ਚੰਡੀਗੜ 25 ਅਪ੍ਰੈਲ ( ਖ਼ਬਰ ਖਾਸ ਬਿਊਰੋ)
ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਭਾਵੇਂ ਪੰਜਾਬ ਵਿਚ ਅਲੱਗ- ਅਲੱਗ ਉਮੀਦਵਾਰ ਖੜੇ ਕੀਤੇ ਹਨ, ਅਤੇ ਦੋਵਾਂ ਪਾਰਟੀਆਂ ਦੇ ਆਗੂ ਇਕ ਦੂਜੇ ਖਿਲਾਫ਼ ਤਾਬੜਤੋੜ ਦੋਸ਼ਾਂ ਦੀਆਂ ਫੁੱਲਝੜੀਆਂ ਵੀ ਚਲਾਉਂਦੇ ਹਨ, ਪਰ ਸੂਬੇ ਦੀ ਰਾਜਧਾਨੀ ਚੰਡੀਗੜ ਵਿਚ ਦੋਵੇਂ ਪਾਰਟੀਆਂ ਸਿਰਜੋੜ ਕੇ ਕੰਮ ਕਰ ਰਹੀਆਂ ਹਨ। ਬਿਊਟੀਫੁੱਲ ਸ਼ਹਿਰ ਵਿਚ ਦੋਵਾਂ ਪਾਰਟੀਆਂ ਦੇ ਆਗੂ ਬਿਊਟੀਫੁਲ ਕੰਮ ਕਰ ਰਹੇ ਹਨ।
ਆਪ ਪੰਜਾਬ ਦੇ ਇੰਚਾਰਜ ਚੰਡੀਗੜ ਵਿਚ ਬਣੇ ਜਰਨੈਲ
ਕਾਂਗਰਸ ਦੇ ਉਮੀਦਵਾਰ ਮੁਨੀਸ਼ ਤਿਵਾੜੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਆਯੋਜਿਤਿ ਮੀਟਿੰਗ ਵਿਚ ਕੱਲ ਦੋਵਾਂ ਪਾਰਟੀਆਂ ਦੇ ਆਗੂ ਇਕਮੰਚ ਉਤੇ ਇਕੱਠੇ ਸਨ। ਹਾਲਾਂਕਿ ਇਹ ਪਹਿਲੀ ਚੋਣ ਮੀਟਿੰਗ ਸੀ। ਆਮ ਆਦਮੀ ਪਾਰਟੀ ਦੇ ਪੰਜਾਬ ਤੇ ਚੰਡੀਗੜ ਮਾਮਲਿਆ ਦੇ ਇੰਚਾਰਜ ਜਰਨੈਲ ਸਿੰਘ ਚੰਡੀਗੜ ਵਿਚ ਮੀਟਿੰਗਾਂ ਕਰ ਰਹੇ ਹਨ। ਇਹ ਗ੍ਰਲ ਅਲੱਗ ਹੈ ਕਿ ਪੰਜਾਬ ਮਾਮਲਿਆ ਦੇ ਇੰਚਾਰਜ ਹੋਣ ਦੇ ਨਾਤੇ ਉਹ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਵਿਚ ਘੱਟ ਨਜ਼ਰ ਆਉਂਦੇ ਹਨ। ਇਕ ਦੌਰ ਉਹ ਵੀ ਸੀ ਕਿ ਪੰਜਾਬ ਦੇ ਉਪ ਯਾਨੀ ਸਹਿ ਇੰਚਾਰਜ ਦੀ ਤੂਤੀ ਬੋਲਦੀ ਹੁੰਦੀ ਸੀ ਤੇ ਜਰਨੈਲ ਸਿੰਘ ਬੇਚਾਰਾ ਬਣਕੇ ਪ੍ਰੈ੍ਸ ਕਾਨਫਰੰਸ ਵੀ ਇੰਚਾਰਜ ਹੁੰਦੇ ਹੋਏ ਵੀ ਪਿੱਛੇ ਬੈਠੇ ਹੁੰਦੇ ਸਨ।
