ਲੁਧਿਆਣਾ 3 ਦਸੰਬਰ (ਖ਼ਬਰ ਖਾਸ ਬਿਊਰੋ)
ਬੁਢੇ ਨਾਲੇ ਦਾ ਮਸਲਾ ਲੰਬੇ ਅਰਸੇ ਤੋਂ ਭਖਿਆ ਹੋਇਆ ਹੈ। ਕਈ ਸਰਕਾਰਾਂ ਆਈਆਂ ਤੇ ਕਈ ਗਈਆਂ, ਕਈ ਪ੍ਰੋਜੈਕਟ ਬਣੇ ਪਰ ਮਸਲਾ ਉਥੇ ਦਾ ਉਥੇ ਹੈ। ਲੋਕਾਂ ਦੀ ਜਾਨ ਦਾ ਖੌਂਅ ਬਣੇ ਬੁੱਢੇ ਨਾਲੇ ਦੀ ਸਮੱਸਿਆ ਦੇ ਹੱਲ ਲਈ ਸਮਾਜ ਸੇਵੀ, ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਹਾਅ ਦਾ ਨਾਅਰਾ ਮਾਰਦੇ ਹੋਏ ਅੱਜ ਵੇਰਕਾ ਮਿਲਕ ਪਲਾਂਟ ਨੇੜੇ ਲੋਕਾਂ ਦਾ ਇਕੱਠ ਕੀਤਾ।
ਲੋਕਾਂ ਦਾ ਇਕੱਠ ਰੋਕਣ ਲਈ ਪੁਲਿਸ ਪੱਬਾ ਭਾਰ ਹੋ ਗਈ ਅਤੇ ਵੱਖ ਵੱਖ ਆਗੂਆਂ ਨੂੰ ਹਿਰਾਸਤ ਵਿਚ ਲੈਣਾ ਸ਼ੁਰੂ ਕਰ ਦਿੱਤਾ। ਜਾਣਕਾਰੀ ਅਨੁਸਾਰ ਕਾਲੇ ਪਾਣੀ ਦੇ ਖਿਲਾਫ਼ ਲੱਗਣ ਵਾਲੇ ਮੋਰਚੇ ਦੇ ਸਮਰਥਕਾਂ ਵੱਲੋਂ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਇਕੱਤਰ ਹੋਣੇ ਸ਼ੁਰੂ ਹੋ ਗਏ। ਪੁਲਿਸ ਨੇ ਮੋਰਚੇ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਹਮਣੇ ਰੋਕ ਲਿਆ।
ਪੁਲਿਸ ਦੇ ਇਸ ਵਰਤਾਰੇ ਖਿਲਾਫ਼ ਖਫ਼ਾ ਹੋਏ ਲੋਕਾਂ ਨੇ ਲੁਧਿਆਣਾ -ਫਿਰੋਜ਼ਪੁਰ ਰੋਡ ‘ਤੇ ਆਵਾਜਾਈ ਨੂੰ ਮੁਕੰਮਲ ਤੌਰ ਤੇ ਠੱਪ ਕਰ ਦਿੱਤੀ,ਕਿਸੇ ਵੀ ਵਾਹਨ ਨੂੰ ਅੱਗੇ ਨਹੀਂ ਵਧਣ ਦਿੱਤਾ।ਆਵਾਜਾਈ ਠੱਪ ਹੋਣ ਕਰਕੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ।
ਅਮਿਤੋਜ ਮਾਨ ਰੋਕਾਂ ਤੋੜ ਕੇ ਧਰਨੇ ਵਿਚ ਪੁੱਜੇ
ਕਾਲਾ ਪਾਣੀ ਮੋਰਚੇ ਦੇ ਆਗੂ ਅਮਿਤੋਜ ਮਾਨ ਤੇ ਉਹਨਾਂ ਦਾ ਸਮਰਥਕਾਂ ਨੇ ਪੁਲਿਸ ਨੇ ਬੈਰੀਕੇਡ ਲਗਾਕੇ ਰੋਕ ਲਿਆ ਪਰ ਉਹ ਪੁਲਿਸ ਦੀਆਂ ਰੋਕਾਂ ਤੋੜਕੇ ਅੱਗੇ ਵਧ ਗਏ। ਲੋਕਾਂ ਦੀ ਭਾਰੀ ਭੀੜ ਨੂੰ ਵੇਖਦੇ ਹੋਏ ਪੁਲਿਸ ਬੇਬੱਸ ਨਜ਼ਰ ਆਈ।
ਲੱਖਾ ਸਿਧਾਣਾ, ਰਾਜੇਵਾਲ ਤੇ ਹੋਰਨਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ
ਕਾਲਾ ਪਾਣੀ ਦੇ ਮੋਰਚੇ ਦੇ ਆਗੂ ਅਮਿਤੋਜ ਮਾਨ ਅਤੇ ਸੈਂਕੜੇ ਸਮਰਥਕਾਂ ਨੇ ਲੁਧਿਆਣਾ-ਫਿਰੋਜ਼ਪੁਰ ਰੋਡ ਜਾਮ ਕਰ ਦਿੱਤਾ। ਉਹਨਾਂ ਐਲਾਨ ਕੀਤਾ ਹੈ ਕਿ ਜਦੋਂ ਤੱਕ ਮੋਰਚੇ ਦੇ ਆਗੂ ਲੱਖਾ ਸਿਧਾਣਾ, ਕੁਲਦੀਪ ਸਿੰਘ ਖਹਿਰਾ, ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ, ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਸਮੇਤ ਹੋਰ ਹਿਰਾਸਤ ਵਿਚ ਲਏ ਆਗੂਆਂ ਤੇ ਸਮਰਥਕਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤੱਕ ਧਰਨਾ ਨਿਰੰਤਰ ਜਾਰੀ ਰਹੇਗਾ। ਪੁਲਿਸ ਅਧਿਕਾਰੀਆਂ ਤੇ ਮੋਰਚੇ ਦੇ ਆਗੂਆਂ ਦਰਮਿਆਨ ਵਾਰ ਵਾਰ ਮੀਟਿੰਗਾਂ ਹੋਈਆ।
ਪਰ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਸਮੇਤ ਹੁਕਮਰਾਨ ਧਿਰ ਦੇ ਹੋਰਨਾਂ ਆਗੂਆਂ ਦੀ ਚੁੱਪੀ ਕਈ ਸਵਾਲ ਖੜੇ ਕਰ ਰਹੀ ਹੈ। ਸੰਤ ਸੀਚੇਵਾਲ ਅਤੇ ਵਿਰੋਧੀ ਧਿਰ ਵਿਚ ਹੁੰਦਿਆ ਆਮ ਆਦਮੀ ਪਾਰਟੀ ਦੇ ਆਗੂ ਬੁੱਢੇ ਨਾਲੇ ਦੀ ਸਮੱਸਿਆ ਨੂੰ ਲੈ ਕੇ ਜੋਰਦਾਰ ਢੰਗ ਨਾਲ ਅਵਾਜ਼ ਚੁੱਕਦੇ ਰਹੇ ਹਨ, ਪਰ ਹੁਣ ਇਹ ਆਵਾਜ਼ ਬੰਦ ਹੈ।