ਸ਼੍ਰੀ ਅੰਮ੍ਰਿਤਸਰ ਸਾਹਿਬ 3 ਦਸੰਬਰ (ਖ਼ਬਰ ਖਾਸ ਬਿਊਰੋ)
ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲਗਾਈ ਗਈ ਸਜ਼ਾ (ਧਾਰਮਿਕ ਸੇਵਾ) ਮੰਗਲਵਾਰ ਸਵੇਰੇ ਸ਼ੁਰੂ ਕਰ ਦਿੱਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁੱਦੇ ਤੋ ਅਸਤੀਫ਼ਾ ਦੇ ਚੁੱਕੇ ਸੁਖਬੀਰ ਸਿੰਘ ਬਾਦਲ ਅੱਜ ਸਵੇਰੇ ਸਵਾ ਨੌ ਵਜੇ ਦੇ ਕਰੀਬ ਵ੍ਹੀਲ ਚੇਅਰ ‘ਤੇ ਬੈਠ ਕੇ ਸੇਵਾਦਾਰ ਦਾ ਚੋਲਾ ਪਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗੇਟ ਉਤੇ ਪੁ੍ੱਜੇ। ਬਾਦਲ ਲਗਾਈ ਗਈ ਧਾਰਮਿਕ ਸਜ਼ਾ ਮੁਤਾਬਿਕ ਹੱਥ ‘ਚ ਬਰਛਾ ਫੜ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗੇਟ, ਘੰਟਾ ਘਰ ਦੇ ਬਾਹਰ ਪਹਿਰੇਦਾਰੀ ਲਈ ਖੜ੍ਹੇ ਹੋ ਗਏ। ਹਾਲਾਂਕਿ ਉਹਨਾਂ ਦੇ ਪੈਰ ਵਿਚ ਫੈਕਚਰ ਹੋਣ ਕਰਕੇ ਉਹਨਾਂ ਨੂੰ ਖੜਾ ਹੋਣ ਵੀ ਦਿੱਕਤ ਹੈ, ਜਿਸ ਕਰਕੇ ਪੰਜ ਸਿੰਘ ਸਾਹਿਬਾਨ ਨੇ ਉਹਨਾੰ ਨੂੰ ਪਹਿਰੇਦਾਰੀ ਦੀ ਸਜ਼ਾ ਲਗਾਈ ਹੈ ਕਿ ਉਹ ਵੀਲ੍ਹ ਚੇਅਰ ਉਤੇ ਬੈਠਕੇ ਸੇਵਾ ਸ਼ੁਰੂ ਕਰਨ। ਜਦਕਿ ਬਾਕੀ ਆਗੂਆਂ ਨੂੰ ਟੁਆਇਲਟ ਸਾਫ਼ ਕਰਨ ਦੀ ਸਜ਼ਾ ਲਗਾਈ ਗਈ ਹੈ।
ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਸੰਸਦ ਸੁਖਦੇਵ ਸਿੰਘ ਢੀਂਡਸਾ ਨੂੰ ਇਹ ਸਜ਼ਾ ਲਗਾਈ ਗਈ ਹੈ। ਦੋਵਾਂ ਨੂੰ ਇਹ ਇਕ ਘੰਟਾਂ ਸੇਵਾ ਕਰਨੀ ਪਵੇਗੀ।
ਪੰਜ ਸਿੰਘ ਸਾਹਿਬਾਨ ਨੇ ਸੁਖਬੀਰ ਬਾਦਲ, ਸੁਖਦੇਵ ਸਿੰਘ ਢੀਂਡਸਾ ਸਮੇਤ ਹੋਰਨਾਂ ਆਗੂਆਂ ਨੂੰ ਅਕਾਲੀ ਭਾਜਪਾ ਸਰਕਾਰ ਦੌਰਾਨ ਹੋਈਆਂ ਬੱਜ਼ਰ ਗਲਤੀਆਂ ਦੀ ਸਜ਼ਾ ਦਿੱਤੀ ਹੈ। ਸੁਖਬੀਰ ਤੇ ਸੁਖਦੇਵ ਸਿੰਘ ਢੀਂਡਸਾ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮ ਮੁਤਾਬਿਕ ਗਲ ਵਿਚ ਗੁਨਾਹਕਾਰ ਵਾਲੀ ਤਖ਼ਤੀ ਵੀ ਪਾਈ ਹੋਈ ਹੈ।