ਬੀਤੇ ਦਿਨ ਜੀਰਕਪੁਰ ਵਿਖੇ ਆਪ ਨੇ ਪੰਜਾਬ ਦੇ 13 ਉਮੀਦਵਾਰਾਂ ਨੂੰ ਲੋਕਾਂ ਤੇ ਮੀਡੀਆ ਦੇ ਰੂਬਰੂ ਕੀਤਾ ਤਾਂ ਉਥੇ ਵੀ ਇੰਚਾਰਜ਼, ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਤੇ ਕਈ ਮੰਤਰੀਆਂ ਦੀ ਗੈਰਹਾਜ਼ਰੀ ਰੜਕਦੀ ਰਹੀ। ਪਰ ਦੂਜੇ ਪਾਸੇ ਤਿਵਾੜੀ ਦੀ ਮੀਟਿੰਗ ਵਿਚ ਜਰਨੈਲ ਸਿੰਘ ਤੋਂ ਬਿਨਾਂ ਆਪ ਦੇ ਸਹਿ ਇੰਚਾਰਜ਼ ਡਾ ਸੰਨੀ ਆਹਲੂਵਾਲੀਆ, ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ. ਕਾਂਗਰਸ ਦੇ ਪ੍ਰਧਾਨ ਹਰਮਿੰਦਰ ਸਿੰਘ ਲੱਕੀ ਤੇ ਦੋਵਾਂ ਪਾਰਟੀਆ ਦੇ ਕੌਂਸਲਰ ਹਾਜ਼ਰ ਸਨ। ਦੋਵੇਂ ਪਾਰਟੀਆ ਦੇ ਆਗੂਆਂ ਨੇ ਇਕੱਠਿਆ ਵੋਟਾਂ ਮੰਗੀਆਂ।
ਚੰਡੀਗੜ ਵਿਚ ਇਸ ਕਰਕੇ ਹੋਏ ਇਕੱਠੇ
ਕੌਮੀ ਪੱਧਰ ਉਤੇ ਕਾੰਗਰਸ ਅਤੇ ਆਮ ਆਦਮੀ ਪਾਰਟੀ ਇੰਡੀਆ ਗਠਜੋੜ ਦਾ ਹਿੱਸਾ ਹਨ, ਪਰ ਪੰਜਾਬ ਵਿਚ ਦੋਵਾਂ ਪਾਰਟੀਆ ਦੇ ਰਾਹ ਅਲੱਗ ਅਲੱਗ ਹਨ। ਇਹ ਗੱਲ ਵੱਖਰੀ ਹੈ ਕਿ ਦੋਵਾਂ ਪਾਰਟੀਆਂ ਨੇ ਕਈ ਹਲਕਿਆਂ ਵਿਚ ਸਿਆਸੀ ਤੌਰ ਤੇ ਬੋਦੇ ਉਮੀਦਵਾਰ ਮੈਦਾਨ ਵਿਚ ਉਤਾਰੇ ਹਨ, ਜਿਸ ਕਰਕੇ ਦੋਵਾਂ ਪਾਰਟੀਆਂ ਵਿਚ ਸਾਂਝ ਦੇ ਪਰਛਾਵੇਂ ਨਜ਼ਰ ਆਉਂਦੇ ਹਨ।
ਚੰਡੀਗੜ ਵਿਚ ਦੋਵਾਂ ਪਾਰਟੀਆਂ ਵਿਚ ਇਕੱਠੇ ਹੋਣ ਦਾ ਸਬੱਬ ਨਗਰ ਨਿਗਮ ਚੰਡੀਗੜ ਦੇ ਮੇਅਰ ਦੀ ਚੋਣ ਬਣਿਆ ਹੈ। ਸਮਝੌਤੇ ਤਹਿਤ ਮੇਅਰ ਦੀ ਕੁਰਸੀ ਆਪ ਦੇ ਹਿੱਸੇ ਆਈ ਪਰ ਦੂਜੀਆਂ ਦੋ ਪੋਸਟਾਂ ਸਮੇਤ ਲੋਕ ਸਭਾ ਦੀ ਸੀਟ ਕਾਂਗਰਸ ਦੇ ਹਿੱਸੇ ਆਈ ਸੀ, ਜਿਸ ਕਰਕੇ ਦੋਵੇਂ ਪਾਰਟੀਆ ਇਕੱਠੀਆਂ ਚੋਣ ਲੜ ਰਹੀਆਂ ਹਨ।
