ਚੰਡੀਗੜ੍ਹ 13 ਦਸੰਬਰ (ਖ਼ਬਰ ਖਾਸ ਬਿਊਰੋ)
ਪੰਜਾਬ ਅਤੇ ਕੇਂਦਰ ਸਰਕਾਰ ਦਰਮਿਆਨ ਆਮ ਆਦਮੀ ਕਲੀਨਿਕ ਦੇ ਮੁਹਾਂਦਰੇ ਨੂੰ ਚੱਲ ਰਿਹਾ ਰੇੜਕਾ ਖ਼ਤਮ ਹੋ ਗਿਆ। ਆਮ ਆਦਮੀ ਕਲੀਨਿਕਾ ਦਾ ਨਾਮ ਬਦਲਣ ਤੋਂ ਬਾਅਦ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ 1250 ਕਰੋੜ ਰੁਪਏ ਦੀ ਗਰਾਂਟ ਦੇ ਦਿੱਤੀ ਹੈ। ਪੰਜਾਬ ਦੇ ਖ਼ਜ਼ਾਨੇ ਵਿਚ 1250 ਕਰੋੜ ਰੁਪਏ ਆਉਣ ਨਾਲ ਖ਼ਜਾਨੇ ਨੂੰ ਸਾਹ ਆਇਆ ਹੈ।ਸੂਬਾ ਸਰਕਾਰ ਖਾਸਕਰਕੇ ਵਿਤ ਵਿਭਾਗ ਬਾਗੋਬਾਗ ਹੈ, ਕਿਉਂਕਿ ਸੂਬਾ ਸਰਕਾਰ ਬਹੁਤ ਸਾਰੇ ਵਿੱਤੀ ਸੰਕਟਾਂ ਨਾਲ ਜੂਝ ਰਹੀ ਹੈ।
ਇੱਥੇ ਦੱਸਿਆ ਜਾਂਦਾ ਹੈ ਕਿ ਕੇਂਦਰੀ ਸਹਾਇਤਾ ਰਾਸ਼ੀ ਦੇ ਸਹਿਯੋਗ ਨਾਲ ਚੱਲਣ ਵਾਲੀਆਂ ਸਕੀਮਾਂ, ਕਲੀਨਿਕਾਂ ਦਾ ਪੈਸਾ ਸੂਬਾ ਸਰਕਾਰ ਆਮ ਆਦਮੀ ਕਲੀਨਿਕਾਂ ਤੇ ਖਰਚ ਕਰ ਰਹੀ ਸੀ, ਕੇਂਦਰ ਸਰਕਾਰ ਨੂੰ ਇਸ ਉਤੇ ਇਤਰਾਜ਼ ਸੀ। ਕੇਂਦਰ ਨੇ ਪੰਜਾਬ ਸਰਕਾਰ ਨੂੰ ਆਮ ਆਦਮੀ ਕਲੀਨਿਕਾ ਦਾ ਨਾਮ ਅਤੇ ਡਿਜ਼ਾਇਨ ਬਦਲਣ ਲਈ ਕਿਹਾ ਪਰ ਸੂਬਾ ਸਰਕਾਰ ਨੇ ਬਦਲਾਅ ਨਹੀਂ ਕੀਤਾ। ਜਿਸ ਕਰਕੇ ਕੇਂਦਰ ਸਰਕਾਰ ਨੇ ਇਹ ਰਾਸ਼ੀ ਰੋਕ ਲਈ ਸੀ।
ਹੁਣ ਕੇਂਦਰ ਸਰਕਾਰ ਨੇ ਰੋਕੀ ਗਈ 1250 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ, ਕਿਉਂਕਿ ਸੂਬਾ ਸਰਕਾਰ ਨੇ ਕੇਂਦਰੀ ਸਹਾਇਤਾ ਨਾਲ ਚੱਲਣ ਵਾਲੀਆਂ 450 ਤੋਂ ਵੱਧ ਕਲੀਨਿਕਾ ਦਾ ਨਾਮ ਤੇ ਮੂੰਹ ਮੱਥਾ ਬਦਲ ਦਿੱਤਾ ਹੈ। ਰੇੜਕਾ ਪੈਣ ਕਾਰਨ ਕੇਂਦਰ ਸਰਕਾਰ ਨੇ ਪਿਛਲੇ ਸਾਲ ਇਸ ਵਿਸ਼ੇਸ਼ ਵਿੱਤੀ ਸਹਾਇਤਾ ਦੇ 1100 ਕਰੋੜ ਰੁਪਏ ਵਿੱਚੋਂ ਪੰਜਾਬ ਨੂੰ ਇੱਕ ਵੀ ਪੈਸਾ ਨਹੀਂ ਦਿੱਤਾ ਸੀ। ਇਸ ਤੋਂ ਇਲਾਵਾ ਮੁਹੱਲਾ ਕਲੀਨਿਕਾਂ ਦੇ ਡਿਜ਼ਾਇਨ ਵਿੱਚ ਬਦਲਾਅ ਕਾਰਨ ਨੈਸ਼ਨਲ ਹੈਲਥ ਮਿਸ਼ਨ ਦੇ 650 ਕਰੋੜ ਰੁਪਏ ਵੀ ਨਹੀਂ ਮਿਲੇ ਸਨ।
ਹੁਣ ਪੰਜਾਬ ਨੂੰ ਵਿੱਤੀ ਸਾਲ ਦੇ 1650 ਕਰੋੜ ਰੁਪਏ ਦੇ ਬਜਟ ਵਿੱਚੋਂ 1250 ਕਰੋੜ ਰੁਪਏ ਵਿਸ਼ੇਸ਼ ਪੂੰਜੀ ਸਹਾਇਤਾ ਦੇ ਰੂਪ ਵਿੱਚ ਪ੍ਰਾਪਤ ਹੋਏ ਹਨ। ਜਦਕਿ 400 ਕਰੋੜ ਰੁਪਏ ਅਜੇ ਬਕਾਇਆ ਹਨ। ਅਜੇ ਡੇਢ ਤਿਮਾਹੀ ਬਾਕੀ ਹੈ, ਇਸ ਲਈ ਸਰਕਾਰ 1250 ਕਰੋੜ ਰੁਪਏ ਦੇ ਜਾਰੀ ਹੋਣ ਨੂੰ ਵੱਡੀ ਪ੍ਰਾਪਤੀ ਮੰਨ ਰਹੀ ਹੈ।
