ਐਸੋਸੀਏਸ਼ਨ ਵੱਲੋਂ ਸਰਕਾਰ ਨੂੰ ਵੈਕਸੀਨੇਸਨ ਦੌਰਾਨ ਪੇਸ਼ ਆ ਸਮੱਸਿਆਵਾਂ ਸਮਝਣ ਦੀ ਅਪੀਲ
ਗੁਰਦਾਸਪੁਰ 25 ਅਪ੍ਰੈਲ ( ਮਹਾਜ਼ਨ)
ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੀ ਸੂਬਾ ਇਕਾਈ ਅਹੁਦੇਦਾਰਾਂ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਪਸ਼ੂ ਦੀ ਵੈਕਸੀਨੇਸਨ ਦੌਰਾਨ ਵਿਭਾਗੀ ਸਟਾਫ ਨੂੰ ਪੇਸ਼ ਆ ਰਹੀਆਂ ਦਿੱਕਤਾਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇ।ਇਸ ਸਬੰਧੀ ਸੂਬਾ ਪ੍ਰਧਾਨ ਦਲਜੀਤ ਸਿੰਘ ਚਾਹਲ ਸੀਨੀਅਰ ਮੀਤ ਪ੍ਰਧਾਨ ਅਜਾਇਬ ਸਿੰਘ ਕੇ ਪੀ ਅਤੇ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨਾਭਾ, ਅਤੇ ਸੂਬਾ ਪਰੈਸ ਸਲਾਹਕਾਰ ਕਿਸ਼ਨ ਚੰਦਰ ਮਹਾਜਨ ਨੇ ਕਿਹਾ ਕੇ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਦੇ ਕੁਝ ਹਿੱਸਿਆਂ ਦੇ ਪਸ਼ੂ ਪਾਲਕ ਕੁਝ ਬਿਮਾਰੀ ਨਾਲ ਜੂਝ ਰਹੇ ਹਨ।ਇਨਾਂ ਬਿਮਾਰੀਆਂ ਦੀ ਰੋਕਥਾਮ ਲਈ ਸਰਕਾਰ ਵੱਲੋਂ ਜੰਗੀ ਪੱਧਰ ਤੇ ਵੈਕਸੀਨੇਸਨ ਮੁਹਿੰਮ ਵਿੱਢੀ ਹੋਈ ਹੈ।ਇਸ ਵੈਕਸੀਨੇਸਨ ਮੁਹਿੰਮ ਦੇ ਤਹਿਤ ਪਸ਼ੂ ਪਾਲਣ ਵਿਭਾਗ ਦੇ ਵੈਟਨਰੀ ਡਾਕਟਰਾਂ ਅਤੇ ਵੈਟਨਰੀ ਇੰਸਪੈਕਟਰਾਂ ਨੂੰ ਰੋਜਾਨਾ ਵੈਕਸੀਨੇਟ ਕੀਤੇ ਪਸ਼ੂਆਂ ਦਾ ਟੀਚਾ ਦਿੱਤਾ ਗਿਆ ਹੈ। ਜੋ ਕੇ ਇਕ ਵਧੀਆ ਉਪਰਾਲਾ ਹੈ।ਇਸ ਤਰਾਂ ਅਧਿਕਾਰੀਆਂ ਉਪਰ ਵੈਕਸੀਨੇਸਨ ਦਾ ਕੰਮ ਜਿੰਮੇਵਾਰੀ ਪਾਉਣ ਨਾਲ ਫੀਲਡ ਵਿਚ ਵੈਕਸੀਨੇਸਨ ਦਾ ਕੰਮ ਵਧੇਰੇ ਸੁਚੱਜੇ ਨਾਲ ਚੱਲ ਰਿਹਾ ਹੈ ਅਤੇ ਸਹੀ ਅਰਥਾਂ ਵਿਚ ਗਰਾਊਂਡ ਲੈਵਲ ਤੇ ਸੁਪਰਵਿਜਨ ਹੋ ਰਹੀ ਹੈ।ਇਸ ਤਰੀਕੇ ਕੰਮ ਕਰਨ ਨਾਲ ਫੀਲਡ ਸਟਾਫ ਤੇ ਕੰਮ ਦਾ ਬੋਝ ਵੀ ਬਰਾਬਰ ਵੰਡਿਆ ਗਿਆ ਹੈ। ਇਸ ਕਦਮ ਦੀ ਪੰਜਾਬ ਭਰ ਦੇ ਵੈਟਨਰੀ ਇੰਸਪੈਕਟਰ ਸ਼ਲਾਘਾ ਕਰਦੇ ਹਨ
ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕੇ ਪਸ਼ੂ ਪਾਲਣ ਵਿਭਾਗ ਦਾ ਵੈਟਨਰੀ ਇੰਸਪੈਕਟਰ ਕੇਡਰ ਪਸ਼ੂਧਨ ਦੀ ਜਿੰਮੇਵਾਰੀ ਸਮਝਦਾ ਹੋਇਆ ਪੂਰੀ ਦਰਿੜਤਾ ਨਾਲ ਆਪਣੀ ਵਿਭਾਗੀ ਜਿੰਮੇਵਾਰੀ ਤੇ ਪਹਿਰਾ ਦੇ ਰਿਹਾ ਹੈ।ਇਸ ਜਿੰਮੇਵਾਰੀ ਨੂੰ ਸੰਜੀਦਗੀ ਨਾਲ ਨਿਭਾਉਦਿਆਂ ਕੁਝ ਵਿਹਾਰਕ ਮੁਸ਼ਕਿਲਾਂ ਹਨ ਜਿਨਾਂ ਦਾ ਹੱਲ ਸਬੰਧੀ ਵੀ ਸਰਕਾਰ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।ਇਸ ਸਬੰਧੀ ਪਹਿਲੀ ਮੁਸ਼ਕਿਲ ਇਹ ਹੈ ਕੇ ਪਸ਼ੂ ਧਨ ਵਿਚ ਵੈਕਸੀਨੇਸਨ ਲਈ ਸਿਫਾਰਸ਼ ਕੀਤੇ ਸਮੇਂ ਅਨੁਸਾਰ ਹੀ ਮੂੰਹ ਖੁਰ, ਗਲਘੋਟੂ ਵੈਕਸੀਨੇਸਨ ਦੀ ਸਪਲਾਈ ਕੀਤੀ ਜਾਵੇ।ਵੈਕਸੀਨੇਸਨ ਮੁਹਿੰਮ ਚਲਾਉਣ ਸਮੇਂ ਪੰਜਾਬ ਦੇ ਮੌਸਮੀ ਹਾਲਤਾਂ ਦਾ ਜਰੂਰ ਧਿਆਨ ਰੱਖਿਆ ਜਾਵੇ,ਕਿਉਂ ਕੇ ਗਰਮੀ ਦੇ ਮੌਸਮ ਕਾਰਨ ਬਹੁਤ ਵਾਰ ਪਸ਼ੂ ਪਾਲਕ ਵੈਕਸੀਨ ਲਗਵਾਉਣ ਤੋਂ ਇਨਕਾਰੀ ਹੁੰਦੇ ਹਨ ਪਰੰਤੂ ਸਰਕਾਰ ਵੈਕਸੀਨ ਦੀ ਸਪਲਾਈ ਪਸ਼ੂ ਧਨ ਗਣਨਾ ਅਨੁਸਾਰ ਕਰਦੀ ਹੈ ਤੇ ਫੀਲਡ ਸਟਾਫ ਤੋਂ ਪੂਰੀ ਵੈਕਸੀਨ ਦੇ ਪੈਸੇ ਵਸੂਲੇ ਜਾਂਦੇ ਹਨ ਤੇ ਜਿਸ ਕਾਰਨ ਇਨਕਾਰੀ ਪਸ਼ੂ ਪਾਲਕਾਂ ਦੀ ਵੈਕਸੀਨ ਦੇ ਪੈਸੇ ਵੈਟਨਰੀ ਇੰਸਪੈਕਟਰ ਕੇਡਰ ਨੂੰ ਆਪਣੀ ਜੇਬ ਚੋਂ ਭਰਨੇ ਪੈਦੇਂ ਹਨ।ਇਸ ਨਾਲ ਫੀਲਡ ਕਾਮਿਆਂ ਤੇ ਵਿੱਤੀ ਬੋਝ ਬਣਦਾ ਹੈ। ਇਸ ਲਈ ਸੌ ਪਰਸੈਂਟ ਵੈਕਸੀਨ ਦੀ ਸਪਲਾਈ ਵਿਹਾਰਕ ਨਹੀ ਹੈ।
