ਵੀਡੀਓ ਸਬੂਤਾਂ ਤੋਂ ਜਗ-ਜਾਹਿਰ ਹਮਲਾ ਸਰਕਾਰ ਨੇ ਕਰਵਾਇਆ: ਬਿਕਰਮ ਮਜੀਠੀਆ

 

ਚੰਡੀਗੜ੍ਹ, 7 ਦਸੰਬਰ (ਖ਼ਬਰ ਖਾਸ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਅਕਾਲੀ ਦਲ ਦਾ ਵਫਦ ਛੇਤੀ ਹੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੋਂ ਮਿਲਣ ਲਈ ਸਮਾਂ ਮੰਗੇਗਾ ਅਤੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਆਲੇ ਦੁਆਲੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਸਮੇਤ ਵੀਡੀਓ ਸਬੂਤ ਦੇ ਕੇ ਸਾਬਤ ਕਰੇਗਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਹੀ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਕਰਵਾਇਆ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਾਰਟੀ ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਐਸ ਪੀ ਹਰਪਾਲ ਸਿੰਘ ਰੰਧਾਵਾ ਤੇ ਹੋਰ ਪੁਲਿਸ ਅਧਿਕਾਰੀਆਂ ਵੱਲੋਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅਤਿਵਾਦੀ ਨਰਾਇਣ ਸਿੰਘ ਚੌੜਾ ਦੇ ਸਰਦਾਰ ਸੁਖਬੀਰ ਬਾਦਲ ਨੇੜੇ ਪਹੁੰਚਣ ਅਤੇ ਉਹਨਾਂ ਦੇ ਐਨ ਨੇੜਿਓਂ ਗੋਲੀ ਮਾਰਨ ਵਿਚ ਮਦਦ ਕਰਨ ਲਈ ਉਹਨਾਂ ਖਿਲਾਫ ਪੁਲਿਸ ਕੇਸ ਦਰਜ ਕਰਨ ਦੀ ਵੀ ਮੰਗ ਕਰਦੀ ਹੈ।

ਅਕਾਲੀ ਆਗੂ ਨੇ ਕਿਹਾ ਕਿ ਪਾਰਟੀ ਇਹਵੀ  ਸਪਸ਼ਟ ਕਰੇਗੀ ਕਿ ਆਪ ਸਰਕਾਰ ਖ਼ਤਰਨਾਕ ਇਵੈਂਟ ਮੈਨੇਜਮੈਂਟ ਦੇ ਕੰਮਾਂ ਵਿਚ ਲੱਗੀ ਹੈ ਜਿਸਦਾ ਪੰਜਾਬ ਦੀ ਅਮਨ ਸ਼ਾਂਤੀ ਤੇ ਆਪਸੀ ਭਾਈਚਾਰੇ ’ਤੇ ਮਾਰੂ ਅਸਰ ਪੈ ਸਕਦਾ ਹੈ। ਉਹਨਾਂ ਕਿਹਾ ਕਿ ਅਸੀਂ ਇਸ ਗੱਲ ਲਈ ਸਹਿਮਤ ਹਾਂ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਹੀ ਸੂਬੇ ਦਾ ਮਾਹੌਲ ਖਰਾਬ ਕਰਨ ਦੇ ਇਹਨਾਂ ਯਤਨਾਂ ਦੇ ਪਿੱਛੇ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਉਸਦੀ ਯੋਜਨਾ ਨੂੰ ਅਮਲੀ ਜਾਮਾ ਪਹਿਨਾ ਰਹੇ ਹਨ।

