ਸ੍ਰੀ ਅੰਮ੍ਰਿਤਸਰ ਸਾਹਿਬ, 4 ਦਸੰਬਰ (ਖ਼ਬਰ ਖਾਸ ਬਿਊਰੋ)
ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂ ਆਪਣੀ ਧਾਰਮਿਕ ਸਜ਼ਾ ਭੁਗਤਣ ਦੇ ਦੂਜੇ ਦਿਨ ਸੱਚਖੰਡ ਦਰਬਾਰ ਸਾਹਿਬ, ਹਰਮੰਦਰ ਸਾਹਿਬ ਅੰਮ੍ਰਤਿਸਰ ਪੁੱਜੇ। ਜਿਹਨਾਂ ਨੇ ਅਕਾਲ ਤਖ਼ਤ ਦੇ ਹੁਕਮ ਅਨੁਸਾਰ ਗਲਾਂ ਵਿਚ ਗੁਨਾਹਕਾਰ ਵਾਲੀਆਂ ਤਖ਼ਤੀਆਂ ਪਾਈਆਂ ਹੋਈਆਂ ਸਨ।
ਬੁੱਧਵਾਰ ਨੂੰ ਦੂਜੇ ਦਿਨ ਸੁਖਬੀਰ ਬਾਦਲ ਸਵੇਰੇ 9 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ ਘੰਟਾ ਘਰ ਦੇ ਬਾਹਰ ਵੀਅਲ ਚੇਅਰ ‘ਤੇ ਪੁੱਜੇ। ਉਹਨਾਂ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨੁਸਾਰ ਹੱਥ ਵਿਚ ਬਰਛਾ ਫੜਿਆ ਹੋਇਆ ਅਤੇ ਸੇਵਾਦਾਰ ਵਾਲਾ ਚੋਲਾ ਪਾਇਆ ਹੋਇਆ ਹੈ। ਸੁਖਬੀਰ ਬਾਦਲ ਨੂੰ ਪੈਰ ਵਿਚ ਫਰੈਕਚਰ ਅਤੇ ਸੁਖਦੇਵ ਸਿੰਘ ਢੀਂਡਸਾ ਨੂੰ ਬਜ਼ੁਰਗ ਤੇ ਸਿਹਤ ਠੀਕ ਨਾ ਹੋਣ ਕਾਰਨ ਟੁਆਇਲਟ ਦੀ ਸਫਾਈ ਦੀ ਛੋਟ ਦਿੰਦੇ ਹੋਏ ਇਕ ਇਕ ਘੰਟਾਂ ਪੰਜ ਗੁਰੂ ਘਰਾਂ ਦੇ ਮੁੱਖ ਦੁਆਰ ‘ਤੇ 2-2 ਦਿਨ ਸੇਵਾਦਾਰਾਂ ਵਾਲਾ ਨੀਲਾ ਚੋਲਾ ਪਾ ਕੇ ਹੱਥ ਵਿਚ ਬਰਛਾ ਫੜ੍ਹ ਕੇ ਪਹਿਰੇਦਾਰੀ ਕਰਨ ਦੀ ਧਾਰਮਿਕ ਸੇਵਾ ਲਗਾਈ ਗਈ ਹੈ।
ਸਾਰੇ ਆਗੂਆਂ ਨੇ ਧਾਰਮਿਕ ਸੇਵਾ ਕੱਲ ਸੌਮਵਾਰ ਤਿੰਨ ਦਸੰਬਰ ਨੂੰ ਸ਼ੁਰੂ ਕਰ ਦਿੱਤੀ ਸੀ। ਘੰਟਾ ਘਰ ਵਿਖੇ ਸੇਵਾ ਸ਼ੁਰੂਆਤ ਸਮੇਂ ਸੁਖਬੀਰ ਬਾਦਲ ਨੇ ਸੇਵਾਦਾਰ ਵਾਲਾ ਨੀਲਾ ਚੋਲਾ ਪਹਿਣ ਕੇ ਗਲ ਵਿਚ ਗੁਰਬਾਣੀ ਲਿਖਤ ਤਖਤੀ ਪਾ ਕੇ ਸੇਵਾ ਲਈ ਤਾਇਨਾਤ ਹੋਏ। ਇਸ ਮੌਕੇ ਸੁਖਦੇਵ ਸਿੰਘ ਢੀਡਸਾ ਵੀ ਸੇਵਾਦਾਰ ਦੇ ਬਾਣੇ ਵਿੱਚ ਸੇਵਾ ਭੁਗਤਣ ਲਈ ਬੈਠੇ ਹੋਏ ਹਨ |
