ਚੰਡੀਗੜ੍ਹ ਵਿਖੇ ਹੋਵੇਗੀ ਆਲਮੀ ਪੰਜਾਬੀ ਕਾਨਫਰੰਸ, ਪਾਕਿਸਤਾਨ ਸਮੇਤ ਦੂਜੇ ਦੇਸ਼ਾਂ ਤੋਂ ਆਉਣਗੇ ਪੰਜਾਬੀ ਸ਼ਾਇਰ

ਚੰਡੀਗੜ੍ਹ 11 ਦਸੰਬਰ (ਖ਼ਬਰ ਖਾਸ ਬਿਊਰੋ)

ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੀ ਮੇਜ਼ਬਾਨੀ ਹੇਠ ਹੋਣ ਵਾਲੀ ਆਲਮੀ ਪੰਜਾਬੀ ਕਾਨਫਰੰਸ ਦੀਆਂ ਤਰੀਕਾਂ ਦਾ ਐਲਾਨ ਅਤੇ ਹੋਰ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਸਭਾ ਦੀ ਹੋਈ ਕਾਰਜਕਾਰਨੀ ਦੀ ਇਕੱਤਰਤਾ ਵਿੱਚ ਕੀਤਾ ਗਿਆ।

ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ ਦੀ ਅਗਵਾਈ ਵਿਚ ਹੋਈ  ਇਸ ਇਕੱਤਰਤਾ ਵਿੱਚ ਜਰਨਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਦਫਤਰ ਸਕੱਤਰ ਦੀਪ ਦੇਵਿੰਦਰ ਸਿੰਘ ਵਲੋਂ ਪੇਸ਼ ਏਜੰਡਿਆਂ ਦੀ ਰੌਸ਼ਨੀ ਵਿੱਚ ਸਭਾ ਵਲੋਂ ਕਰਵਾਈ ਜਾਣ ਵਾਲੀ ਤਿੰਨ ਰੋਜ਼ਾ ਆਲਮੀ ਪੰਜਾਬੀ ਕਾਨਫਰੰਸ ਮਿਤੀ 7, 8 ਅਤੇ 9 ਮਾਰਚ 2025 ਨੂੰ ਕਰਵਾਏ ਜਾਣ ਦਾ ਫੈਸਲਾ ਕੀਤਾ ਗਿਆ। ਕਾਨਫਰੰਸ  ਦਾ ਆਗਾਜ਼ ਸਆਦਤ ਹਸਨ ਮੰਟੋ, ਲਾਲ ਸਿੰਘ ਦਿਲ, ਗੁਲਜ਼ਾਰ ਮੁਹੰਮਦ ਗੌਰੀਆ, ਸੁਖਜੀਤ ਅਤੇ ਮਾਸਟਰ  ਤਰਲੋਚਨ ਵਰਗੇ ਵੱਡੇ ਸਾਹਿਤਕਾਰਾਂ ਦੀ ਕਰਮ ਭੂਮੀ ਸਮਰਾਲਾ ਵਿਖੇ 7 ਮਾਰਚ ਨੂੰ ਹੋਵੇਗਾ ਅਤੇ ਅਗਲੇ ਦੋ ਦਿਨ ਇਹ ਕਾਨਫਰੰਸ ਚੰਡੀਗੜ੍ਹ ਵਿਖੇ ਹੋਵੇਗੀ ਜਿਸ ਵਿੱਚ ਪਾਕਿਸਤਾਨ ਸਮੇਤ ਵਖ ਵਖ ਮੁਲਕਾਂ ਤੋਂ ਪੰਜਾਬੀ ਅਦੀਬ ਹਿੱਸਾ ਲੈਣਗੇ।

ਹੋਰ ਪੜ੍ਹੋ 👉  ਪੰਜੇ ਨੇ ਝਾੜੂ ਖਿਲਾਰਿਆ, ਪਿੰਕੀ ਕੌਰ 368 ਵੋਟਾਂ ਦੇ ਅੰਤਰ ਨਾਲ ਜੈਤੂ

ਸਭਾ ਵਲੋਂ ਪਹਿਲਾਂ ਦਿੱਤੇ ਜਾਣ ਵਾਲੇ ਪੁਰਸਕਾਰ ਗਿਆਨੀ ਹੀਰਾ ਸਿੰਘ ਦਰਦ ਜਥੇਬੰਦਕ ਪੁਰਸਕਾਰ, ਡਾ. ਰਵੀ ਰਵਿੰਦਰ ਅਲੋਚਨਾ ਪੁਰਸਕਾਰ ਅਤੇ ਡਾ. ਐਸ. ਤਰਸੇਮ ਸਾਹਿਤ ਸਾਧਨਾ ਪੁਰਸਕਾਰ ਤੋਂ ਇਲਾਵਾ ਹਰਭਜਨ ਸਿੰਘ ਹੁੰਦਲ ਕਾਵਿ ਪੁਰਸਕਾਰ ਸ਼ੁਰੂ ਕਰਨ ਦਾ ਫੈਸਲਾ ਵੀ ਕੀਤਾ ਗਿਆ। ਇਹ ਪੁਰਸਕਾਰ ਸਭਾ ਵਲੋਂ 23 ਫਰਵਰੀ 2025 ਨੂੰ ਕਰਵਾਏ ਜਾਣ ਵਾਲੇ ਡੇੜ੍ਹ ਸਾਲਾ ਜਰਨਲ ਇਜਲਾਸ ਮੌਕੇ ਦਿੱਤੇ ਜਾਣਗੇ।

ਕੇਂਦਰੀ ਸਭਾ ਦੇ ਅਹੁਦੇਦਾਰ ਸੁਰਿੰਦਰਪ੍ਰੀਤ ਘਣੀਆਂ,ਸ਼ੈਲਿੰਦਰਜੀਤ ਰਾਜਨ, ਦਲਜੀਤ ਸਿੰਘ ਸ਼ਾਹੀ, ਬਲਵਿੰਦਰ ਸੰਧੂ, ਮੂਲ ਚੰਦ ਸ਼ਰਮਾ, ਮਖਣ ਕੁਹਾੜ, ਡਾ. ਛਿੰਦਰਪਾਲ, ਯਤਿੰਦਰ ਕੌਰ ਮਾਹਲ,  ਜਸਵੀਰ ਰਾਣਾ, ਐਸ. ਨਸੀਮ, ਦੀਪਕ ਸ਼ਰਮਾ ਚਨਾਰਥਲ, ਮਨਜਿੰਦਰ ਧਨੋਆ, ਡਾ. ਦਵਿੰਦਰ ਸੈਫੀ , ਗੁਰਮੀਤ ਬਾਜਵਾ, ਮਨਜੀਤ ਸਿੰਘ ਵਸੀ, ਡਾ. ਲੇਖ ਰਾਜ  ਅਤੇ ਹੋਰ ਕਾਰਜਕਾਰਨੀ ਮੈਂਬਰਾਂ ਵਲੋਂ ਕਾਨਫਰੰਸ ਦੀ ਕਾਮਯਾਬੀ ਲਈ ਸਹਿਯੋਗ ਦੀ ਹਾਮੀ ਭਰੀ।

ਹੋਰ ਪੜ੍ਹੋ 👉  10 ਕਿਲੋ ਹੈਰੋਇਨ ਸਮੇਤ ਦੋ ਪੇਸ਼ੇਵਰ ਨਸ਼ਾ ਤਸਕਰ ਕਾਬੂ

Leave a Reply

Your email address will not be published. Required fields are marked *