ਚੰਡੀਗੜ 13 ਦਸੰਬਰ,(ਖ਼ਬਰ ਖਾਸ ਬਿਊਰੋ)
ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਮੈਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ , ਸਾਬਕਾ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰੱਖੜਾ, ਸੁੱਚਾ ਸਿੰਘ ਛੋਟੇਪੁਰ, ਸੁਰਿੰਦਰ ਸਿੰਘ ਭੁਲੇਵਾਲ ਅਤੇ ਸੰਤਾ ਸਿੰਘ ਉਮੈਦਪੁਰ ਨੇ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਅਤੇ ਦਮਦਮਾ ਸਾਹਿਬ ਵਿਖੇ ਆਪਣੀ ਵਧੀਆ ਕਾਰਜਸ਼ੈਲੀ ਨਾਲ ਸੇਵਾ ਨਿਭਾਈ ਹੈ। ਜਿਸ ਤੋਂ ਪੂਰੀ ਸਿੱਖ ਕੌਮ ਸੰਤੁਸ਼ਟ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਕੌਮ ਅਤੇ ਪੰਥਕ ਮਸਲਿਆਂ ਦੀ ਹਮੇਸ਼ਾ ਸਿੰਘ ਸਾਹਿਬਾਨ ਨੇ ਪਹਿਰੇਦਾਰੀ ਕੀਤੀ ਹੈ।
ਆਗੂਆਂ ਨੇ ਕਿਹਾ ਕਿ, ਬਾਦਲ ਦਲ ਦੇ ਕਰੀਬੀਆਂ ਵੱਲੋਂ ਜਥੇਦਾਰ ਸਾਹਿਬ ਦੇ ਕਈ ਸਾਲ ਪੁਰਾਣੇ ਮਸਲੇ ਨੂੰ ਉਛਾਲਣ ਲਈ ਇਕ ਇਨਸਾਨ ਨੂੰ ਲਿਆ ਉਸ ਨੂੰ ਆਪਣੇ ਵਲੋਂ ਪਹਿਲਾਂ ਤੋਂ ਤਿਆਰ ਕੀਤੀ ਸਿਕ੍ਰਿਪਟ ਦੇ ਕੇ ਆਪਣੇ ਮੀਡੀਆ ਕਰਮੀਆਂ ਤੋਂ ਕੂੜ ਪ੍ਰਚਾਰ ਕਰਵਾਇਆ ਜਾ ਰਿਹਾ ਹੈ।ਉਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਕ ਧਾਰਮਿਕ ਸਖਸ਼ੀਅਤ ਤੇ ਇਸ ਤਰਾ ਚਿੱਕੜ ਸੁੱਟ ਕੇ ਉਹ ਸਾਰੀ ਕੌਮ ਨੂੰ ਸਰਮਸ਼ਾਰ ਕਰ ਰਹੇ ਹਨ।
ਆਗੂਆਂ ਨੇ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ, ਸੁਖਬੀਰ ਸਿੰਘ ਬਾਦਲ ਇੱਕ ਪਾਸੇ ਤਾਂ ਇਹ ਦਰਸਾ ਰਹੇ ਹਨ ਕਿ ਓਹਨਾ ਨੇ ਇਕ ਨਿਮਾਣਾ ਸਿੱਖ ਬਣ ਕਿ ਸਾਰੇ ਗੁਨਾਹਾਂ ਨੂੰ ਕਬੂਲ ਕੀਤਾ ਅਤੇ ਉਸ ਦੀ ਸਜਾ ਨੂੰ ਵੀ ਮੰਨ ਲਿਆ ਹੈ। ਉਨਾਂ ਵੱਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ, ਪਰ ਦੂਜੇ ਪਾਸੇ ਇਹ ਜੋ ਸਾਰਾ ਬਿਰਤਾਂਤ ਉਨਾਂ ਵੱਲੋਂ ਸਿਰਜਿਆ ਜਾ ਰਿਹਾ ਹੈ ਉਸ ਤੋਂ ਲੱਗਦਾ ਹੈ ਇਹ ਸਭ ਓਹ ਕ੍ਰੋਧ ਅਤੇ ਬਦਲੇ ਦੀ ਭਾਵਨਾ ਨਾਲ ਕਰ ਰਹੇ ਹਨ, ਜਿਸ ਨਾਲ ਜਥੇਦਾਰ ਸਹਿਬਾਨ ਨੂੰ ਨੀਵਾਂ ਦਿਖਾਇਆ ਜਾ ਸਕੇ। ਪਰ ਉਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਇਸ ਨਾਲ ਜੋ ਇਹ ਕਰਵਾ ਰਹੇ ਹਨ ਉਨਾਂ ਦਾ ਭਲਾ ਨਹੀਂ ਹੋਣਾ ਅਤੇ ਨਾ ਹੀ ਪੰਥ ਦੀਆਂ ਕਦਰਾਂ ਕੀਮਤਾਂ ਇਹ ਦਰਸਾਉਂਦੀਆਂ ਹਨ। ਇਹ ਸਿੱਖੀ ਸੋਚ ਦੇ ਵੀ ਉਲਟ ਹੈ।
ਆਗੂਆਂ ਨੇ ਕਿਹਾ ਕਿ ਸਾਰੇ ਫੈਸਲੇ ਸਿੱਖ ਪ੍ਰੰਪਰਾ ਅਤੇ ਮਰਿਆਦਾ ਅਨੁਸਾਰ ਹੋਏ ਹਨ ਅਤੇ ਇਹ ਸਾਰੇ ਫੈਸਲੇ ਸਾਰੇ ਜਥੇਦਾਰ ਸਹਿਬਾਨਾਂ ਦੀ ਸਹਿਮਤੀ ਨਾਲ ਹੋਏ ਹਨ। ਪਰ ਜਿਸ ਤਰਾ ਦਾ ਹੁਣ ਬਿਰਤਾਂਤ ਸਿਰਜਿਆ ਜਾ ਰਿਹਾ ਓਹ ਸਿੱਖ ਕੌਮ ਨੂੰ ਹਨੇਰੇ ਵੱਲ ਧੱਕਣ ਦੀ ਕੋਸ਼ਿਸ਼ ਹੈ।