ਅੱਜ ਫਿਰ ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ, ਡਾ. ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ, ਬਲਵਿੰਦਰ ਸਿੰਘ ਭੂੰਦੜ, ਸੁੱਚਾ ਸਿੰਘ ਲੰਗਾਹ, ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਬਿਕਰਮ ਸਿੰਘ ਮਜੀਠੀਆ, ਸੁਰਜੀਤ ਸਿੰਘ ਰੱਖੜਾ, ਸੋਹਲ ਸਿੰਘ ਠੰਡਲ, ਸ਼ਰਨਜੀਤ ਸਿੰਘ ਢਿੱਲੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਜਨਮੇਜਾ ਸਿੰਘ ਸੇਖੋਂ, ਚਰਨਜੀਤ ਸਿੰਘ ਅਟਵਾਲ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਾਰੀਆਂ ਸੇਵਾ ਕਰਨਗੇ। ਇਸ ਤੋਂ ਬਾਅਦ ਦੋ-ਦੋ ਦਿਨ ਤਖਤ ਸ੍ਰੀ ਦਮਦਮਾ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਮੁਕਤਸਰ ਸਾਹਿਬ ਤੇ ਸ੍ਰੀ ਫਤਹਿਗੜ੍ਹ ਸਾਹਿਬ ਸੇਵਾ ਕਰਨਗੇ। ਪੰਜ ਦਿਨ ਨਜਦੀਕੀ ਗੁਰੂ ਘਰ ਵਿਚ ਝਾੜੂ ਮਾਰਨ, ਬਰਤਨ ਸਾਫ ਕਰਨ ਦੀ ਸੇਵਾ ਕਰਨਗੇ ਤੇ ਕੀਰਤਨ ਸਰਵਨ ਕਰਨਗੇ। ਸੇਵਾ ਪੂਰੀ ਹੋਣ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਕੇ ਸਕੱਤਰੇਤ ਵਿਖੇ ਰਿਪੋਰਟ ਕਰਨਗੇ।
ਉਧਰ ਅਕਾਲੀ ਆਗੂ ਡਾ ਦਲਜੀਤ ਸਿੰਘ ਚੀਮਾ ਨੇ ਜਥੇਦਾਰ ਸਾਹਿਬ ਦੇ ਧਿਆਨ ਵਿਚ ਲਿਆਂਦਾ ਕਿ ਵਾਸ਼ਰੂਮ (ਟੁਆਇਲਟ) ਦੀ ਸੇਵਾ ਮੌਕਾ ਤਖ਼ਤੀਆ ਪਾਉਣ ਤੋ ਛੋਟ ਦਿੱਤੀ ਜਾਵੇ ਕਿਉਂਕਿ ਇਸ ਨਾਲ ਗੁਰਬਾਣੀ ਦੀ ਬੇਅਦਬੀ ਹੋਣ ਦਾ ਡਰ ਹੈ। ਇਸਤੋ ਬਾਅਦ ਜਥੇਦਾਰ ਸਾਹਿਬ ਨੇ ਕੇਵਲ ਵਾਸ਼ਰੂਮ (ਟੁਆਇਲਟ) ਦੀ ਸਫ਼ਾਈ, ਸੇਵਾ ਮੌਕੇ ਤਖ਼ਤੀਆ ਨਾ ਪਾਉਣ ਦੀ ਛੋਟ ਦੇ ਦਿੱਤੀ ਹੈ।