ਚੰਡੀਗੜ੍ਹ 10 ਦਸੰਬਰ (ਖ਼ਬਰ ਖਾਸ ਬਿਊਰੋ)
ਔਰਤਾਂ, ਲੜਕੀਆਂ ਨਾਲ ਜਬਰ ਜਨਾਹ ਕਰਨ ਵਾਲੇ ਬਾਬਿਆਂ ਵਿਚ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਪਟਿਆਲਾ ਪੁਲਿਸ ਨੇ ਸੰਤ ਰਣਜੀਤ ਸਿੰਘ ਢੱਡਰੀਆ ਵਾਲੇ ਖਿਲਾਫ਼ ਕਰੀਬ 12 ਸਾਲ ਪੁਰਾਣੇ ਮਾਮਲੇ ਵਿੱਚ ਕਤਲ ਅਤੇ ਬਲਾਤਕਾਰ ਦਾ ਮਾਮਲਾ ਦਰਜ਼ ਕਰ ਲਿਆ ਹੈ। ਪਟਿਆਲਾ ਪੁਲਿਸ ਨੇ ਇਹ ਜਾਣਕਾਰੀ ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਮਾਮਲੇ ਦੀ ਸੁਣਵਾਈ ਦੌਰਾਨ ਦਿੱਤੀ।
ਉਧਰ ਸੰਤ ਰਣਜੀਤ ਸਿੰਘ ਢੱਡਰੀਆ ਵਾਲੇ ਨੇ ਆਪਣੇ ਆਪਨੂੰ ਬੇਗੁਨਾਹ ਦੱਸਦੇ ਹੋਏ। ਜਾਂਚ ਵਿਚ ਪੂਰਨ ਸਹਿਯੋਗ ਦੇਣ ਦੀ ਗੱਲ ਕਹੀ ਹੈ।
ਸਿੱਖ ਪ੍ਰਚਾਰਕ ਤੇ ਸੰਜ ਵਜੋਂ ਜਾਣੇ ਜਾਂਦੇ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਪਟਿਆਲਾ ਤੋ ਬਠਿੰਡਾ ਮਾਰਗ ‘ਤੇ ਇਸ਼ਵਰ ਦੁਆਰ ਦੇ ਨਾਮ ਉਤੇ ਡੇਰਾ ਹੈ। ਪੁਲਿਸ ਨੇ ਸਾਲ 2012 ਵਿੱਚ ਡੇਰੇ ਅੰਦਰ ਇੱਕ ਲੜਕੀ ਨਾਲ ਬਲਾਤਕਾਰ ਕਰਨ ਅਤੇ ਕਤਲ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ।
ਪੁਲਿਸ ਵਲੋਂ ਢੱਡਰੀਆਂ ਵਾਲੇ ਵਿਰੁੱਧ ਪਟਿਆਲਾ ਜ਼ਿਲ੍ਹੇ ਦੇ ਥਾਣਾ ਪਸਿਆਣਾ ਵਿਖੇ ਦਰਜ਼ ਕੀਤੀ ਗਈ FIR ਨੰਬਰ 208 ਦੇ ਅਨੁਸਾਰ ਆਈਪੀਸੀ ਦੀਆਂ ਧਾਰਾਵਾਂ 302 (ਕਤਲ), 376 (ਬਲਾਤਕਾਰ) ਅਤੇ 506 (ਅਪਰਾਧਿਕ ਧਮਕੀ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੇ ਹਾਈਕੋਰਟ ਦੇ ਧਿਆਨ ਵਿਚ ਲਿਆਂਦਾ ਕਿ 12 ਸਾਲ ਪਹਿਲਾਂ ਮਿਲੀ ਸ਼ਿਕਾਇਤ ‘ਤੇ ਕੋਈ ਕਾਰਵਾਈ ਨਾ ਕਰਨ ਲਈ ਤਤਕਾਲੀ ਐਸਐਚਓ ਅਸ਼ੋਕ ਕੁਮਾਰ, ਜੋ ਹੁਣ ਐਸਪੀ ਰੈਂਕ ਦਾ ਅਧਿਕਾਰੀ ਹੈ ਅਤੇ ਤਤਕਾਲੀ ਡੀਐਸਪੀ (ਬਾਅਦ ਵਿੱਚ ਐਸਪੀ ਵਜੋਂ ਸੇਵਾਮੁਕਤ ਹੋਏ) ਸੇਵਾ ਸਿੰਘ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਹਾਈਕੋਰਟ ਵਿਚ ਦਾਇਰ ਕੀਤੇ ਹਲਫ਼ਨਾਮੇ ਰਾਹੀਂ ਦੱਸਿਆ ਕਿ ਪੁਲਿਸ ਨੇ ਢੱਡਰੀਆਂ ਵਾਲੇ ਖਿਲਾਫ਼ ਮੁਕਦਮਾ ਦਰਜ਼ ਕਰ ਲਿਆ ਹੈ।
ਗੌਰਵ ਯਾਦਵ ਨੇ ਕਿਹਾ ਕਿ ਮ੍ਰਿਤਕ ਔਰਤ ਦੀ ਭੈਣ ਵੱਲੋਂ ਰਣਜੀਤ ਸਿੰਘ ਢੱਡਰੀਆਂ ਵਾਲੇ ਵਿਰੁੱਧ ਮਿਲੀ ਸ਼ਿਕਾਇਤ ਨੂੰ ਪੁਲਿਸ ਨੇ ਦਸੰਬਰ 2012 ਵਿੱਚ ਤਤਕਾਲੀ ਐਸਐਸਪੀ ਪਟਿਆਲਾ ਦੀ ਸਿਫ਼ਾਰਸ਼ਾਂ ਅਤੇ ਪ੍ਰਵਾਨਗੀ ‘ਤੋ ਬਾਅਦ ਕੇਸ ਨੂੰ ਦਫ਼ਤਰ ਦਾਖਲ ਕਰ ਦਿੱਤਾ ਸੀ। ਡੀਜੀਪੀ ਨੇ ਹਾਈ ਕੋਰਟ ਵੱਲੋਂ 29 ਨਵੰਬਰ ਨੂੰ ਦਿੱਤੇ ਹੁਕਮਾਂ ਦੇ ਜਵਾਬ ਵਿੱਚ ਹਲਫ਼ਨਾਮਾ ਦਾਇਰ ਕੀਤਾ ਹੈ ਜਿਸ ਵਿੱਚ ਚੀਫ਼ ਜਸਟਿਸ ਸ਼ੀਲ ਨਾਗੂ ਨੇ ਕਿਹਾ ਸੀ ਕਿ ਇਹ ਕੇਸ ‘ਦੁਖਦਾਈ ਸਥਿਤੀ’ ਨੂੰ ਦਰਸਾਉਂਦਾ ਹੈ।
ਚੀਫ਼ ਜਸਟਿਸ ਨੇ ਕਿਹਾ ਕਿ “ਮੌਜੂਦਾ ਮਾਮਲਾ ਇੱਕ ਦੁਖਦਾਈ ਸਥਿਤੀ ਨੂੰ ਦਰਸਾਉਂਦਾ ਹੈ, ਜਿੱਥੇ ਪੁਲਿਸ ਨੇ ਬਲਾਤਕਾਰ ਅਤੇ ਕਤਲ ਦੀ ਘਟਨਾ ਬਾਰੇ 24 ਮਈ, 2012 ਨੂੰ ਸ਼ਿਕਾਇਤਕਰਤਾ ਵੱਲੋਂ ਦਿੱਤੀ ਪਹਿਲੀ ਸੂਚਨਾ ਦੇ ਆਧਾਰ ‘ਤੇ ਮੁਕਦਮਾ ਦਰਜ ਕਰਨ ਦੀ ਬਜਾਏ, ਮੁਲਾਂਕਣ ਨਹੀਂ ਕੀਤਾ। ਜਦਕਿ ਪੁਲਿਸ ਨੂੰ ਸਚਾਈ ਸਾਹਮਣੇ ਲਿਆਉਣ ਲਈ ਜਾਂਚ ਕਰਨੀ ਚਾਹੀਦੀ ਸੀ।
