ਚੰਡੀਗੜ੍ਹ 9 ਦਸੰਬਰ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਸਾਬਕਾ ਵਿਧਾਇਕ ਤੇ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਉਤੇ ਹਰ ਮਾਮਲੇ ਵਿਚ ਅਕਾਲੀ ਦਲ ਨੂੰ ਬਦਨਾਮ ਕਰਨ ਦਾ ਦੋਸ਼ ਲਾਉਂਦੇ ਹੋਏ ਮਾਨਹਾਨੀ ਕੇਸ ਪਾਉਣ ਦੀ ਚੇਤਾਵਨੀ ਦਿੱਤੀ ਹੈ।
ਕਲੇਰ ਨੇ ਸੌਮਵਾਰ ਸਵੇਰੇ ਇੱਕ ਵੀਡਿਓ ਬਿਆਨ ਵਿਚ ਕਿਹਾ ਕਿ ਉਹਨਾਂ ਗੁਰਪ੍ਰਤਾਪ ਸਿੰਘ ਵਡਾਲਾ ਦਾ ਇਕ ਬਿਆਨ ਸੁਣਿਆ ਹੈ। ਜਿਸ ਵਿਚ ਉਹ (ਵਡਾਲਾ)ਸ਼੍ਰੋਮਣੀ ਅਕਾਲੀ ਦਲ ‘ਤੇ ਇਲਜ਼ਾਮ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਦੇ ਕੋਈ ਨਿਜੀ ਪਰਿਵਾਰਿਕ ਮਸਲੇ, ਜਿਹੜੇ ਕਚਿਹਰੀ ਵਿੱਚ ਵੀ ਖਤਮ ਹੋ ਗਏ ਹਨ, ਉਹਨਾਂ ਨੂੰ ਅਕਾਲੀ ਨੇਤਾ ਬੇਵਜਾ ਉਛਾਲ ਕੇ ਸਿੰਘ ਸਾਹਿਬ ਦੀ ਸ਼ਖਸ਼ੀਅਤ ਦੇ ਖਿਲਾਫ ਬੋਲ ਰਹੇ ਹਨ।
ਕਲੇਰ ਨੇ ਅਕਾਲੀ ਨੇਤਾ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਸਵਾਲ ਕੀਤਾ ਕਿ ਵਡਾਲਾ ਸਾਹਿਬ ਰਾਜਨੀਤੀ ਦੇ ਵਿੱਚ ਕੋਈ ਮਰਿਆਦਾ ਰਹਿ ਗਈ ਜਾਂ ਸਾਰੀ ਰਾਜਨੀਤੀ ਆਪਾਂ ਝੂਠ ਦੇ ਆਲੇ- ਦੁਆਲੇ ਘੁਮਾਉਣੀ ਹੈ। ਕੀ ਰਾਜਨੀਤੀ ਦਾ ਆਪਣਾ ਇੱਕੋ ਹੀ ਪਹਿਲੂ ਰਹਿ ਗਿਆ ਕਿ ਸ਼੍ਰੋਮਣੀ ਅਕਾਲੀ ਦਲ ‘ਤੇ ਕਿੱਦਾਂ ਇਲਜ਼ਾਮ ਲਾਉਣਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਿੱਦਾਂ ਬਦਨਾਮ ਕਰਨਾ ਹੈ।
ਉਹਨਾਂ ਕਿਹਾ ਕਿ ਤੁਸੀਂ (ਵਡਾਲਾ) ਇਕ ਪਾਸੇ ਕਿਹਾ ਕਿ ਇਹ ਨਿੱਜੀ ਪਰਿਵਾਰਿਕ ਮਸਲਾ ਹੈ, ਫਿਰ ਨਿੱਜੀ ਪਰਿਵਾਰਿਕ ਮਸਲਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੀ ਲੈਣਾ -ਦੇਣਾ ਹੈ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤਖ਼ਤ ਸਾਹਿਬਾਨਾਂ ਨੂੰ ਸਮਰਪਿਤ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ ਤਾਂ ਗੁਰੂ ਦਾ ਕੂਕਰ ਹੈ , ਪਰ ਅੱਜ ਤੁਹਾਡੇ ‘ਤੇ ਸਵਾਲ ਜਰੂਰ ਖੜਾ ਹੁੰਦਾ ਕਿ ਹਰ ਇੱਕ ਗੱਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਘੜੀਸਨਾ ਸ਼ੁਰੂ ਕਰ ਦਿੱਤਾ ਹੈ । ਉਹਨਾਂ ਪੁੱਛਿਆ ਕਿ ਦੱਸੋ ਇਹ ਕਿਹੜੀ ਰਾਜਨੀਤੀ ਹੈ, ਕਦੇ ਤੁਸੀਂ ਦੇਸ਼ ਨੂੰ ਤੋੜਨ ਵਾਲਿਆਂ ਦੀ ਸਟੇਜਾਂ ‘ਤੇ ਖੜਕੇ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਣ ਲੱਗ ਜਾਂਦੇ ਹੋ? ਕਦੇ ਤੁਸੀਂ ਦਰਬਾਰ ਸਾਹਿਬ ਤੇ ਚੜ ਕੇ ਆਏ ਗੋਲੀਆਂ ਚਲਾਉਣ ਵਾਲੇ ਲੋਕਾਂ ਨੂੰ ਜਸਟੀਫਾਈ ਕਰਨ ਲੱਗ ਜਾਂਦੇ ਹੋ ?
ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਘੱਟੋ ਘੱਟ ਆਪਣੇ ਨਿੱਜੀ ਮੁਫਾਦਾਂ ਲਈ ਆਪਣੀ ਰਾਜਨੀਤੀ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨਾ ਬੰਦ ਕਰੋ। ਕਲੇਰ ਨੇ ਕਿਹਾ ਕਿ ਜਿਹੜਾ ਤੁਸੀਂ ਇੱਕ ਬਹੁਤ ਘਟੀਆ ਪੱਧਰ ਦਾ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ‘ਤੇ ਲਾਇਆ ਇਸਦੇ ਲਈ ਹੁਣ ਅਸੀਂ ਤੁਹਾਨੂੰ ਡੈਫਾਮੇਸ਼ਨ ਨੋਟਿਸ (ਮਾਣਹਾਨੀ) ਭੇਜਾਂਗੇ ਉਹਨਾਂ ਚ ਲਿਖਤੀ ਜਵਾਬ ਤੁਹਾਨੂੰ ਇਹ ਦੇਣਾ ਪਊਗਾ ਕਿ ਕਿਹੜੇ ਸਬੂਤਾਂ ਤਹਿਤ ਤੁਸੀਂ ਐਸਾ ਮਨਘੜਤ ਤੇ ਐਸਾ ਇੱਕ ਮਿਆਰ ਤੋਂ ਡਿਗਿਆ ਹੋਇਆ ਬਿਆਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਦਿੱਤਾ।