੂੰ ਬਹੁਤ ਉੱਚਾ ਦਰਜਾ ਦਿੱਤਾ ਹੈ ਪਰ ਬਾਦਲਾਂ ਦੇ ਪ੍ਰਭਾਵ ਹੇਠ ਧਾਮੀ ਸਾਹਿਬ ਵਲੋਂ ਸਾਰੀ ਮਰਿਯਾਦਾ ਨੂੰ ਛਿੱਕੇ ਟੰਗਿਆ ਗਿਆ ਹੈ। ਧਾਮੀ ਨੂੰ ਇਹ ਪ੍ਰਗਟਾਵਾ ਕਰਦੇ ਹੋਏ ਇਹ ਸੋਚ ਵਿਚਾਰ ਕਰਨਾ ਚਾਹੀਦਾ ਸੀ ਕਿ ਉਹ ਇਕ ਸਿੱਖਾਂ ਦੀ ਵੱਡੀ ਧਾਰਮਿਕ ਸੰਸਥਾਂ ਦੇ ਪ੍ਰਧਾਨ ਹਨ।