ਹਾਈਕੋਰਟ ਨੇ ਡੀਜੀਪੀ ਪੰਜਾਬ ਨੂੰ ਦੋਸ਼ੀ ਪੁਲਿਸ ਅਧਿਕਾਰੀਆਂ-ਕਰਮਚਾਰੀਆਂ ਵਿਰੁੱਧ ਕੀ ਕਾਰਵਾਈ ਕੀਤੀ ਗਈ ਹੈ ਅਤੇ ਕੀ ਪਹਿਲੀ ਸੂਚਨਾ ਵਿੱਚ ਦੋਸ਼ਾਂ ਦੀ ਸੱਚਾਈ ਦਾ ਮੁਲਾਂਕਣ ਕਰਨ ਲਈ ਮੁਢਲੀ ਜਾਂਚ ਕਰਨ ਦੇ ਰੁਝਾਨ ਨੂੰ ਰੋਕਿਆ ਗਿਆ ਹੈ ਅਤੇ ਕਿਉਂ? ਇਸ ਬਾਰੇ ਦੋਸ਼ੀ ਪੁਲਿਸ ਅਫ਼ਸਰਾਂ ਖਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ।
ਹਾਲਾਂਕਿ, ਪੰਜਾਬ ਦੇ ਡੀਜੀਪੀ ਨੇ ਆਪਣੇ ਵਿਸਤ੍ਰਿਤ ਹਲਫਨਾਮੇ ਵਿੱਚ ਇਹ ਵੀ ਕਿਹਾ ਹੈ ਕਿ ਔਰਤ ਦੀ ਮੌਤ ਤੋਂ ਬਾਅਦ ਉਸਦੀ ਮਾਂ ( ਨਾਮ ਗੁਪਤ ਰੱਖਿਆ ਜਾਂਦਾ ਹੈ) ਨੇ ਕੋਈ ਸ਼ੱਕ ਨਹੀਂ ਕੀਤਾ ਸੀ। ਜਾਂਚ ਦੀ ਕਾਰਵਾਈ ਦੌਰਾਨ ਮ੍ਰਿਤਕ ਦੇ ਭਰਾ ਅਤੇ ਉਸਦੇ ਜੀਜਾ ਨੇ ਬਿਆਨ ਦਿੱਤੇ ਕਿ ਮ੍ਰਿਤਕ ਦੀ ਮੌਤ ਕੋਈ ਜ਼ਹਿਰੀਲੀ ਚੀਜ਼ ਖਾਣ ਕਾਰਨ ਹੋਈ ਹੈ। ਡੀਜੀਪੀ ਨੇ ਇਹ ਵੀ ਕਿਹਾ ਹੈ ਕਿ ਮ੍ਰਿਤਕ ਦੀ ਮਾਂ ਨੇ 8 ਮਈ 2012 ਨੂੰ ਕਾਰਜਕਾਰੀ ਮੈਜਿਸਟਰੇਟ ਦੇ ਸਾਹਮਣੇ ਇੱਕ ਹਲਫਨਾਮਾ ਦਿੱਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਸਦੀ ਧੀ ਦੀ ਮੌਤ ਵਿੱਚ ਕੁੱਝ ਗਲਤ ਨਹੀਂ ਹੋਇਆ ।
ਹਾਲਾਂਕਿ ਡੀਜੀਪੀ ਅਨੁਸਾਰ 19 ਜੂਨ 2012 ਤੋਂ 9 ਨਵੰਬਰ 2012 ਤੱਕ ਮ੍ਰਿਤਕ ਦੀ ਭੈਣ (ਨਾਮ ਗੁਪਤ ਹੈ) ਨੇ ਬਾਬਾ ਰਣਜੀਤ ਸਿੰਘ ਢੱਡਰੀਆਂਵਾਲਾ ਖ਼ਿਲਾਫ਼ ਕਾਰਵਾਈ ਕਰਨ ਲਈ ਚਾਰ ਸ਼ਿਕਾਇਤਾਂ ਦਰਜ ਕਰਵਾਈਆਂ ਸਨ। ਤਫ਼ਤੀਸ਼ ਤੋਂ ਬਾਅਦ ਤਤਕਾਲੀ ਐਸਐਸਪੀ ਪਟਿਆਲਾ ਦੀ ਸਿਫ਼ਾਰਸ਼ ਅਤੇ ਮਨਜ਼ੂਰੀ ਤੋਂ ਬਾਅਦ 7 ਦਸੰਬਰ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਪਟਿਆਲਾ ਜ਼ਿਲ੍ਹੇ ਦੇ ਪਿੰਡ ਮਾਜਰੀ ਸਮਾਣਾ ਦੇ ਵਸਨੀਕ ਦੀ ਪਟੀਸ਼ਨ ਦੇ ਮੱਦੇਨਜ਼ਰ ਇਹ ਮਾਮਲਾ ਹਾਈ ਕੋਰਟ ਵਿੱਚ ਪਹੁੰਚਿਆ ਸੀ।
