ਪੰਜਾਬ, ਹਰਿਆਣਾ ਤੇ ਪੱਛਮੀ ਯੂਪੀ ਵੰਡ-ਪਾਊ ਤਾਕਤਾਂ ਦੇ ਮੁਕਾਬਲੇ ਲਈ ਮਿਲਕੇ ਕੰਮ ਕਰਨਗੇ

ਚੰਡੀਗੜ੍ਹ, ​8 ਦਸੰਬਰ (ਖ਼ਬਰ ਖਾਸ ਬਿਊਰੋ)
ਮਿਸਲ ਸਤਲੁਜ ਵੱਲੋਂ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਕਰਾਈ ‘ਸਾਡਾ ਭਾਈਚਾਰਾ’ ਇਕੱਤਰਤਾ ਵਿੱਚ ਵੰਡ-ਪਾਊ ਤਾਕਤਾਂ ਖਿਲਾਫ਼ ਲੜਨ ਲਈ ਪੰਜਾਬ, ਹਰਿਆਣਾ ਤੇ ਪੱਛਮੀ ਯੂਪੀ ਦੀ ਤਾਲਮੇਲ ਕਮੇਟੀ ਬਣਾਈ ਗਈ। ਇਕੱਤਰਤਾ ਵਿੱਚ ਸ਼ਾਮਲ ਬੁਲਾਰਿਆਂ ਨੇ ਇਕੱਠੇ ਹੋਣ, ਮਿਲ ਕੇ ਭਾਜਪਾ ਤੇ ਆਰਐਸਐਸ ਦਾ ਮੁਕਾਬਲਾ ਕਰਨ ’ਤੇ ਜੋਰ ਦਿੱਤਾ।
ਯੂਨੀਅਨਿਸਟ ਸਿੱਖ ਮਿਸ਼ਨ ਦੇ ਚੇਅਰਮੈਨ ਮਨੋਜ ਸਿੰਘ ਦੁਹਨ ਨੇ ਕਿਹਾ ਕਿ ਸਾਡੇ ਮੁਲਕ ਵਿੱਚ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਬ੍ਰਾਹਮਣਵਾਦ ਹੈ। ਉਹਨਾਂ ਨੇ ਇਸਦਾ ਮੁਕਾਬਲਾ ਸਿਰਫ਼ ਪਿਆਰ ਨਾਲ ਕਰਨ ਦੀ ਸਲਾਹ ਦਿੱਤੀ।
ਸੁਪਰੀਮ ਕੋਰਟ ਦੇ ਵਕੀਲ ਮਹਿਮੂਦ ਪਾਰਚਾ ਨੇ ਬੈਲਟ ਪੇਪਰ ਜ਼ਰੀਏ ਚੋਣਾਂ ਕਰਾਉਣ ਅਤੇ ਭਾਰਤੀ ਸੰਵਿਧਾਨ ਨੂੰ ਬਚਾਉਣ ਤੇ ਜੋਰ ਦਿੱਤਾ। “ਈਵੀਐਮ ਸਭ ਤੋਂ ਪਹਿਲਾ ਮੁੱਦਾ ਹੋਣਾ ਚਾਹੀਦਾ ਹੈ – EVM ਹਟਾਓ, ਬੈਲਟ ਪੇਪਰ ਲਾਉ।”
“ਜੇ ਅਸੀਂ ਸੰਵਿਧਾਨ ਬਚਾ ਲਈਏ, ਇਹਨੂੰ ਹਰ ਨਾਗਰਿਕ ਦੀ ਜਿੰਦਗੀ ਦਾ ਅਸਲ ਚ ਹਿੱਸਾ ਬਣਾ ਲਈਏ, ਅਸੀਂ ਆਪਣੇ ਦੇਸ਼ ਨੂੰ ਬਚਾ ਸਕਾਂਗੇ,” ਉਹਨਾਂ ਕਿਹਾ। ਉਹਨਾਂ ਨੇ ਸੂਬਿਆਂ ਲਈ ਵੱਧ ਅਧਿਕਾਰਾਂ ਲਈ ਵੀ ਆਵਾਜ਼ ਬੁਲੰਦ ਕੀਤੀ। “ਸਾਰੇ ਸੂਬੇ ਖੁਦਮੁਖਤਿਆਰ ਹੋਣੇ ਚਾਹੀਦੇ ਹਨ। ਉਹ (ਬੀਜੇਪੀ ਤੇ ਆਰਐਸਐਸ) ਲੋਕਾਂ ਦੇ ਭਾਈਚਾਰੇ ਨੂੰ ਤੋੜਨਾ ਚਾਹੁੰਦੇ ਹਨ।” ਉਹਨਾਂ ਕਿਹਾ ਕਿ ਸਾਰੇ ਘੱਟ-ਗਿਣਤੀ ਭਾਈਚਾਰਿਆਂ ਲਈ ਖਾਸ ਕਾਨੂੰਨ ਹੋਣੇ ਚਾਹੀਦੇ ਹਨ, ਤੇ SGPC ਕਾਨੂੰਨ ਨੂੰ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ।
ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਬਲਰਾਜ ਮਲਿਕ ਨੇ ਜੋਰ ਦਿੰਦਿਆਂ ਕਿਹਾ ਕਿ ਸਾਰੀ ਮਾਨਵ ਜਾਤੀ ਇੱਕ ਹੀ ਹੈ। “ਮਨੂੰਵਾਦੀ ਵਿਚਾਰਧਾਰਾ ਸਭ ਤੋਂ ਖ਼ਤਰਨਾਕ ਹੈ। ਜਦ ਤੱਕ ਅਸੀਂ ਇਹ ਨਹੀਂ ਸਮਝਦੇ, ਅਸੀਂ ਇਹਨੂੰ ਖ਼ਤਮ ਨਹੀਂ ਕਰ ਪਾਵਾਂਗੇ। ਜਾਤੀਵਾਦ ਇਸ ਦੇਸ਼ ਲਈ ਕੈਂਸਰ ਹੈ।