ਵਿਸਥਾਰਿਤ ਵੇਰਵੇ ਸਾਂਝੇ ਕਰਦਿਆਂ ਸਰਦਾਰ ਮਜੀਠੀਆ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਵਿਸਥਾਰਿਤ ਸੀ ਸੀ ਟੀ ਵੀ ਫੁਟੇਜ ਵੀ ਵਿਖਾਈ ਜਿਸ ਵਿਚ ਸਪਸ਼ਟ ਹੈ ਕਿ ਐਸ ਪੀ ਹਰਪਾਲ ਰੰਧਾਵਾ ਨਾ ਸਿਰਫ ਕੰਪਲੈਕਸ ਵਿਚ ਹਮਲਾਵਰ ਨਰਾਇਣ ਚੌੜਾ ਨੂੰ ਮਿਲ ਰਿਹਾ ਹੈ ਬਲਕਿ ਉਸ ਨਾਲ ਹੱਥ ਮਿਲ ਰਿਹਾ ਹੈ ਤੇ ਅਤਿਵਾਦੀ ਦੇ ਕੰਨ ਵਿਚ ਕੁਝ ਆਖ ਰਿਹਾ ਹੈ।
ਅਕਾਲੀ ਆਗੂ ਨੇ ਉਹ ਫੁਟੇਜ ਵੀ ਰਿਲੀਜ਼ ਕੀਤੀ ਜਿਸ ਵਿਚ ਐਸ ਪੀ ਲੰਗਰ ਹਾਲ ਵਿਚ ਸੇਵਾ ਕਰਨ ਵੇਲੇ ਯੂਥ ਆਗੂ ਪਰਮਬੰਸ ਸਿੰਘ ਰੋਮਾਣਾ ਤੇ ਹੋਰ ਆਗੂ ਜੋ ਸਰਦਾਰ ਬਾਦਲ ਨਾਲ ਖੜ੍ਹੇ ਸਨ, ਨੂੰ ਧੱਕਾ ਮਾਰ ਕੇ ਸਰਦਾਰ ਬਾਦਲ ਨੂੰ ਅਲੱਗ ਥਲੱਗ ਕਰ ਦਿੰਦਾ ਹੈ। ਉਹਨਾਂ ਕਿਹਾ ਕਿ ਇਸ ਸਭ ਤੋਂ ਸਪਸ਼ਟ ਹੈ ਕਿ ਇਹ ਪੁਲਿਸ ਅਫਸਰ ਇਕ ਅਜਿਹੀ ਕਹਾੜੀ ਮੁਤਾਬਕ ਕੰਮ ਕਰ ਰਿਹਾ ਸੀ ਜਿਸਦਾ ਮਕਸਦ ਨਰਾਇਣ ਚੌੜਾ ਦਾ ਟੀਚਾ ਪੂਰਾ ਕਰਵਾਉਣਾ ਸੀ।

ਇਕ ਹੋਰ ਨਵੀਂ ਫੁਟੇਜ ਵਿਚ ਸਰਦਾਰ ਮਜੀਠੀਆ ਨੇ ਵਿਖਾਇਆ ਕਿ ਕਿਵੇਂ ਚੌੜਾ 3 ਅਤੇ 4 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਰੇਕੀ ਕਰਦਾ ਨਜ਼ਰ ਆਉਂਦਾ ਹੈ। ਉਹਨਾਂ ਕਿਹਾ ਕਿ 4 ਦਸੰਬਰ ਨੂੰ ਚੌੜਾ ਲਗਾਤਾਰ ਦੋ ਘੰਟੇ ਸ੍ਰੀ ਹਰਿਮੰਦਿਰ ਸਾਹਿਬ ਦੀਆਂ ਪੌੜੀਆਂ ਚੜ੍ਹਦਾ ਤੇ ਉਤਰਦਾ ਰਿਹਾ ਤਾਂ ਜੋ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪਿੱਛੇ ਆ ਸਕੇ। ਉਹਨਾਂ ਨੇ ਇਹ ਵੀ ਵਿਖਾਇਆ ਕਿ ਕਿਵੇਂ ਸਿਵਲ ਵਰਦੀ ਵਿਚ ਹਾਜ਼ਰ ਇਕ ਪੁਲਿਸ ਮੁਲਾਜ਼ਮ ਚੌੜਾ ਦਾ ਮਾਰਗ ਦਰਸ਼ਨ ਕਰਦਾ ਹੈ ਤੇ ਉਸਨੂੰ ਦੱਸਦਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਕਿਥੇ ਬੈਠੇ ਹਨ।

