ਅੰਮ੍ਰਿਤਸਰ ਸਾਹਿਬ, 4 ਦਸੰਬਰ (ਖ਼ਬਰ ਖਾਸ ਬਿਊਰੋ)
ਅਤੀਤ ਵਿਚ ਹੋਈਆਂ ਧਾਰਮਿਕ ਬੱਜਰ ਗਲਤੀਆਂ ਦੀ ਸਜ਼ਾ ਭੁਗਤ ਰਹੇ ਸੁਖਬੀਰ ਬਾਦਲ ਨੂੰ ਬੁਧਵਾਰ ਨੂੰ ਇਕ ਵਿਅਕਤੀ ਨੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ। ਜਿਸਨੂੰ ਸੁਰੱਖਿਆ ਮੁਲਾਜ਼ਮਾਂ ਤੇ ਸੇਵਾਦਾਰਾਂ ਨੇ ਮੌਕੇ ਉਤੇ ਕਾਬੂ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਫੜੇ ਗਏ ਵਿਅਕਤੀ ਦੀ ਪਛਾਣ ਨਰਾਇਣ ਸਿੰਘ ਚੋੜਾ ਵਜੋਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਨਰਾਇਣ ਸਿੰਘ ਚੌੜਾ ਨੇ ਇਕ ਗੋਲੀ ਚਲਾਈ।ਪੁਲਿਸ ਨੇ ਨਰਾਇਣ ਸਿੰਘ ਚੌੜਾ ਨੂੰ ਮੌਕੇ ਉਤੇ ਗ੍ਰਿਫਤਾਰ ਕਰ ਲਿਆ। ਇਥੇ ਦੱਸਿਆ ਜਾਂਦਾ ਹੈ ਕਿ ਨਰਾਇਣ ਸਿੰਘ ਚੌੜਾ ਦਾ ਨਾਮ ਪਹਿਲਾਂ ਬੁੜੈਲ ਜੇਲ ਬ੍ਰੇਕ ਕਾਂਡ ਵਿਚ ਵੀ ਆਇਆ ਸੀ। ਇਸਤੋਂ ਇਲਾਵਾ ਪੁਲਿਸ ਨੇ ਅੱਤਵਾਦ ਗਤੀਵਿਧੀਆ ਨੂੰ ਲੈ ਕੇ ਉਸਨੂੰ ਕਈ ਮਾਮਲਿਆਂ ਵਿਚ ਗ੍ਰਿਫ਼ਤਾਰ ਵੀ ਕੀਤਾ ਸੀ। ਚੌੜਾ ਕਈ ਮਾਮਲਿਆਂ ਵਿਚ ਬਰੀ ਹੋ ਚੁੱਕਿਆ ਹੈ ਤੇ ਕਈਆਂ ਵਿਚ ਜਮਾਨਤ ਉਤੇ ਦੱਸਿਆ ਜਾਂਦਾ ਹੈ।
ਉਧਰ ਅਕਾਲੀ ਨੇਤਾ ਡਾ ਦਲਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਰਾਇਣ ਸਿੰਘ ਚੋੜਾ ਨੇ ਸੁਖਬੀਰ ਬਾਦਲ ਨੂੰ ਗੋਲੀ ਮਾਰਨ ਦਾ ਨੇੜੇ ਤੋਂ ਯਤਨ ਕੀਤਾ, ਵਾਹਿਗੁਰੂ ਦੀ ਕਿਰਪਾ ਨਾਲ ਬਚਾਅ ਹੋ ਗਿਆ ਹੈ। ਉਹਨਾਂ ਦੱਸਿਆ ਕਿ ਸੁਰੱਖਿਆ ਮੁਲਾਜ਼ਮ ਜੇਕਰ ਚੋੜਾ ਨੂੰ ਮੌਕੇ ਉਤੇ ਕਾਬੂ ਨਾ ਕਰਦੇ ਤਾਂ ਉਹ ਸੁਖਬੀਰ ਬਾਦਲ ਦਾ ਨੁਕਸਾਨ ਕਰ ਸਕਦਾ ਸੀ। ਚੀਮਾ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਵਿਗੜੀ ਹੋਈ ਹੈ। ਉਹਨਾਂ ਕਿਹਾ ਕਿ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਉਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।