ਫਤਿਹਗੜ੍ਹ ਸਾਹਿਬ 8 ਦਸੰਬਰ (ਖ਼ਬਰ ਖਾਸ ਬਿਊਰੋ)
ਪੰਜਾਬ ਦੀ ਸਿਆਸਤ ਖਾਸਕਰਕੇ ਅਕਾਲੀ ਸਿਆਸਤ ਦੇ ਸਮੀਕਰਣ ਬਦਲਣੇ ਸ਼ੁਰੂ ਹੋ ਗਏ ਹਨ। ਜਿੱਥੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਸੁਧਾਰ ਲਹਿਰ ਨੂੰ ਸਮੇਟਣ ਲਈ ਸੌਮਵਾਰ ਨੂੰ ਰਸਮੀ ਮੀਟਿੰਗ ਬੁਲਾ ਲਈ ਹੈ, ਉਥੇ ਸੁਖਬੀਰ ਸਿੰਘ ਬਾਦਲ ਅਤੇ ਸਿਕੰਦਰ ਸਿੰਘ ਮਲੂਕਾ ਦਰਮਿਆਨ ਫਤਹਿਗੜ ਸਾਹਿਬ ਵਿਖੇ ਬੰਦ ਕਮਰਾ ਮੀਟਿੰਗ ਹੋਈ ਹੈ। ਦੋਵਾਂ ਆਗੂਆਂ ਦਰਮਿਆਨ ਸਿਆਸੀ ਤੌੜੀ ਵਿਚ ਕੀ ਕੀ ਰਝਾਇਆ ਗਿਆ ਇਹ ਅਜੇ ਨਿਕਲਕੇ ਬਾਹਰ ਨਹੀਂ ਆ ਸਕਿਆ,ਪਰ ਅਕਾਲੀ ਦਲ ਦੇ ਸੀਨੀਅਰ ਆਗੂ ਡਾ ਦਲਜੀਤ ਸਿੰਘ ਚੀਮਾ ਨੇ ਬਾਦਲ ਤੇ ਮਲੂਕਾ ਵਿਚਕਾਰ ਮੀਟਿੰਗ ਹੋਣ ਦੀ ਪੁਸ਼ਟੀ ਕੀਤੀ ਹੈ।
ਵਰਨਣਯੋਗ ਹੈ ਕਿ ਬੀਤੇ ਕੱਲ੍ਹ ਸੁਪਰੀਮ ਕੋਰਟ ਦੇ ਵਕੀਲ ਤੇ ਆਪ ਦੇ ਸਾਬਕਾ ਵਿਧਾਇਕ ਐੱਚ.ਐੱਸ ਫੂਲਕਾ ਨੇ ਵੀ ਅਕਾਲੀ ਦਲ ਦੀ ਮੈਂਬਰਸ਼ਿਪ ਲੈਣ ਦਾ ਐਲਾਨ ਕੀਤਾ ਸੀ। ਫੂਲਕਾ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਦੀ ਬਿਆਨਬਾਜ਼ੀ ਬਾਅਦ ਐਤਵਾਰ ਨੂੰ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸੁਖਬੀਰ ਬਾਦਲ ਹੁਰਾਂ ਨਾਲ ਮੀਟਿੰਗ ਕਰਕੇ ਅਕਾਲੀ ਸਿਆਸਤ ਨੂੰ ਨਵਾਂ ਮੋੜਾ ਦਿੱਤਾ ਹੈ।
ਫਤਿਹਗੜ ਸਾਹਿਬ ਦੀ ਧਰਤੀ ਉਤੇ ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਰਾਂ ਦੇ ਨਾਲ ਨਾਲ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਭਾਂਡੇ ਮਾਂਜਣ ਦੀ ਸੇਵਾ ਕਰਦੇ ਨਜ਼ਰ ਆਏ ਅਤੇ ਉਹ ਸੁਖਬੀਰ ਬਾਦਲ ਦੇ ਨਾਲ ਨਾਲ ਚੱਲਦੇ ਵੀ ਨਜ਼ਰ ਆਏ ਹਨ।
ਸ੍ਰੀ ਅਕਾਲ ਤਖ਼ਤ ਤੋਂ ਸੁਖਬੀਰ ਬਾਦਲ ਸਮੇਤ ਸਮੁੱਚੀ ਕੈਬਨਿਟ, ਕੋਰ ਕਮੇਟੀ ਨੂੰ ਸੇਵਾ ਲਗਾਈ ਹੋਈ ਹੈ। ਸੱਚਖੰਡ ਦਰਬਾਰ ਸਾਹਿਬ, ਤਖ਼ਤ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੇਵਾ ਕਰਨ ਬਾਅਦ ਐਤਵਾਰ ਨੂੰ ਸੁਖਬੀਰ ਬਾਦਲ ਸਮੇਤ ਅਕਾਲੀ ਲੀਡਰਸ਼ਿਪ ਨੇ ਫਤਿਹਗੜ ਸਾਹਿਬ ਗੁਰਦੁਆਰਾ ਵਿਖੇ ਨਤਮਸਤਕ ਹੋ ਕੇ ਸੇਵਾ ਨਿਭਾਈ।