ਮਲਿਕ ਨੇ ਕਿਹਾ ਕਿ ਇਹ ਦੇਸ਼ ਰਾਜਾਂ ਦਾ ਸੰਘ ਹੈ। ਪਰ ਉਹ (ਭਾਜਪਾ) ਸਭ ਕੁਝ ਦਾ ਕੇਂਦਰੀਕਰਨ ਕਰਨਾ ਚਾਹੁੰਦੇ ਹਨ। “ਇਹ ਸ਼ੋਸ਼ਣ ਦੀ ਮਾਨਸਿਕਤਾ ਹੈ। ਸੂਬਿਆਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਹਨ। ਤੇ ਸੂਬਿਆਂ ਨੂੰ ਅੱਗੇ ਪੰਚਾਇਤਾਂ ਤੇ ਗ੍ਰਾਮ ਸਭਾਵਾਂ ਨੂੰ ਵੱਧ ਅਧਿਕਾਰ ਦੇਣੇ ਚਾਹੀਦੇ ਹਨ।
ਹਰਿਆਣਾ ਤੋਂ ਕਿਸਾਨ ਆਗੂ ਪੁਸ਼ਪੇਂਦਰ ਸਿੰਘ ਨੇ ਇਸ ਹਕੂਮਤ ਵੱਲੋਂ ਲਤਾੜੇ ਸਾਰੇ ਲੋਕਾਂ ਨੂੰ ਸਿੱਖ ਧਰਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। “ਬਾਹਮਣਵਾਦ ਨਾਲ ਲੜਨ ਦਾ ਇਹੀ ਤਰੀਕਾ ਹੈ। ਹਿੰਦੂਤਵ ਦਾ ਮੁਕਾਬਲਾ ਸਿਰਫ਼ ਖਾਲਸਾ ਹੀ ਕਰ ਸਕਦਾ ਹੈ।”
ਨੌਜਵਾਨ ਆਗੂ ਤੇ ਸਮਾਜਸੇਵੀ ਡਾ. ਰਿਤੂ ਸਿੰਘ ਨੇ ਦੇਸ਼ ਦੇ ਲੋਕਾਂ ਸਾਹਮਣੇ ਦਰਪੇਸ਼ ਸਮੱਸਿਆਵਾਂ ਨਾਲ ਨਿਪਟਣ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ।
ਮਿਸਲ ਸਤਲੁਜ ਦੇ ਪ੍ਰਧਾਨ ਅਜੈਪਾਲ ਸਿੰਘ ਬਰਾੜ ਨੇ ਮਿਲਾਪੜੇ ਉੱਤਰੀ ਭਾਰਤ ਦੀ ਲੋੜ ’ਤੇ ਜੋਰ ਦਿੱਤਾ, ਜਿੱਥੇ ਸਾਰੇ ਭਾਈਚਾਰੇ ਆਪਣੇ ਵਖਰੇਵੇਂ ਛੱਡ ਇੱਕ ਸਾਂਝੇ, ਸੁਨਹਿਰੇ ਭਵਿੱਖ ਲਈ ਕੰਮ ਕਰਨ।
ਉੱਤਰੀ ਭਾਰਤ ਤੋਂ ਇਕੱਤਰਤਾ ਵਿੱਚ ਸ਼ਾਮਲ ਮਹੱਤਵਪੂਰਨ ਸ਼ਖਸੀਅਤਾਂ ਵਿੱਚ ਸਮਾਜਸੇਵੀ ਡਾ. ਸ਼ਿਆਮ ਲਾਲ, ਡਾ. ਕਪੂਰ ਸਿੰਘ, ਸਰਵ ਖਾਪ ਨੇਤਾ, ਡਾ. ਓਮਪ੍ਰਕਾਸ਼ ਧਨਖੜ, ਤੁਲਸੀ ਗਰੇਵਾਲ,  ਕਿਰਪਾਲ ਸਿੰਘ, ਡਾ. ਯਸ਼ਪਾਲ ਸਿੰਘ, ਰਾਮ ਕਿਸ਼ਨ ਪਾਵੜੀਆ, ਮਿਸਲ ਸਤਲੁਜ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਸੇਖੋਂ, ਹਰਪ੍ਰੀਤ ਸਿੰਘ ਦੌਦ ਸਮੇਤ ਹੋਰ ਕਈ ਚਿਹਰੇ ਸ਼ਾਮਲ ਸਨ।
ਹੋਰ ਪੜ੍ਹੋ 👉  ਧਾਮੀ ਰੱਦ ਹੋਈ ਮੀਟਿੰਗ ਦੇ ਸੁਖਬੀਰ ਧੜੇ ਦੇ ਲੁਕਵੇਂ ਏਜੰਡੇ ਨੂੰ ਜਨਤਕ ਕਰਨ: ਭਾਈ ਮਨਜੀਤ ਸਿੰਘ

Leave a Reply

Your email address will not be published. Required fields are marked *