ਪਿਛਲੇ ਸਾਲ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਇਹਨਾਂ ਕਲੀਨਿਕਾਂ ਉਤੇ ਲਗਾਉਣ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਪੰਜਾਬ ਸਰਕਾਰ ਨੇ ਮੁੱਖ ਮੰਤਰੀ ਦੀ ਫੋਟੋ ਉਤਾਰਨ ਅਤੇ ਨਾਮ ਬਦਲਣ ਤੋਂ ਮਨਾ ਕਰ ਦਿੱਤਾ ਸੀ। ਸੂਬਾ ਸਰਕਾਰ ਨੇ ਇਹ ਵੀ ਐਲਾਨ ਕੀਤਾ ਸੀ ਕਿ ਸੂਬਾ ਸਰਕਾਰ ਕੋਲ ਬਹੁਤ ਫੰਡ ਹੈ, ਖ਼ਜਾਨਾ ਭਰਿਆ ਹੋਇਾ ਹੈ ਅਤੇ ਇਹ ਮੁਹੱਲਾ ਕਲੀਨਿਕ ਆਪਣੇ ਫੰਡਾਂ ਨਾਲ ਚਲਾਏਗੀ। ਕੇਂਦਰ ਸਰਕਾਰ ਨੇ ਦਬਾਅ ਪਾਉਣ ਲਈ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੋਕ ਦਿੱਤਾ ਅਤੇ 1100 ਕਰੋੜ ਰੁਪਏ ਦੀ ਵਿਸ਼ੇਸ਼ ਪੂੰਜੀ ਸਹਾਇਤਾ ਵੀ ਰੋਕ ਦਿੱਤੀ, ਇਹ ਰਾਸ਼ੀ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ ਬੁਨਿਆਦੀ ਢਾਂਚਾ ਬਣਾਉਣ ਲਈ ਦਿੱਤੀ ਜਾਂਦੀ ਹੈ। ਇਹ ਪੈਸਾ ਇਮਾਰਤਾਂ ਬਣਾਉਣ, ਵੱਖ-ਵੱਖ ਵਿਭਾਗਾਂ ਵਿੱਚ ਮਸ਼ੀਨਰੀ, ਬਾਜ਼ਾਰਾਂ ਵਿੱਚ ਕੋਲਡ ਸਟੋਰ ਆਦਿ ’ਤੇ ਖਰਚ ਕੀਤਾ ਜਾ ਸਕਦਾ ਹੈ।
ਸਰਕਾਰ ਨੂੰ ਉਮੀਦ ਹੈ ਕਿ ਇਹ ਰਾਸ਼ੀ ਮਿਲਣ ਨਾਲ ਵੱਖ-ਵੱਖ ਵਿਭਾਗਾਂ ਦੇ ਚੱਲ ਰਹੇ ਰੁਪਏ ਦੇ ਪ੍ਰੋਜੈਕਟਾਂ ਵਿੱਚ ਤੇਜ਼ੀ ਆਵੇਗੀ। ਕੇਂਦਰ ਸਰਕਾਰ ਕੋਲ ਦਸ ਹਜ਼ਾਰ ਕਰੋੜ ਤੋਂ ਵੱਧ ਦੀ ਰਾਸ਼ੀ ਬਕਾਇਆ ਸੀ। ਪਿਛਲੇ ਮਹੀਨੇ ਹੀ ਪੰਜਾਬ ਨੂੰ ਨੈਸ਼ਨਲ ਹੈਲਥ ਮਿਸ਼ਨ ਤਹਿਤ 164 ਅਤੇ 172 ਕਰੋੜ ਰੁਪਏ ਦੀਆਂ ਦੋ ਵੱਖ-ਵੱਖ ਕਿਸ਼ਤਾਂ ਮਿਲੀਆਂ ਸਨ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸਮਗਰ ਸਿੱਖਿਆ ਅਭਿਆਨ ਦੀਆਂ 312 ਕਰੋੜ ਰੁਪਏ ਦੀਆਂ ਦੋ ਤਿਮਾਹੀ ਕਿਸ਼ਤਾਂ ਵੀ ਜਾਰੀ ਕੀਤੀਆਂ ਸਨ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਸ਼੍ਰੀ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਸਹਿਮਤੀ ਦੇਣ ਲਈ ਰਾਜ ਸਰਕਾਰ ਲਈ 274 ਕਰੋੜ ਰੁਪਏ ਪ੍ਰਾਪਤ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ। ਪੰਜਾਬ ਨੇ ਅਜਿਹੇ 233 ਸਕੂਲਾਂ ਦੀ ਪਛਾਣ ਕਰਕੇ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਹੈ।