ਸ੍ਰੀ ਚਮਕੌਰ ਸਾਹਿਬ, 3 ਦਸੰਬਰ (ਖ਼ਬਰ ਖਾਸ ਬਿਊਰੋ)
ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦਫਤਰ ਸ੍ਰੀ ਚਮਕੌਰ ਸਾਹਿਬ ਵਿਖੇ ਨਵੇਂ ਚੁਣੇ ਸਰਪੰਚਾਂ ਤੇ ਪੰਚਾਂ ਨੂੰ ਪੰਚਾਇਤੀ ਰਾਜ ਦੀ ਕਾਰਜ ਪ੍ਰਣਾਲੀ ਬਾਰੇ ਟ੍ਰੇਨਿੰਗ ਅੱਜ ਤੋਂ ਸ਼ੁਰੂ ਹੋ ਗਈ, ਜਿਸ ਵਿੱਚ ਅੱਜ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਰੂਪਨਗਰ ਚੰਦਰਜਯੋਤੀ ਸਿੰਘ ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨੇ ਦੱਸਿਆ ਕਿ ਪ੍ਰਦੇਸ਼ਿਕ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾ ਐਸ.ਏ.ਐਸ ਨਗਰ ਵੱਲੋਂ ਨਵੇਂ ਚੁਣੇ ਸਰਪੰਚਾਂ ਅਤੇ ਪੰਚਾਂ ਨੂੰ ਪੰਚਾਇਤੀ ਰਾਜ ਦੀ ਕਾਰਜ ਪ੍ਰਣਾਲੀ ਬਾਰੇ ਟ੍ਰੇਨਿੰਗਾਂ ਅੱਜ ਤੋਂ ਸ਼ੁਰੂ ਹੋ ਗਈਆਂ ਹਨ। ਇਹ ਟ੍ਰੇਨਿੰਗਾਂ ਸ਼ਡਿਉਲ ਅਨੁਸਾਰ 16 ਜਨਵਰੀ 2025 ਤੱਕ 09 ਕੈਪਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ, ਜਿਸਦੇ ਵਿੱਚ ਵੱਖ-ਵੱਖ ਗਰਾਮ ਪੰਚਾਇਤਾਂ ਦੇ ਚੁਣੇ ਹੋਏ ਸਰਪੰਚਾਂ ਅਤੇ ਪੰਚਾਂ ਨੂੰ 03 ਦਿਨਾ ਦੀ ਟ੍ਰੇਨਿੰਗ ਕਰਵਾਈ ਜਾਵੇਗੀ।
ਇਸ ਮੌਕੇ ਉਨ੍ਹਾਂ ਸਰਪੰਚਾਂ ਅਤੇ ਪੰਚਾਂ ਨਾਲ ਗੱਲਬਾਤ ਕਰਦੇ ਸਮੇਂ ਚੁਣੇ ਹੋਏ ਨੁਮਾਇੰਦਿਆਂ ਨੂੰ ਆਪਣੇ ਪੱਧਰ ‘ਤੇ ਸਰਪੰਚ ਅਤੇ ਪੰਚ ਚੁਣ ਕੇ ਆਉਣ ਤੇ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਆਪ ਤੇ ਵਿਸ਼ਵਾਸ਼ ਕਰਕੇ ਪਿੰਡ ਵਾਸੀਆਂ ਵੱਲੋਂ ਇਸ ਅਹੁਦੇ ਨਾਲ ਨਿਵਾਜਿਆ ਗਿਆ ਹੈ ਅਤੇ ਹੁਣ ਆਪ ਦਾ ਇਹ ਪਹਿਲਾ ਅਤੇ ਮੁੱਢਲਾ ਫ਼ਰਜ ਬਣਦਾ ਹੈ ਕਿ ਇਨ੍ਹਾਂ ਟ੍ਰੇਨਿੰਗਾਂ ਤੋਂ ਸਿੱਖਿਆ ਪ੍ਰਾਪਤ ਕਰਕੇ ਆਪ ਵੱਲੋਂ ਆਪਣੇ ਪਿੰਡਾਂ ਦਾ ਕਿਸ ਤਰ੍ਹਾਂ ਵਿਕਾਸ ਕਰਨਾ ਹੈ ਅਤੇ ਸਰਕਾਰ ਦੀਆਂ ਸਕੀਮਾਂ (ਨੀਤੀਆਂ) ਨੂੰ ਜ਼ਮੀਨੀ ਪੱਧਰ ‘ਤੇ ਪਹੁੰਚਾਉਣ ਦੀ ਜਿੰਮੇਵਾਰੀ ਆਪ ਦੀ ਹੈ।
ਇਸ ਮੌਕੇ ਬੀ.ਡੀ.ਪੀ.ਓ ਸ੍ਰੀ ਚਮਕੌਰ ਸਾਹਿਬ ਅਜੈਬ ਸਿੰਘ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਤੇ ਟ੍ਰੇਨਿੰਗ ਪ੍ਰਾਪਤ ਕਰਨ ਆਏ ਸਰਪੰਚਾਂ ਅਤੇ ਪੰਚਾਂ ਨੂੰ ਨਿੱਘਾ ਜੀ ਆਇਆ ਆਖਿਆ ਗਿਆ।
ਇਸ ਟ੍ਰੇਨਿੰਗ ਵਿੱਚ ਐਸ.ਆਈ.ਆਰ.ਡੀ ਤੋਂ ਮਾਸਟਰ ਟ੍ਰੇਨਰ ਮਨਜੀਤ ਸਿੰਘ ਅਤੇ ਸੁਖਰਾਜ ਸਿੰਘ ਵੱਲੋਂ ਵੱਖ-ਵੱਖ ਵਿਸ਼ਿਆਂ ਦੀ ਟ੍ਰੇਨਿੰਗ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਪੰਚਾਇਤੀ ਰਾਜ ਸੰਸਥਾਵਾ, ਸਿਹਤ ਸੰਸਥਾ, ਸੀ.ਡੀ.ਪੀ.ਓ ਦਫਤਰ, ਸਿਖਿਆ ਵਿਭਾਗ ਦੇ ਨੁਮਾਇੰਦਿਆਂ ਵੱਲੋਂ ਵੀ ਆਪਣੇ ਵਿਸ਼ੇ ਸਬੰਧੀ ਜਾਣਕਾਰੀ ਉਕਤ ਟ੍ਰੇਨਿੰਗਾਂ ਵਿੱਚ ਸਰਪੰਚਾਂ ਅਤੇ ਪੰਚਾਂ ਨਾਲ ਟ੍ਰੇਨਿੰਗ ਸਾਂਝੀ ਕੀਤੀ ਜਾਵੇਗੀ ਤਾਂ ਜੋ ਇਹਨਾਂ ਟ੍ਰੇਨਿੰਗਾ ਤੋਂ ਸਿਖ ਕੇ ਪਿੰਡਾਂ ਦੇ ਵਿਕਾਸ ਨੂੰ ਸੁਚਾਰੂ ਢੰਗ ਨਾਲ ਕਰਵਾਇਆ ਜਾ ਸਕੇ। ਇਸ ਮੌਕੇ ਗੁਰਮੁੱਖ ਸਿੰਘ ਸੁਪਰਡੰਟ, ਕਮਲਜੀਤ ਕੌਰ ਲੇਖਾਕਾਰ, ਕੁਲਵਿੰਦਰ ਕੌਰ, ਵਰਿੰਦਰ ਕੌਰ, ਸੁਖਵੀਰ ਸਿੰਘ ਏ.ਪੀ.ਓ ਵੀ ਹਾਜਰ ਸਨ।