ਸ਼ੰਭੂ/ਪਟਿਆਲਾ 8 ਦਸੰਬਰ (ਖ਼ਬਰ ਖਾਸ ਬਿਊਰੋ)
ਸ਼ੰਭੂ ਬਾਰਡਰ ‘ਤੇ ਐਤਵਾਰ ਨੂੰ ਦਿੱਲੀ ਜਾਣ ਲਈ ਬਜਿੱਦ ਕਿਸਾਨਾਂ ਦੇ ਕਾਫ਼ਲੇ ਉਤੇ ਪਹਿਲਾਂ ਹਰਿਆਣਾ ਪੁਲਿਸ ਨੇ ਕਿਸਾਨਾਂ ਉਤੇ ਫੁੱਲ ਬਰਸਾਏ ਪਰ ਬਾਅਦ ਵਿਚ ਦਿੱਲੀ ਜਾਣ ਲਈ ਅੜੇ ਕਿਸਾਨਾਂ ਉਤੇ ਹੰਝੂ ਗੈਸ ਦੇ ਗੋਲੇ ਸੁੱਟੇ। ਜਿਸ ਕਰਕੇ ਕਈ ਕਿਸਾਨ ਜਖ਼ਮੀ ਹੋ ਗਏ। ਜਖਮੀ ਕਿਸਾਨਾਂ ਨੂੰ ਰਾਜਪੁਰਾ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਐਤਵਾਰ ਨੂੰ ਤੈਅ ਪ੍ਰੋਗਰਾਮ ਅਨੁਸਾਰ ਕਿਸਾਨਾਂ ਦਾ ਇਕ ਕਾਫਲਾ ਰਵਾਨਾ ਹੋਇਆ। ਕਿਸਾਨਾਂ ਨੂੰ ਸ਼ਾਂਤ ਰੱਖਣ ਲਈ ਹਰਿਆਣਾ ਪੁਲਿਸ ਨੇ ਪਹਿਲਾਂ ਫੁੱਲਾਂ ਦੀ ਵਰਖਾ ਕੀਤੀ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਹਰਿਆਣਾ ਪ੍ਰਸ਼ਾਸਨ ਵੱਲੋਂ ਸੁੱਟੇ ਗਏ ਫੁੱਲਾਂ ਵਿੱਚ ਕੈਮੀਕਲ ਮਿਲਾਇਆ ਗਿਆ ਸੀ। ਜਿਸ ਕਾਰਨ ਕਈ ਕਿਸਾਨ ਜ਼ਖਮੀ ਹੋ ਗਏ। ਕਿਸਾਨ ਅੱਗੇ ਵੱਧਣਾ ਚਾਹੁੰਦੇ ਸਨ, ਪਰ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਸੁੱਟ ਦਿੱਤੇ। ਕਿਸਾਨਾਂ ਨੂੰ ਖਿੰਡਾਉਣ ਲਈ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਵੀ ਛੱਡੀਆ।
ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਵੀ ਮੌਕੇ ਉਤੇ ਮੌਜੂਦ ਸਨ, ਜਿਹਨਾਂ ਨੇ ਬੈਰੀਕੇਡ ਤੋੜਨ ਦਾ ਯਤਨ ਕਰ ਰਹੇ ਕਿਸਾਨਾਂ ਨੂੰ ਵਾਪਸ ਬੁਲਾਇਆ।
ਉਧਰ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ ਜਾਰੀ ਰਿਹਾ। ਪਤਾ ਲੱਗਿਆ ਹੈ ਕਿ ਅੱਜ ਉਹਨਾਂ ਦੀ ਸਿਹਤ ਥੋੜਾ ਖਰਾਬ ਹੋ ਗਈ ਸੀ, ਪਰ ਉਹ ਤੰਦਰੁਸਤ ਹਨ।
ਹਰਿਆਣਾ ਤੇ ਪੰਜਾਬ ਦੇ ਅਧਿਕਾਰੀਆਂ ਨੇ ਅੰਦੋਲਨਕਾਰੀ ਕਿਸਾਨਾਂ ਨਾਲ ਰਾਜਪੁਰਾ ਵਿਖੇ ਕੀਤੀ ਮੀਟਿੰਗ