ਇਸ ਦੋ ਘੰਟੇ ਮਗਰੋਂ ਚੌੜਾ ਕੰਪਲੈਕਸ ਦੇ ਬਾਹਰ ਬਾਥਰੂਮ ਜਾਂਦਾ ਹੈ ਤੇ ਇਥੇ ਹੀ ਸ਼ਾਇਦ ਆਪਣੀ ਸੈਮੀ ਆਟੋਮੈਟਿਕ ਪਿਸਟਲ ਨੂੰ ਕੋਕ ਕਰ ਕੇ ਲਿਆਉਂਦਾ ਹੈ ਤੇ ਫਿਰ ਸਰਦਾਰ ਸੁਖਬੀਰ ਬਾਦਲ ਕੋਲ ਪਹੁੰਚ ਕੇ ਉਹਨਾਂ ’ਤੇ ਗੋਲੀ ਚਲਾ ਦਿੰਦਾ ਹੈ।

ਮਜੀਠੀਆ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਪੁੱਛਿਆ ਕਿ ਜਿਹੜੇ 175 ਮੁਲਾਜ਼ਮ ਉਹ ਸ੍ਰੀ ਦਰਬਾਰ ਸਾਹਿਬ ਵਿਚ ਤਾਇਨਾਤ ਹੋਣ ਦੀ ਗੱਲ ਕਰਦੇ ਹਨ, ਉਹ 3 ਅਤੇ 4 ਦਸੰਬਰ ਨੂੰ ਕੀ ਕਰ ਰਹੇ ਸਨ ? ਉਹਨਾਂ ਕਿਹਾ ਕਿ ਜ਼ੈਡ ਪਲੱਸ ਸੁਰੱਖਿਆ ਪ੍ਰਾਪਤ ਵਿਅਕਤੀਆਂ ਦੇ ਲਈ ਸੂਬਾ ਪੁਲਿਸ ਨੇ ਉਹਨਾਂ ਸਾਰੇ ਲੋਕਾਂ ਦੀ ਨਿਗਰਾਨੀ ਰੱਖਣੀ ਹੁੰਦੀ ਹੈ ਜਿਹਨਾਂ ਤੋਂ ਉਸ ਵਿਅਕਤੀ ਨੂੰ ਖ਼ਤਰਾ ਹੁੰਦਾ ਹੈ। ਉਹਨਾਂ ਕਿਹਾ ਕਿ ਨਰਾਇਣ ਚੌੜਾ ਇਸ ਸੂਚੀ ਵਿਚ ਸ਼ਾਮਲ ਸੀ ਪਰ ਅੰਮ੍ਰਿਤਸਰ ਪੁਲਿਸ ਨੇ ਬਿਨਾਂ ਉਸਦੀ ਜਾਂਚ ਕੀਤਿਆਂ ਉਸਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਘੁੰਮਦੇ ਰਹਿਣ ਦੀ ਆਗਿਆ ਦਿੱਤੀ। ਉਹਨਾਂ ਕਿਹਾ ਕਿ ਪੁਲਿਸ ਨੇ ਅਜਿਹਾ ਕਿਉਂ ਕੀਤਾ, ਇਸਦੀ ਪੜਤਾਲ ਕਰਨ ਦੀ ਜ਼ਰੂਰਤ ਹੈ ਤੇ ਹਾਈ ਕੋਰਟ ਦੀ ਨਿਗਰਾਨੀ ਹੇਠ ਇਹ ਜਾਂਚ ਹੋਣੀ ਚਾਹੀਦੀ ਹੈ ਤਾਂ ਦੇਸ਼ ਵਿਰੋਧੀ ਤਾਕਤਾਂ ਨਾਲ ਰਲਣ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਢੁਕਵੀਂ ਸਜ਼ਾ ਮਿਲ ਸਕੇ।
ਹੋਰ ਪੜ੍ਹੋ 👉  ਦਿਵਿਆਂਗਜਨਾਂ ਦੇ ਯੂ.ਡੀ.ਆਈ.ਡੀ. ਕਾਰਡ ਬਣਾਉਣ ਸਬੰਧੀ ਪੈਂਡਿੰਗ ਅਰਜ਼ੀਆਂ ਦਾ ਨਿਪਟਾਰਾ ਮਹੀਨੇ ਦੇ ਅੰਦਰ ਕਰਨ ਦੇ ਹੁਕਮ

Leave a Reply

Your email address will not be published. Required fields are marked *