ਦੂਸਰੀ ਮੁਸ਼ਕਿਲ ਵੈਕਸੀਨੇਸਨ ਲਈ ਦੂਰ ਦੁਰੇਡੇ ਡਿਊਟੀ ਲਗਾਉਣ ਅਤੇ ਛੁੱਟੀ ਵਾਲੇ ਦਿਨ ਵੈਕਸੀਨ ਲਗਵਾਉਣ ਦੀ ਹੈ।ਛੁੱਟੀ ਵਾਲੇ ਦਿਨ ਵੈਕਸੀਨੇਸਨ ਡਿਊਟੀ ਇਕ ਜਬਰੀ ਡਿਊਟੀ ਹੈ।ਹਫਤਾਵਾਰੀ ਛੁਟੀ ਨਾ ਮਿਲਣ ਕਰਕੇ ਵੈਟਨਰੀ ਇੰਸਪੈਕਟਰ ਕੇਡਰ ਵਧੀਕੀ ਮਹਿਸੂਸ ਕਰਦਾ ਹੈ ਅਤੇ ਇਸੇ ਤਰਾਂ ਵੈਕਸੀਨੇਸਨ ਮੁਹਿੰਮ ਦੌਰਾਨ ਜਰੂਰੀ ਕੰਮ ਲਈ ਅਚਨਚੇਤ ਛੁਟੀਆਂ ਬੰਦ ਕਰਨਾ ਵੀ ਵੱਡੀ ਬੇਇਨਸਾਫੀ ਹੈ।ਇਸ ਨਾਲ ਪਰਿਵਾਰਕ ਜਿੰਮੇਵਾਰੀਆਂ ਨਿਭਾਉਣ ਲਈ ਵੱਡਾ ਤਣਾਅ ਪੈਦਾ ਹੁੰਦਾ ਹੈ।
ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਆਗੂਆਂ ਨੇ ਪਸ਼ੂ ਪਾਲਣ ਮੰਤਰੀ ਜੀ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਪੰਜਾਬ ਭਰ ਦੇ ਵੈਟਨਰੀ ਇੰਸਪੈਕਟਰ ਆਪਣੀਆਂ ਵਿਭਾਗੀ ਜਿੰਮੇਵਾਰੀਆਂ ਪੂਰੀ ਲਗਨ ਅਤੇ ਦ੍ਰਿੜਤਾ ਨਾਲ ਨਿਭਾ ਰਹੇ ਹਨ ਤੇ ਭਵਿੱਖ ਵਿਚ ਵੀ ਨਿਭਾਉਦੇਂ ਰਹਿਣਗੇ।ਪਰੰਤੂ ਇਹਨਾਂ ਹਾਲਤਾਂ ਵਿਚ ਵੈਟਨਰੀ ਇੰਸਪੈਕਟਰ ਕੇਡਰ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਵੈਕਸੀਨੇਸਨ ਦਾ ਕੰਮ ਵੀ ਮੁਕੰਮਲ ਕਰਵਾਇਆ ਜਾਵੇ ਅਤੇ ਪਰੰਤੂ ਫੀਲਡ ਸਟਾਫ ਦੀਆਂ ਜਰੂਰੀ ਮੁਸ਼ਕਿਲਾਂ ਦਾ ਵੀ ਯੋਗ ਹੱਲ ਕੱਢਿਆ ਜਾਵੇ ਤਾਂ ਜੋ ਵੈਟਨਰੀ ਇੰਸਪੈਕਟਰ ਕੇਡਰ ਆਪਣੀ ਵਿਭਾਗੀ ਜਿੰਮੇਵਾਰੀ ਸਹੀ ਢੰਗ ਨਾਲ ਨਿਭਾ ਸਕਣ ਅਤੇ ਪਸ਼ੂ ਧੰਨ ਦੇ ਜਾਨ ਮਾਲ ਦੀ ਰਾਖੀ ਹੋ ਸਕੇ।