ਕਿਸਾਨਾਂ ਨੂੰ ਮਨਾਉਣ ਲਈ ਹਰਿਆਣਾ, ਪੰਜਾਬ ਦੇ ਅਧਿਕਾਰੀਆਂ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ। ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਮੀਟਿੰਗ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਦਿੱਲੀ ਵੱਲ ਮਾਰਚ ਨੂੰ ਲੈ ਕੇ ਅੰਦੋਲਨਕਾਰੀ ਕਿਸਾਨਾਂ ਅਤੇ ਅੰਬਾਲਾ ਪ੍ਰਸ਼ਾਸਨ ਦਰਮਿਆਨ ਪੈਦਾ ਹੋਏ ਟਕਰਾਅ ਦੇ ਹੱਲ ਲਈ ਕੀਤੀ ਗਈ ਸੀ। ਮੀਟਿੰਗ ਵਿੱਚ ਜਿੱਥੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਆਪਣੇ ਜਥਿਆਂ ਨੂੰ ਪੈਦਲ ਦਿੱਲੀ ਵੱਲ ਮਾਰਚ ਕਰਨ ਦੀ ਇਜਾਜ਼ਤ ਦੇਣ ਦਾ ਮੁੱਦਾ ਉਠਾਇਆ, ਉੱਥੇ ਅੰਬਾਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਜਲਦੀ ਹੱਲ ਕਰਨ ਲਈ ਮੁੜ ਆਪਣੇ ਉੱਚ ਅਧਿਕਾਰੀਆਂ ਕੋਲ ਉਠਾਉਣਗੇ। ਕੋਲ ਰੱਖਣਗੇ। ਮੀਟਿੰਗ ਦੌਰਾਨ ਭਾਵੇਂ ਸਾਰੀਆਂ ਧਿਰਾਂ ਨੇ ਹਾਂ-ਪੱਖੀ ਚਰਚਾ ਕੀਤੀ ਪਰ ਅੰਤ ਤੱਕ ਕੋਈ ਸਿੱਟਾ ਨਹੀਂ ਨਿਕਲ ਸਕਿਆ।
ਡੀਆਈਜੀ ਸਿੱਧੂ ਨੇ ਕਿਹਾ ਕਿ ਅਗਲੇ ਇੱਕ-ਦੋ ਦਿਨਾਂ ਵਿੱਚ ਇਸ ਸਬੰਧੀ ਹਾਂ-ਪੱਖੀ ਨਤੀਜੇ ਸਾਹਮਣੇ ਆਉਣ ਦੀ ਸੰਭਾਵਨਾ ਹੈ। ਇਸ ਮੌਕੇ ‘ਤੇ ਇਸ ਮੌਕੇ ਡੀਸੀ ਅੰਬਾਲਾ ਪਾਰਥ ਗੁਪਤਾ, ਐਸਪੀ ਅੰਬਾਲਾ ਸੁਰਿੰਦਰ ਸਿੰਘ ਬੋਰੀਆ, ਡੀਐਸਪੀ ਅੰਬਾਲਾ ਕੈਂਟ ਰਜਿਤ ਗੁਲੀਆ, ਐਸਐਸਪੀ ਪਟਿਆਲਾ ਡਾ: ਨਾਨਕ ਸਿੰਘ, ਏਡੀਸੀ ਪਟਿਆਲਾ ਈਸ਼ਾ ਸਿੰਘਲ, ਐਸਡੀਐਮ ਰਾਜਪੁਰਾ ਅਭਿਕੇਸ਼ ਗੁਪਤਾ, ਕਿਸਾਨ ਆਗੂ ਮਨਜੀਤ ਸਿੰਘ ਰਾਏ, ਬਲਵੰਤ ਸਿੰਘ ਬਹਿਰਾਮਕੇ, ਗੁਰਨੀਤ ਸਿੰਘ ਮਾਂਗਟ, ਜਸਵੀਰ ਸਿੰਘ ਸ. ਲੌਂਗੋਵਾਲ ਨੇ ਸ਼ਿਰਕਤ ਕੀਤੀ।