ਮਜੀਠੀਆ ਦਾ ਪੁਲਿਸ ਨੂੰ ਸਵਾਲ, ਸੁਖਬੀਰ ‘ਤੇ ਹਮਲੇ ਤੋਂ ਪਹਿਲਾਂ ਨਰਾਇਣ ਚੌੜਾ SP ਰੰਧਾਵਾਂ ਨਾਲ ਹੱਥ ਕਿਉਂ ਮਿਲਾ ਰਿਹਾ ਸੀ ?

ਚੰਡੀਗੜ੍ਹ, 5 ਦਸੰਬਰ (ਖ਼ਬਰ ਖਾਸ ਬਿਊਰੋ)
 ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਪੁਲਿਸ ਦੇ ਡੀਜੀਪੀ ਅਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਸਵਾਲ ਕੀਤਾ ਹੈ ਕਿ ਪੁਲਿਸ ਅਧਿਕਾਰੀ ਦੱਸਣ ਕਿ ਐਸ ਪੀ ਹਰਪਾਲ ਸਿੰਘ ਰੰਧਾਵਾ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅਤਿਵਾਦੀ ਨਰਾਇਣ ਸਿੰਘ ਚੌੜਾ ਨਾਲ 3 ਦਸੰਬਰ ਨੂੰ ਉਦੋਂ ਹੱਥ ਕਿਉਂ ਮਿਲਾਇਆ ਜਦੋਂ ਉਹ  ਸੁਖਬੀਰ ਸਿੰਘ ਬਾਦਲ ਦਾ ਕਤਲ ਕਰਨ ਤੋਂ ਇਕ ਦਿਨ ਪਹਿਲਾਂ 3 ਦਸੰਬਰ ਨੂੰ ਰੈਕੀ ਕਰ ਰਿਹਾ ਸੀ? ਅਤੇ ਪੁਲਿਸ ਨੇ ਉਸ ਅਤਿਵਾਦੀ ਨੂੰ ਉਸ ਵੇਲੇ ਹਿਰਾਸਤ ਵਿਚ ਕਿਉਂ ਨਹੀਂ ਲਿਆ ਜਦੋਂ ਕਿ ਉਸਨੂੰ ਪਤਾ ਸੀ ਕਿ ਇਹ ਅਤਿਵਾਦੀ ਕੀ ਕਰ ਸਕਦਾ ਹੈ

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੀ ਵੀਡੀਓ ਫੁਟੇਜ ਵੀ ਜਾਰੀ ਕੀਤੀ ਜਿਸ ਵਿਚ ਦਿਸ ਰਿਹਾ ਸੀ ਕਿ ਐਸ ਪੀ ਹਰਪਾਲ ਰੰਧਾਵਾ ਚੌੜਾ ਨਾਲ ਦੋਸਤਾਨਾ ਸੰਬੰਧ ਨਿਭਾ ਰਿਹਾ ਸੀ ਹਾਲਾਂਕਿ ਉਸਨੂੰ ਪਤਾ ਸੀ ਕਿ ਉਹ ਕੱਟੜ ਅਤਿਵਾਦੀ ਹੈ ਜਿਸ ਖਿਲਾਫ 30 ਤੋਂ ਵੱਧ ਪਰਚੇ ਦਰਜ ਹਨ। ਉਹਨਾਂ ਕਿਹਾ ਕਿ ਐਸ ਪੀ ਤੇ ਚੌੜਾ ਦੋਵੇਂ ਇਕੋ ਇਲਾਕੇ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਹਨ। ਉਹਨਾਂ ਨੇ ਇਹ ਵੀ ਵਿਖਾਇਆ ਕਿ ਕਿਵੇਂ ਪੁਲਿਸ ਨੇ ਚੌੜਾਂ ਦੀ ਪੈੜ ਤਾਂ ਨੱਪੀ ਪਰ ਉਸਨੂੰ ਗ੍ਰਿਫਤਾਰ ਨਹੀਂ ਕੀਤਾ ਜਿਸ ਕਾਰਣ ਪੰਜਾਬ ਪੁਲਿਸ ਦੇ ਰਵੱਈਏ ’ਤੇ ਸਵਾਲ ਖੜ੍ਹੇ ਹੋ ਗਏ ਹਨ।