ਇਸੀ ਦੌਰਾਨ ਸੁਖਬੀਰ ਬਾਦਲ ਅਤੇ ਸਿਕੰਦਰ ਸਿੰਘ ਮਲੂਕਾ ਦਰਮਿਆਨ ਮੀਟਿੰਗ ਹੋਈ ਹੈ। ਮੀਟਿੰਗ ਵਿਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਸ਼ਾਮਲ ਦੱਸੇ ਜਾਂਦੇ ਹਨ। ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਦੋਵਾਂ ਆਗੂਆਂ ਦਰਮਿਆਨ ਹੋਈ ਮੀਟਿੰਗ ਬਾਰੇ ਕੁਝ ਕਹਿਣ ਤੋਂ ਟਾਲਾ ਵੱਟ ਗਏ ਜਦਕਿ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਚੰਗੀ ਗੱਲ ਹੈ ਕਿ ਸਿਕੰਦਰ ਸਿੰਘ ਮਲੂਕਾ ਹੁਰਾਂ ਨੇ ਸਾਡੇ ਨਾਲ ਸੇਵਾ ਕੀਤੀ ਹੈ।
ਇੱਥੇ ਦੱਸਿਆ ਜਾਂਦਾ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਪਾਰਟੀ ਵਿਚੋ ਕੱਢ ਦਿੱਤਾ ਸੀ ਕਿਉਕਿ ਮਲੂਕਾ ਦੇ ਪੁੱਤਰ ਅਤੇ ਨੂੰਹ ਪਰਮਪਾਲ ਕੌਰ ਸਾਬਕਾ ਆਈ.ਏ.ਐੱਸ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਮਲੂਕਾ ਦੀ ਨੂੰਹ ਬਠਿੰਡਾ ਤੋ ਹਰਸਿਮਰਤ ਕੌਰ ਬਾਦਲ ਖਿਲਾਫ਼ ਚੋਣ ਲੜੀ ਸੀ। ਜਿਸ ਕਰਕੇ ਅਕਾਲੀ ਦਲ ਨੇ ਸਿਕੰਦਰ ਸਿੰਘ ਮਲੂਕਾ ਨੂੰ ਪਾਰਟੀ ਵਿਚੋ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ।
ਪੰਜ ਸਿੰਘ ਸਾਹਿਬਾਨ ਨੇ ਅਕਾਲੀ ਲੀਡਰਸ਼ਿਪ ਨੂੰ ਤਨਖਾਹ ਲਗਾਉਣ ਸਮੇਂ ਪੰਥ ਤੇ ਅਕਾਲੀ ਦਲ ਦੀ ਮਜਬੂਤੀ ਲਈ ਸਾਰਿਆਂ ਨੂੰ ਇਕੱਠੇ ਹੋਣ ਦਾ ਹੁਕਮ ਦਿੱਤਾ ਹੈ। ਮਲੂਕਾ ਵਾਰ ਵਾਰ ਅਕਾਲੀ ਦਲ ਤੇ ਭਾਜਪਾ ਨੂੰ ਇਕੱਠੇ ਹੋਣ ਦੀ ਬਿਆਨਬਾਜ਼ੀ ਕਰਦੇ ਆ ਰਹੇ ਹਨ ਜਦੋ ਕਿਸਾਨ ਆਪਣੀਆਂ ਮੰਗਾਂ ਲਈ ਸਿੱਧਾ ਦਿੱਲੀ ਨਾਲ ਟੱਕਰ ਲੈ ਰਹੇ ਹਨ, ਇਹਨਾਂ ਹਾਲਾਤਾਂ ਵਿਚ ਅਕਾਲੀ ਦਲ ਭਾਜਪਾ ਨਾਲ ਸਾਂਝ ਪਾਏਗਾ ਇਹ ਇਕ ਵੱਡਾ ਸਵਾਲ ਹੈ। ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਹੀ ਅਕਾਲੀ ਦਲ ਨੇ ਭਾਜਪਾ ਨਾਲ ਨਾਤਾ ਤੋੜਿਆ ਸੀ।