ਸੰਗਰੂਰ 3 ਦਸੰਬਰ (ਖ਼ਬਰ ਖਾਸ ਬਿਊਰੋ)
ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਸਾਹਮਣੇ ਅੱਜ ਪੰਜਾਬ ਪੁਲਿਸ ਤੇ ਈਟੀਟੀ ਬੇਰੋਜ਼ਗਾਰ ਸਾਂਝਾ ਮੋਰਚਾ ਦੇ ਮੁਲਾਜ਼ਮ ਆਹਮੋ ਸਾਹਮਣੇ ਹੋ ਗਏ। ਰੋਜ਼ਗਾਰ ਮੰਗਣ ਆਏ ਬੇਰੋਜ਼ਗਾਰ ਅਧਿਆਪਕਾਂ ਤੇ ਪੁਲਿਸ ਨੇ ਲਾਠੀਚਾਰਜ਼, ਅੱਥਰੂ ਗੈਸ ਗੋਲੇ, ਪਾਣੀ ਦੀਆਂ ਬੋਛਾਰਾਂ ਪੱਲੇ ਪਾਈਆਂ।
ਅੱਜ ਈਟੀਟੀ ਬੇਰੋਜ਼ਗਾਰ ਸਾਂਝਾ ਮੋਰਚਾ ਦੇ ਮੁਲਾਜ਼ਮ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਪਿੰਡ ਖੁਰਾਣਾ ਨੇੜੇ ਕਰੀਬ ਚਾਰ ਘੰਟੇ ਧਰਨਾ ਦਿੱਤਾ। ਜਿਸ ਨਾਲ ਆਵਾਜਾਈ ਠੱਪ ਹੋ ਗਈ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ। ਜਿਉਂ ਹੀ ਸਾਢੇ ਤਿੰਨ ਵਜੇ ਦੇ ਕਰੀਬ ਪ੍ਰਦਰਸ਼ਨਕਾਰੀ ਮੁੱਖ ਮੰਤਰੀ ਦੀ ਕੋਠੀ ਵੱਲ ਵਧੇ ਤਾਂ ਪੁਲਿਸ ਨੇ ਰੋਕਾਂ ਲਾ ਕੇ ਰੋਕਣ ਦਾ ਯਤਨ ਕੀਤਾ ਪਰ ਪ੍ਰਦਰਸ਼ਨਕਾਰੀ ਅੱਗੇ ਵੱਧਣ ਦਾ ਯਤਨ ਕਰਨ ਲੱਗੇ। ਪੁਲਿਸ ਨੇ ਵੱਡੇ ਬੈਰੀਕੇਡ ਲਗਾਕੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ । ਇੱਥੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਝੜਪ ਹੋ ਗਈ। ਬੇਰੁਜ਼ਗਾਰਾਂ ਨੂੰ ਭਜਾਉਣ ਲਈ ਲਾਠੀਚਾਰਜ਼ ਤੇ ਜਲ ਤੋਪਾਂ ਦੀ ਵਰਤੋਂ ਕੀਤੀ ਗਈ, ਪਰ ਬੇਰੁਜ਼ਗਾਰ ਅਧਿਆਪਕਾਂ ਨੇ ਫਿਰ ਵੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਲਾਠੀਚਾਰਜ ਕਰਕੇ ਬੇਰੁਜ਼ਗਾਰਾਂ ਦਾ 150 ਮੀਟਰ ਦੀ ਦੂਰੀ ਤੱਕ ਪਿੱਛਾ ਕੀਤਾ।
ਪਿਛਲੇ ਲੰਬੇ ਸਮੇਂ ਤੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ । ਇਸ ਲਾਠੀਚਾਰਜ ਦੌਰਾਨ ਜਿੱਥੇ ਇੱਕ ਦਰਜਨ ਤੋਂ ਵੱਧ ਬੇਰੁਜ਼ਗਾਰ ਅਧਿਆਪਕ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ। ਅਧਿਆਪਕ ਰੋਜ਼ਗਾਰ ਦੀ ਮੰਗ ਕਰ ਰਹੇ ਸਨ। ਉਹਨਾਂ ਦਾ ਕਹਿਣਾ ਹੈ ਕਿ ਵੋਟਾਂ ਤੋ ਪਹਿਲਾਂ ਆਪ ਆਗੂਆਂ ਨੈ ਕਿਹਾ ਸੀ ਕਿ ਸਰਕਾਰ ਆਉਣ ‘ਤੇ ਕਿਸੇ ਨੂੰ ਧਰਨਾ ਨਹੀਂ ਲਾਉਣਾ ਪਵੇਗਾ। ਪਰ ਇਥੇ ਪੁਲਿਸ ਵਲੋ ਬੇਰੋਜ਼ਗਾਰਾਂ ਨੂੰ ਬੁਰੀ ਤਰਾਂ ਕੁੱਟਿਆ ਜਾ ਰਿਹਾ ਹੈ।