ਚੰਡੀਗੜ੍ਹ, 10 ਦਸੰਬਰ (ਖ਼ਬਰ ਖਾਸ ਬਿਊਰੋ) ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਐਲਾਨੇ ਗਏ ਫੈਸਲੇ ਹੀ ਸਿੱਖ ਭਾਈਚਾਰੇ ਦੀਆਂ ਗੁਰੂ ਗ੍ਰੰਥ ਸਾਹਿਬ ਦੇ ਨਿਰਮਲ ਤੇ ਸਿੱਖ ਸਿਧਾਂਤ ਵਿੱਚੋਂ ਉਭਰੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਹਨ। ਇਸ ਕਰਕੇ ਉਹਨਾਂ ਨੂੰ ਲਾਗੂ ਕਰਨ ਲਈ ਖ਼ਾਲਸਾ ਪੰਥ ਦਾ ਚੇਤੰਨ ਵਰਗ ਮੈਦਾਨ ਵਿੱਚ ਨਿਤਰੇ।
ਇਹ ਮਤਾ ਸਿੱਖ ਚਿੰਤਕ/ਬੁੱਧੀਜੀਵੀਆਂ ਦੇ ਇਕੱਠ ਨੇ ਅੱਜ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਕੈਂਪਸ ਵਿੱਚ ਲੰਬਾ ਸਮਾਂ ਚੱਲੀ ਗੋਸਟੀ/ਸੰਵਾਦ ਵਿੱਚ ਸਰਬ ਸੰਮਤੀ ਨਾਲ ਪਾਸ ਕੀਤਾ। ਇਸ ਇਕੱਠ ਨੇ ਜਥੇਦਾਰਾਂ ਦੇ 2 ਦਸੰਬਰ ਦੇ ਫੈਸਲਿਆਂ ਨੂੰ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੀਡਰਾਂ ਵੱਲੋਂ ਬਦਲਣ, ਤੋੜਨ-ਮਰੋੜਨ ਅਤੇ ਅੱਗੇ ਪਾਉਣ ਦੀਆਂ ਕੋਸ਼ਿਸ਼ਾਂ ਦੀ ਵੀ ਨਿਖੇਧੀ ਕੀਤੀ।
ਪੰਜਾਬ ਅੰਦਰ ਖੇਤਰੀ ਪਾਰਟੀ ਹੋਣ ਦੀ ਵਕਾਲਤ ਕਰਦਿਆਂ, ਚਿੰਤਕਾਂ ਨੇ ਸਪਸ਼ਟ ਕੀਤਾ ਕਿ ਉਹ ਉਸ ਪਾਰਟੀ ਜਾਂ ਸਿਆਸੀ ਵਿਚਾਰਧਾਰਾ ਦੀ ਹਿਮਾਇਤ ਵਿੱਚ ਖੜ੍ਹੇ ਹੋਣਗੇ ਜਿਹੜੀ “ਪੰਥ-ਪ੍ਰਸਤ, ਪੰਜਾਬ ਪ੍ਰਸਤ ਅਤੇ ਸਰਬੱਤ ਦੇ ਭਲੇ ਦੀ ਵਕਾਲਤ ਕਰਦੀ ਗੁਰੂ ਨਾਨਕ ਦੇ ਫਲਸਫੇ ਅਤੇ ਸਿੱਖੀ ਸਿਧਾਂਤ ਨੂੰ ਪ੍ਰਣਾਈ ਹੋਵੇਗੀ।” ਉਹਨਾਂ ਨੇ ਸਿੱਖਾਂ/ਪੰਜਾਬੀਆਂ ਨੂੰ ਅਪੀਲ ਕੀਤੀ ਕਿ ਨਿੱਜਵਾਦ, ਸੱਤਾ-ਪ੍ਰਸਤ ਅਤੇ ਸਿਰਫ ਰਾਜ ਸੱਤਾ ਦੀ ਨੰਗੀ-ਚਿੱਟੀ ਰਾਜਨੀਤੀ ਕਰਨ ਵਾਲੀਆਂ ਸਿਆਸੀ ਧਿਰਾਂ ਦਾ ਵਿਰੋਧ ਕਰਨ, ਜਿਹਨਾਂ ਦੀ ਵਪਾਰੀ ਮਾਨਸਿਕਤਾ ਨੇ ਪੰਥ ਅਤੇ ਪੰਜਾਬ ਨੂੰ ਦੁਖ-ਦਰਦ ਅਤੇ ਕੰਗਾਲੀ ਦੀ ਵਿਵਸਥਾ ਵਿੱਚ ਧੱਕ ਦਿੱਤਾ ਹੈ।
