ਚੰਡੀਗੜ੍ਹ 12 ਦਸੰਬਰ (ਖ਼ਬਰ ਖਾਸ ਬਿਊਰੋ)
ਨਿਗਮ ਤੇ ਨਗਰ ਕੌਂਸਲ ਚੋਣਾਂ ਵਿਚ ਆਪ ਵਿਰੋਧੀਆਂ ਨੂੰ ਨਾਮਜ਼ਦਗੀ ਕਰਨ ਤੋ ਰੋਕਣ ਲਈ ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਨਿੰਦਾ ਕਰਦੇ ਹੋਏ ਕਿਹਾ ਕਿ ਆਪ ਆਗੂਆਂ ਨੇ ਗੁੰਡਾਗਰਦੀ ਦੀ ਅੱਤ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ 2027 ਦੀਆਂ ਚੋਣਾਂ ਵਿੱਚ ਇੱਕ ਵੀ ਸੀਟ ਨਹੀਂ ਮਿਲੇਗੀ। ਬਾਜਵਾ ਨੇ ਕਿਹਾ ਕਿ ਉਹ ਕਿਸੇ ਨਿੱਜੀ ਰੁਝੇਵੇ ਕਾਰਨ ਅੱਜ ਪੰਜਾਬ ਤੋ ਬਾਹਰ ਸਨ, ਪਰ ਉਹਨਾਂ ਨੂੰ ਸੂਚਨਾ ਮਿਲੀ ਕਿ ਪਟਿਆਲਾ ਅਤੇ ਜੀਰਾ ਵਿਚ ਪੰਜਾਬ ਪੁਲਿਸ ਦੀ ਮਿਲੀਭੁਗਤ ਨਾਲ ਆਪ ਦੇ ਗੁੰਡਿਆਂ ਨੇ ਲੋਕਾਂ ਦਾ ਚੋਣ ਲੜਨ ਦਾ ਅਧਿਕਾਰ ਵੀ ਖੋਹ ਲਿਆ। ਲੋਕਤੰਤਰ ਵਿਚ ਚੋਣਾਂ ਲੜਨਾ ਲੋਕਾਂ ਦਾ ਅਧਿਕਾਰ ਹੈ।
ਬਾਜਵਾ ਨੇ ਕਿਹਾ, ‘ਆਪ’ ਨੇ ਪੰਚਾਇਤ ਚੋਣਾਂ ਵੀ ਜੋ ਗੁੰਡਾਗਰਦੀ ਕੀਤੀ ਸੀ, ਉਹੀ ਕੌਂਸਲ ਚੋਣਾਂ ਵਿਚ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ 13 ਸੀਟਾਂ ਜਿੱਤਣ ਦਾ ਦਾਅਵਾ ਕਰਦੇ ਰਹੇ ਪਰ ਆਪ 3 ਸੀਟਾਂ ਤੱਕ ਸਿਮਟ ਕੇ ਰਹਿ ਗਈ। ਵਿਧਾਨ ਸਭਾ ਵਿੱਚ 42 ਪ੍ਰਤੀਸ਼ਤ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਸਨ ਪਰ ਲੋਕ ਸਭਾ ਵਿੱਚ 26 ਪ੍ਰਤੀਸ਼ਤ ਵੋਟ ਸ਼ੇਅਰ ਤੱਕ ਸੀਮਤ ਰਹਿ ਗਿਆ।
ਬਾਜਵਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਆਪ ਨੂੰ ਇੱਕ ਵੀ ਸੀਟ ਨਹੀਂ ਮਿਲੇਗੀ। ਕਿਉਂਕਿ ਆਮ ਆਦਮੀ ਪਾਰਟੀ ਨਵੀਂ ਸੋਚ, ਨਵੀਂ ਤਬਦੀਲੀ ਅਤੇ ਸਾਫ਼ ਸੁਥਰੀ ਰਾਜਨੀਤੀ ਦਾ ਨਾਅਰਾ ਲੈ ਕੇ ਸਰਕਾਰ ਵਿੱਚ ਆਈ ਸੀ। ਜਦੋਂ ਕਿ ਅੱਜ ਆਪ ਨੇ ਗੁੰਡਾਗਰਦੀ ਦੀ ਅਤਿ ਕਰ ਦਿੱਤੀ। ਪੁਲਿਸ ਦੀ ਤਾਕਤ ਨਾਲ ਨਾਮਜ਼ਦਗੀ ਦਾਖਲ ਕਰਨ ਜਾ ਰਹੇ ਉਮੀਦਵਾਰਾਂ ਨੂੰ ਰੋਕ ਕੇ ਕਾਗਜ਼ ਖੋਹੇ ਜਾ ਰਹੇ ਹਨ, ਉਨ੍ਹਾਂ ਦੀਆਂ ਨਾਮਜ਼ਦਗੀ ਪੇਪਰ ਪਾੜੇ ਜਾ ਰਹੇ ਹਨ। ਇਥੋ ਤੱਕ ਕਿ ਔਰਤਾਂ ‘ਤੇ ਵੀ ਤਸ਼ੱਦਦ ਕੀਤਾ ਜਾ ਰਿਹਾ ਹੈ।