ਇਸ ਮਾਮਲੇ ਵਿੱਚ, ਪਟੀਸ਼ਨਕਰਤਾ ਨੇ ਢੱਡਰੀਆਂਵਾਲੇ ਡੇਰੇ ਦੇ ਅੰਦਰ ਕਥਿਤ ਤੌਰ ‘ਤੇ ਬਲਾਤਕਾਰ ਅਤੇ ਜ਼ਹਿਰ ਦੇ ਕੇ ਲੜਕੀ ਨੂੰ ਮੌਤ ਦੇ ਘਾਟ ਉਤਾਰਨ ਦੇ ਕਾਰਨਾਂ ਦੀ ਨਿਰਪੱਖ ਜਾਂਚ ਕਰਨ ਅਤੇ ਢੱਡਰੀਆ ਵਾਲੇ ਖਿਲਾਫ਼ ਕੇਸ ਦਰਜ਼ ਕਰਨ ਦੀ ਮੰਗ ਕੀਤੀ ਸੀ। ਪਟਿਸ਼ਨਰ ਨੇ ਦਾਅਵਾ ਕੀਤਾ ਕਿ ਪੋਸਟਮਾਰਟਮ ਰਿਪੋਰਟ ਵਿੱਚ ਜ਼ਹਿਰ ਪਾਇਆ ਗਿਆ ਸੀ ਪਰ ਪੁਲੀਸ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ। ਪਟੀਸ਼ਨਕਰਤਾ ਦੀ ਵਕੀਲ ਨਵਨੀਤ ਕੌਰ ਵੜੈਚ ਨੇ ਵੀ ਇਸ ਮਾਮਲੇ ਦੀ ਜਾਂਚ ਸੀਨੀਅਰ ਆਈਪੀਐਸ ਅਧਿਕਾਰੀ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੂੰ ਸੌਂਪਣ ਜਾਂ ਕੇਸ ਸੀਬੀਆਈ ਨੂੰ ਸੌਂਪਣ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ।
ਜਾਂਚ ਵਿਚ ਕਰਾਂਗਾ ਸਹਿਯੋਗ –ਸੰਤ ਰਣਜੀਤ ਸਿੰਘ
ਉਧਰ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕੇਸ ਦਰਜ਼ ਹੋਣ ‘ਤੇ ਕਿਹਾ ਕਿ ਉਹ ਜਾਂਚ ਲਈ ਤਿਆਰ ਹਨ ਅਤੇ ਪੁਲਿਸ ਨੂੰ ਪੂਰਾ ਸਹਿਯੋਗ ਦੇਣਗੇ। ਸੰਤ ਰਣਜੀਤ ਸਿੰਘ ਨੇ ਆਪਣੇ ਬਿਆਨ ਵਿਚ ਕਿਹਾ ਕਿ ਮਾਮਲਾ ਤੇਰਾਂ ਸਾਲ ਪੁਰਾਣਾ ਹੈ ਅਤੇ ਜਾਂਚ ਪਹਿਲਾਂ ਹੋ ਚੁੱਕੀ ਹੈ। ਉਨਾ ਕਿਹਾ ਕਿ ‘‘ਪੁਲਿਸ ਭਾਵੇਂ ਆ ਕੇ ਜਾਂਚ ਕਰੇ ਜਾਂ ਮੈਨੂੰ ਬੁਲਾ ਕੇ ਜਾਂਚ ਕਰੇ ਮੈਂ ਪੂਰਨ ਸਹਿਯੋਗ ਕਰਾਂਗਾ। ਉਹਨਾਂ ਕਿਹਾ ਕਿ ਸਮਾਂ ਲੱਗ ਸਕਦਾ ਹੈ ਪਰ ਸੱਚ ਜਰੂਰ ਸਾਹਮਣੇ ਆਵੇਗਾ। ਉਹਨਾਂ ਸੰਗਤ ਨੂੰ ਜਾਬਤਾ ਵਿਚ ਰਹਿਣ ਦੀ ਅਪੀਲ ਕੀਤੀ ਹੈ।