ਅੱਜ ਦੇ ਇੱਕਠ ਨੇ ਦੁੱਖ ਪ੍ਰਗਟ ਕੀਤਾ ਕਿ ਖ਼ਾਲਸਾ ਪੰਥ ਲੰਬੇ ਸਮੇਂ ਤੋਂ ਆਪਸੀ ਵਿਰੋਧੀ ਧਿਰਾਂ ਵਿੱਚ ਵੰਡਿਆ ਹੋਇਆ ਹੈ। ਇਕ ਧਿਰ ਜਮਹੂਰੀਅਤ ਪ੍ਰਕਿਰਿਆ ਵਿੱਚ ਹਿੱਸਾ ਲੈਣ ਦਾ ਵਿਰੋਧ ਕਰਦੀ ਹੈ ਅਤੇ ਦੂਜੀ ਧਿਰ ਨਿਰੋਲ ਸੱਤਾ ਦੀ ਸਿਆਸਤ ਕਰਦੀ ਦਿੱਲੀ ਦੇ ਏਜੰਡੇ ਨੂੰ ਅਪਣਾ ਲੈਂਦੀ ਹੈ। ਇਹਨਾਂ ਧਿਰਾਂ ਦੇ ਵਿਚਕਾਰ ਬਹੁਗਿਣਤੀ ਸਿੱਖ/ਪੰਜਾਬੀ ਹਨ, ਜਿਹਨਾਂ ਨੂੰ ਪੰਥ/ਪੰਜਾਬ ਦੇ ਹਿੱਤਾਂ ਦੀ ਪੈਰਵੀ ਕਰਨ ਵਾਲੀ ਰਾਜਨੀਤੀ ਦਾ ਖਲਾਅ ਬਹੁਤ ਤੰਗ ਕਰਦਾ ਹੈ। ਇਸੇ ਲਈ ਉਹ ਹੀ ਖੇਤਰੀ ਰਾਜਨੀਤੀ ਦੀ ਬਹਾਲੀ ਦੀ ਮੰਗ ਕਰਦੇ ਹਨ। ਰੋਜ਼ਮੱਰਾਂ ਜ਼ਿੰਦਗੀ ਦੀਆਂ ਜ਼ਰੂਰਤਾਂ ਲਈ, ਪੰਜਾਬ ਪੱਖੀ/ਲੋਕ-ਪੱਖੀ ਬਿਰਤਾਂਤ ਖੜ੍ਹਾ ਕਰਨ ਲਈ ਚਿੰਤਕਾਂ/ਬੁੱਧੀਜੀਵੀਆਂ ਨੂੰ ਸਰਗਰਮ ਰੋਲ ਅਦਾ ਕਰਨਾ ਚਾਹੀਦਾ ਹੈ।
ਇਕ ਹੋਰ ਮਤੇ ਰਾਹੀ, ਅਕਾਲੀ ਲੀਡਰਾਂ ਵੱਲੋਂ ਸੁਖਬੀਰ ਸਿੰਘ ਬਾਦਲ ਉੱਤੇ ਕੀਤੇ ਹਮਲੇ ਤੇ ਵੱਡਾ ਦੁਖਾਂਤ/ਸਾਜ਼ਸ ਪੇਸ਼ ਕਰਨਾ ਅਕਾਲ ਤਖ਼ਤ ਦੇ ਫੈਸਲਿਆਂ ਤੋਂ ਧਿਆਨ ਭਟਕਾਉਣ ਦੀਆਂ ਕੋਸ਼ਿਸ਼ਾਂ ਹਨ, ਜਿਹਨਾਂ ਦੀ ਚਿੰਤਕਾਂ ਨੇ ਭਰਪੂਰ ਨਿੰਦਾ ਕੀਤੀ। ਨਰਾਇਣ ਸਿੰਘ ਚੌੜਾ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪੰਥ ਵਿੱਚੋਂ ਛੇਕਣ ਦੀ ਮੰਗ ਵੀ ਅਜਿਹੀ ਹੀ ਸਿਆਸੀ ਚਾਲ ਹੈ, ਜਿਹੜੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਅਤੇ ਦਲ ਦੀ ਪਹਿਲੇ ਵਾਲੇ ਧੜੇ ਦੀ ਸਿਆਸਤ ਅਤੇ ਸਥਿਤੀ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਹੈ।
ਇਸ ਮੌਕੇ ਤੇ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਗੁਰਪ੍ਰੀਤ ਸਿੰਘ, ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ), ਜਸਪਾਲ ਸਿੰਘ ਢਿੱਲੋਂ ਡਾ. ਬਰਿੰਦਰਾ ਕੌਰ, ਬਹਾਦਰ ਸਿੰਘ ਸੰਧੂ, ਜਸਵੀਰ ਸਿੰਘ ਸੀਰੀ, ਜਗਤਾਰ ਸਿੰਘ ਕੱਟੂ, ਰਜਿੰਦਰ ਸਿੰਘ ਖਾਲਸਾ ਪੰਚਾਇਤ, ਡਾ, ਤਜਿੰਦਰ ਸਿੰਘ, ਹਰਸਿਮਰਨ ਸਿੰਘ ਅਨੰਦਪੁਰ, ਭਰਪੂਰ ਸਿੰਘ ਖਾਲਸਾ, ਸਰਬਜੀਤ ਸਿੰਘ ਸੋਹਲ, ਪੱਤਰਕਾਰ ਹਮੀਰ ਸਿੰਘ, ਆਰ.ਪੀ. ਸਿੰਘ ਅਖੰਡ ਕੀਰਤਨੀ ਜਥਾ, ਬਾਬਾ ਹਰਦੀਪ ਸਿੰਘ ਡਿਬਡਿਬਾ, ਗੁਰਬੀਰ ਸਿੰਘ ਮਚਾਕੀ ਆਦਿ ਸ਼ਾਮਿਲ ਹੋਏ।