ਬੰਸਲ ਦਾ ਗੁੱਸਾ ਬਰਕਰਾਰ
ਸਾਬਕਾ ਕੇਂਦਰੀ ਮੰਤਰੀ ਪਵਨ ਬੰਸਲ, ਜੋ ਚੰਡੀਗੜ ਟਿਕਟ ਲਈ ਵੱਡੇ ਦਾਅਵੇਦਾਰ ਮੰਨੇ ਜਾਂਦੇ ਸਨ ਅਤੇ ਟਿਕਟ ਪੱਕੀ ਸਮਝਦੇ ਹੋਏ ਰਾਜਧਾਨੀ ਵਿਚ ਪ੍ਰਚਾਰ ਵੀ ਕਰ ਰਹੇ ਸਨ, ਟਿਕਟ ਕੱਟੇ ਜਾਣ ਕਾਰਨ ਰੁੱਸੇ ਹੋਏ ਹਨ। ਬੰਸਲ ਨੇ ਅਜੇ ਤੱਕ ਤਿਵਾੜੀ ਨਾਲ ਕੋਈ ਮੀਟਿੰਗ ਸਾਂਝੀ ਨਹੀਂ ਕੀਤੀ। ਬੰਸਲ ਧੜੇ ਦੇ ਕਈ ਆਗੂ ਪਾਰਟੀ ਦੇ ਅਹੁੱਦਿਆਂ ਤੋ ਅਸਤੀਫ਼ਾ ਵੀ ਦੇ ਚੁੱਕੇ ਹਨ ਅਤੇ ਬੰਸਲ ਲੁੱਟੇ ਹੋਏ ਜੁਆਰੀਏ ਵਾਂਗ ਘਰ ਬੈਠ ਗਏ ਹਨ।
ਭਾਜਪਾ ਨੇ ਵਿਸ਼ਵ ਵਿਚ ਕਰਵਾਈ ਚੰਡੀਗੜ ਦੀ ਕਿਰਕਰੀ-ਜਰਨੈਲ ਸਿੰਘ
ਆਪ ਦੇ ਇੰਚਾਰਜ਼ ਜਰਨੈਲ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਵਿਸ਼ਵ ਵਿਚ ਚੰਡੀਗੜ ਬਿਊਟੀਫੁਲ ਸ਼ਹਿਰ ਕਰਕੇ ਜਾਣਿਆ ਜਾਂਦਾ ਹੈ, ਪਰ ਜਨਵਰੀ ਮਹੀਨੇ ਮੇਅਰ ਚੋਣ ਵੇਲੇ ਭਾਜਪਾ ਵਲੋਂ ਮੇਅਰ ਕੁਲਦੀਪ ਕੁਮਾਰ ਦੀਆਂ ਅੱਠ ਵੋਟਾਂ ਗਲਤ ਤਰੀਕੇ ਨਾਲ ਰੱਦ ਕਰ ਦਿੱਤੀਆਂ ਗਈਆਂ ਇਸ ਤਰਾਂ ਚੰਡੀਗੜ ਦੀ ਪੂਰੀ ਦੁਨੀਆਂ ਵਿਚ ਭਾਜਪਾ ਨੇ ਕਿਰਕਰੀ ਕਰਵਾ ਦਿੱਤੀ। ਉਨਾ ਕਿਹਾ ਕਿ ਚੰਡੀਗੜ ਦੇ ਲੋਕ ਭਾਜਪਾ ਨੂੰ ਮਾਫ਼ ਨਹੀਂ ਕਰਨਗੇ ਅਤੇ ਗਠਜੋਰ ਦੇ ਉਮੀਦਵਾਰ ਨੂੰ ਵੱਡੇ ਫ਼ਰਕ ਨਾਲ ਜਿਤਾਉਣਗੇ।