ਚੰਡੀਗੜ੍ਹ, 7 ਦਸੰਬਰ (ਖ਼ਬਰ ਖਾਸ ਬਿਊਰੋ)
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਵਿਭਾਗ ਵਿੱਚ ਭਰਤੀ ਹੋਏ ਤਿੰਨ ਨਵੇਂ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ। ਚੰਡੀਗੜ੍ਹ ਵਿਖੇ ਉਨ੍ਹਾਂ ਵਿਭਾਗ ਵਿੱਚ ਭਰਤੀ ਹੋਏ ਲਾਅ ਅਫ਼ਸਰ ਕੁਲਵੰਤ ਸਿੰਘ ਅਤੇ ਕਲਰਕ ਰੁਪਾਲੀ ਤੇ ਮਿਲਨਪ੍ਰੀਤ ਕੌਰ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਵਿਭਾਗ ਵਿੱਚ ਜੀ ਆਇਆ ਆਖਦਿਆਂ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਤੇ ਵਿਭਾਗ ਦੇ ਸਕੱਤਰ ਰਾਹੁਲ ਤਿਵਾੜੀ ਵੀ ਹਾਜ਼ਰ ਸਨ।
ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਢਾਈ ਸਾਲ ਦੇ ਸਮੇਂ ਦੌਰਾਨ ਹੁਣ ਤੱਕ 50 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਦੀ ਸਰਕਾਰੀ ਭਰਤੀ ਕੀਤੀ ਗਈ ਹੈ। ਮਕਾਨ ਉਸਾਰੀ ਦੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ 223 ਮੁਲਾਜ਼ਮਾਂ ਦੀ ਭਰਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਆਉਂਦੇ ਸਮੇਂ ਵਿੱਚ ਖਾਲੀ ਅਸਾਮੀਆਂ ਭਰ ਕੇ ਹੋਰ ਭਰਤੀ ਕੀਤੀ ਜਾਵੇਗੀ।
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਸੂਬੇ ਦੀ ਨੌਜਵਾਨੀ ਨੂੰ ਸੂਬੇ ਵਿੱਚ ਹੀ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਨਿਵੇਸ਼ ਨੂੰ ਹੁਲਾਰਾ ਦਿੰਦਿਆਂ ਨਿਵੇਸ਼ਕਾਂ ਦੇ ਪੱਖੀ ਮਾਹੌਲ ਸਿਰਜਿਆ ਗਿਆ ਹੈ ਜਿਸ ਨਾਲ ਪ੍ਰਾਈਵੇਟ ਖੇਤਰ ਵਿੱਚ ਵੀ ਰੋਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ। ਇਸ ਨਾਲ ਸੂਬੇ ਦੇ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਮਿਲ ਰਿਹਾ ਹੈ।