ਚੰਡੀਗੜ 7 ਦਸੰਬਰ (ਖ਼ਬਰ ਖਾਸ ਬਿਊਰੋ)
ਅੱਜ ਇੱਥੋਂ ਜਾਰੀ ਬਿਆਨ ਵਿੱਚ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਘੁਵੀਰ ਸਿੰਘ ਅਤੇ ਪੰਜ ਸਿੰਘ ਸਹਿਬਾਨ ਵੱਲੋਂ ਹੋਏ ਹੁਕਮ ਦੀ ਪਾਲਣਾ ਕਰਦੇ ਹੋਏ ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਸਮੇਟਣ ਦਾ ਫੈਸਲਾ ਉਸੇ ਹੀ ਦਿਨ ਕਰ ਲਿਆ ਗਿਆ ਸੀ। ਇਸ ਫੈਸਲੇ ਨੂੰ ਰਸਮੀ ਤੌਰ ਤੇ ਲਾਗੂ ਕਰਨ ਵਾਸਤੇ 9 ਦਸੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਖੇ ਸਵੇਰੇ 11 ਵਜੇ ਸਮੁੱਚੀ ਲੀਡਰਸ਼ਿਪ ਦੀ ਇਕੱਤਰਤਾ ਬੁਲਾਈ ਗਈ ਹੈ। ਜਿਸ ਵਿੱਚ ਪਰਜੀਡੀਅਮ, ਐਗਜੈਕਟਿਵ ਅਤੇ ਸਲਾਹਕਾਰ ਬੋਰਡ ਦੇ ਮੈਂਬਰ ਸ਼ਾਮਿਲ ਹੋਣਗੇ ।
ਜਥੇ: ਵਡਾਲਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਕੰਮ ਕਾਜ ਵਿੱਚ ਆਈਆਂ ਉਣਤਾਈਆਂ ਅਤੇ ਪਾਰਟੀ ਲੀਡਰਸ਼ਿਪ ਵੱਲੋਂ ਸੀਨੀਅਰ ਆਗੂਆਂ ਦੀ ਸਲਾਹ ਬਗੈਰ ਲਏ ਗਲਤ ਫੈਸਲਿਆਂ ਕਰਕੇ ਪਾਰਟੀ ਵਿੱਚ ਸੁਧਾਰ ਲਿਆਉਣ ਦੀ ਜਰੂਰਤ ਸੀ। ਇਸ ਮਨੋਰਥ ਨਾਲ ਅਸੀਂ ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚਲਾਈ ਸੀ।
ਜਥੇਦਾਰ ਸਾਹਿਬਾਨ ਦੇ ਫ਼ੈਸਲਿਆਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਹੋਰ ਉੱਚਾ ਹੋਇਆ ਹੈ। ਦੁਨੀਆ ਭਰ ਵਿਚ ਸੰਗਤਾਂ ਨੇ ਜਿਸ ਪ੍ਰਕਿਰਿਆ ਨਾਲ ਮਰਿਆਦਾ ਦੀ ਪਾਲਣਾ ਕਰਦੇ ਹੋਏ ਸਿੰਘ ਸਹਿਬਾਨ ਨੇ ਫੈਸਲੇ ਲਏ ਉਸ ਉੱਪਰ ਤਸੱਲੀ ਪ੍ਰਗਟ ਕੀਤੀ ਹੈ।
ਸਿੰਘ ਸਾਹਿਬਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਹਦਾਇਤ ਕੀਤੀ ਗਈ ਸੀ ਕਿ ਸੁਖਬੀਰ ਸਿੰਘ ਬਾਦਲ ਸਮੇਤ ਜਿਨਾਂ ਲੀਡਰਾਂ ਨੇ ਅਸਤੀਫੇ ਦਿੱਤੇ ਸਨ ਉਨ੍ਹਾਂ ਦੇ ਅਸਤੀਫੇ ਪ੍ਰਵਾਨ ਕਰਕੇ ਤੇ 3 ਦਿਨਾਂ ਦੇ ਅੰਦਰ-ਅੰਦਰ ਅਕਾਲ ਤਖਤ ਸਾਹਿਬ ਨੂੰ ਇਤਲਾਹ ਦਿੱਤੀ ਜਾਵੇ। ਸਿੱਖ ਪੰਥ ਨੂੰ ਇਸ ਗੱਲ ਦੀ ਬੜੀ ਹੈਰਾਨੀ ਹੋਈ ਅਤੇ ਰੋਸ ਪਾਇਆ ਜਾ ਰਿਹਾ ਹੈ ਕਿ ਸਮਾਂ ਬੀਤਣ ਬਾਅਦ ਵੀ ਅਸਤੀਫਿਆਂ ਦਾ ਫ਼ੈਸਲਾ ਸ੍ਰੋਮਣੀ ਅਕਾਲੀ ਦਲ ਵੱਲੋਂ ਨਹੀਂ ਲਿਆ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਇਨ ਬਿਨ ਹਰ ਗੁਰਸਿੱਖ ਨੂੰ ਪਾਲਣਾ ਕਰਨੀ ਚਾਹੀਦੀ ਹੈ, ਲੇਕਿਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਬਹਾਨਾ ਲਗਾ ਕੇ ਅਸਤੀਫਿਆਂ ਨੂੰ ਟਾਲਣ ਦੀ ਕੋਸ਼ਿਸ਼ ਕਰਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਦੇ ਬਰਾਬਰ ਹੈ।
ਜਥੇ: ਵਡਾਲਾ ਨੇ ਜ਼ੋਰ ਦੇ ਕੇ ਕਿਹਾ ਕਿ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅਤੇ ਉਹ ਲੀਡਰ ਜੋ ਸਿੰਘ ਸਾਹਿਬਾਨ ਦੇ ਹੁਕਮਾਂ ਦੀ ਪਾਲਣਾ ਕਰਨ ਵਿੱਚ ਰੁਕਾਵਟਾਂ ਖੜੀਆਂ ਕਰ ਰਹੇ ਹਨ, ਅੱਜ ਉਹ ਸਮੁੱਚੇ ਸਿੱਖ ਪੰਥ ਦੇ ਕਟਹਿਰੇ ਵਿੱਚ ਖੜੇ ਹਨ। ਅਗਰ ਏਨਾ ਕੁਝ ਹੋਣ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸਬਕ ਨਹੀਂ ਸਿੱਖਿਆ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਚੁਣੌਤੀ ਦੇ ਰਹੇ ਹਨ, ਫੇਰ ਇਹਨਾਂ ਨੂੰ ਆਪਣੇ ਆਪ ਨੂੰ ਪੰਥਕ ਅਖਵਾਉਣ ਦਾ ਕੋਈ ਅਧਿਕਾਰ ਨਹੀਂ ਹੈ। ਇਹਨਾਂ ਕਾਰਨਾਮਿਆਂ ਕਰਕੇ ਸਿੱਖਾਂ ਦੀ ਮਾਨਸਿਕਤਾ ਨੂੰ ਬਹੁਤ ਢਾਹ ਲੱਗ ਰਹੀ ਹੈ।
ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਵਾਸਤੇ ਕਮੇਟੀ ਨੂੰ ਸਿੱਖ ਪੰਥ ਅਤੇ ਪੰਜਾਬੀਆਂ ਵੱਲੋਂ ਮਾਨਤਾ ਦਿੱਤੀ ਜਾ ਰਹੀ ਹੈ ਅਤੇ ਸਰਾਇਆ ਗਿਆ ਹੈ। ਵੱਖ ਵੱਖ ਸੰਸਥਾਵਾਂ, ਅਦਾਰਿਆਂ ਅਤੇ ਵਰਗਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ ਕਿ ਇਸ ਕਮੇਟੀ ਨੂੰ ਲੈ ਕੇ ਸੰਗਤਾਂ ਦੇ ਵਿੱਚ ਬਹੁਤ ਵੱਡੀ ਆਸ ਬੱਝ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਮੁੱਢ ਤੋ ਸੁਰਜੀਤ ਕਰਨ ਵਾਸਤੇ ਇਸ ਕਮੇਟੀ ਦਾ ਵੱਡਾ ਯੋਗਦਾਨ ਪੈ ਸਕੇਗਾ। ਇਸ ਕਮੇਟੀ ਨੂੰ ਲੈ ਕੇ ਪੰਜਾਬ ਦੇ ਲੋਕ ਉਡੀਕ ਕਰ ਰਹੇ ਹਨ ਕੇ ਕਦੋਂ ਇਹ ਕਮੇਟੀ ਆਪਣੀ ਭਰਤੀ ਦਾ ਕੰਮ ਸ਼ੁਰੂ ਕਰੇਗੀ। ਸਮੁੱਚੇ ਪੰਜਾਬੀ ਇਸ ਭਰਤੀ ਵਿੱਚ ਸ਼ਾਮਿਲ ਹੋਣ ਲਈ ਤਾਂਗ ਲਾ ਕੇ ਬੈਠੇ ਹਨ।
ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਜਿਹੜੀ ਕਿ ਖਾਲਸਾ ਪੰਥ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਆਈ ਹੈ ਨੂੰ ਸਮੁੱਚੇ ਪੰਜਾਬੀ ਬੁਲੰਦੀਆਂ ਤੇ ਦੇਖਣਾ ਚਾਹੁੰਦੇ ਹਨ। ਸੀ ਅਕਾਲ ਤਖਤ ਸਾਹਿਬ ਤੋਂ ਹੋਏ ਫੈਸਲੇ ਇਹਨਾਂ ਸਾਰੀਆਂ ਭਾਵਨਾਵਾਂ ਨੂੰ ਦਰਸਾਉਂਦੇ ਹਨ ਅਤੇ ਇਤਿਹਾਸਿਕ ਮੰਨੇ ਗਏ ਹਨ।