ਸਰਦਾਰ ਮਜੀਠੀਆ ਨੇ ਕਿਹਾ ਕਿ ਬੀਤੇ ਕੱਲ੍ਹ ਵੀ ਐਸ ਪੀ ਰੰਧਾਵਾ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਸੂਚਨਾ ਦਫਤਰ ਵਿਚ ਸਰਦਾਰ ਬਾਦਲ ’ਤੇ ਹਮਲੇ ਤੋਂ ਸਿਰਫ ਤਿੰਨ ਮਿੰਟ ਪਹਿਲਾਂ ਪਹੁੰਚੇ ਸਨ ਤੇ ਉਹਨਾਂ ਮੁਸਤੈਦ ਹੋਣ ਦਾ ਦਾਅਵਾ ਕੀਤਾ ਸੀ।

ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਆਮ ਆਦਮੀ ਪਾਰਟੀ (ਆਪ) ਦੇ ਦਬਾਅ ਅੱਗੇ ਝੁਕਣ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਉਹਨਾਂ ਨੇ ਜਾਣ ਬੁੱਝ ਕੇ ਇਕ ਮੀਡੀਆ ਕਰਮੀ ਨੂੰ ਆਪਣੀ ਰਿਹਾਇਸ਼ ’ਤੇ ਸੱਦਿਆ ਅਤੇ ਇਕ ਬਿਆਨ ਦੇ ਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਮਦਰਦੀ ਲੈਣ ਵਾਸਤੇ ਇਹ ਹਮਲਾ ਕਰਵਾਇਆ ਹੋ ਸਕਦਾ ਹੈ।
ਉਹਨਾਂ ਕਿਹਾ ਕਿ ਇਹ ਕੋਰਾ ਝੂਠ ਹੈ ਅਤੇ ਅੰਮ੍ਰਿਤਸਰ ਪੁਲਿਸ ਵੱਲੋਂ ਸਰਦਾਰ ਬਾਦਲ ਦੀ ਸੁਰੱਖਿਆ ਕਰਨ ਵਿਚ ਬਿਲਕੁਲ ਨਾਕਾਮ ਰਹਿਣ ਤੋਂ ਧਿਆਨ ਪਾਸੇ ਕਰਨ ਵਾਸਤੇ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਚੰਗਾ ਹੋਵੇਗਾ ਕਿ ਪੁਲਿਸ ਕਮਿਸ਼ਨਰ ਪੰਜਾਬੀਆਂ ਨੂੰ ਦੱਸਣ ਕਿ ਜਦੋਂ 175 ਪੁਲਿਸ ਮੁਲਾਜ਼ਮ ਸ੍ਰੀ ਦਰਬਾਰ ਸਾਹਿਬ ਵਿਖੇ ਤਾਇਨਾਤ ਸਨ ਤਾਂ ਉਹਨਾਂ ਵਿਚੋਂ ਕਿਸੇ ਇਕ ਨੇ ਵੀ ਚੌੜਾ ਦੀ ਤਲਾਸ਼ੀ ਲੈ ਕੇ ਉਸਨੂੰ ਗ੍ਰਿਫਤਾਰ ਕਰਨਾ ਵਾਜਬ ਨਹੀਂ ਸਮਝਿਆ।

ਸਰਦਾਰ ਮਜੀਠੀਆ ਨੇ ਇਹ ਵੀ ਸਪਸ਼ਟ ਕੀਤਾ ਕਿ ਇਹ ਹਮਲਾ ਬਾਦਲ ਪਰਿਵਾਰ ਦੇ ਨਾਲ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਅਸਫਲ ਬਣਾਇਆ ਹੈ ਜੋ ਬੀਤੇ ਕੱਲ੍ਹ ਅਧਿਕਾਰਤ ਤੌਰ ’ਤੇ ਡਿਊਟੀ ’ਤੇ ਤਾਇਨਾਤ ਨਹੀਂ ਸਨ।
ਉਹਨਾਂ ਕਿਹਾ‌ ਕਿ ਜਸਬੀਰ ਸਿੰਘ ਅਸਲ ਵਿਚ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨਾਲ ਤਾਇਨਾਤ ਹਨ ਜਿਹਨਾਂ ਨੂੰ 3 ਦਸੰਬਰ ਨੂੰ ਅੰਮ੍ਰਿਤਸਰ ਇਸ ਵਾਸਤ ਭੇਜਿਆ ਗਿਆ ਸੀ ਕਿ ਉਹ ਸ੍ਰੀ ਦਰਬਾਰ ਸਾਹਿਬ ਵਿਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਫੇਰੀ ਦੌਰਾਨ ਨਾਲ ਰਹਿਣ ਜੋ ਕਿ ਗੁਰੂ ਘਰ ਵਿਚ ਸੇਵਾ ਕਰ ਰਹੇ ਸਨ।

ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਮੌਕੇ ਦੀ ਸੀ ਸੀ ਟੀ ਵੀ ਫੁਟੇਜ ਜਨਤਕ ਕਰਨ ਖਿਲਾਫ ਸ਼੍ਰੋਮਣੀ ਕਮੇਟੀ ਸਟਾਫ ਨੂੰ ਧਮਕਾ ਰਹੀ ਹੈ ਕਿਉਂਕਿ ਇਸ ਫੁਟੇਜ ਕਾਰਨ ਪੁਲਿਸ ਦੀ ਅਸਫਲਤਾ ਜੱਗ ਜ਼ਾਹਰ ਹੋ ਰਹੀ ਹੈ।

ਅਕਾਲੀ ਆਗੂ ਨੇ ਇਹ ਵੀ ਦੱਸਿਆ ਕਿ ਹਾਲ ਹੀ ਵਿਚ ਅਤਿਵਾਦੀ ਗਤੀਵਿਧੀਆਂ ਵਿਚ ਕਿਵੇਂ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿਚ ਅਜਨਾਲਾ ਵਿਚ ਆਰ ਡੀ ਐਕਸ ਦੀ ਰਿਕਵਰੀ ਤੋਂ ਬਾਅਦ ਮਜੀਠਾ ਪੁਲਿਸ ਥਾਣ ਵਿਚ ਗ੍ਰਨੇਡ ਹਮਲਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਹਮਲੇ ਕਾਰਣ ਪੁਲਿਸ ਥਾਣੇ ਦੀਆਂ ਸਾਰੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਹਨ ਅਤੇ ਕਾਫੀ ਨੁਕਸਾਨ ਹੋਇਆ ਹੈ ਜਦੋਂ ਕਿ ਮਜੀਠਾ ਪੁਲਿਸ ਝੂਠੇ ਦਾਅਵੇ ਕਰ ਰਹੀ ਹੈ ਕਿ ਹਮਲਾ ਟਾਇਰ ਫਟਣ ਕਾਰਣ ਹੋਇਆ ਹੈ ਜਦੋਂ ਕਿ ਅਸਲ ਵਿਚ ਬੀ ਕੇ ਆਈ ਨੇ ਇਸ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਵੀ ਲੈ ਲਈ ਹੈ, ਜਿਸ ਤੋਂ ਪੰਜਾਬ ਪੁਲਿਸ ਬੇਨਕਾਬ ਹੋ ਗਈ ਹੈ।

ਅਕਾਲੀ ਆਗੂ ਨੇ ਅਕਾਲੀ ਦਲ ਅਤੇ ਸਰਦਾਰ ਬਾਦਲ ਦੇ ਖਿਲਾਫ ਸੋਸ਼ਲ ਮੀਡੀਆ ’ਤੇ ਪੈਸੇ ਦੀ ਅਦਾਇਗੀ ਕਰ ਕੇ ਚਲਾਈ ਜਾ ਰਹੀ ਨਫਰਤੀ ਮੁਹਿੰਮ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਅਕਾਲੀ ਦਲ ਇਸ ਮਾਮਲੇ ਵਿਚ ਸੂਬਾ ਪੁਲਿਸ ਕੋਲ ਸਾਈਬਰ ਅਪਰਾਧ ਸ਼ਿਕਾਇਤ ਵੀ ਦਰਜ ਕਰੇਗਾ। ਉਹਨਾਂ ਕਿਹਾ ਕਿ ਪਾਰਟੀ ਇਸ ਮਾਮਲੇ ਵਿਚ ਸੋਸ਼ਲ ਮੀਡੀਆ ’ਤੇ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਤੋੜ ਮਰੋੜ ਕੇ ਅਤੇ ਝੂਠੇ ਦਾਅਵੇ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਵੀ ਕਰੇਗੀ।
ਹੋਰ ਪੜ੍ਹੋ 👉  ਮੋਹਾਲੀ 'ਚ ਬਹੁਮੰਜ਼ਲੀ ਇਮਾਰਤ ਡਿੱਗਣ ਦਾ ਮਾਮਲਾ, ਸਮਾਂਬੱਧ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ

Leave a Reply

Your email address will not be published. Required fields are marked *