ਅਕਾਲ ਤਖ਼ਤ ਸਾਹਿਬ ਨੇ ਬਾਦਲ ਤੋਂ ਫ਼ਖਰ ਏ ਕੌਮ ਐਵਾਰਡ ਲਿਆ ਵਾਪਸ, ਸੁਖਬੀਰ ਨੂੰ ਬਰਛਾ ਲੈ ਕੇ ਖੜਾ ਹੋਣ ਦੀ ਲੱਗੀ ਸਜ਼ਾ

ਸ਼੍ਰੀ ਅੰਮ੍ਰਿਤਸਰ ਸਾਹਿਬ, 2 ਦਸੰਬਰ ( ਖ਼ਬਰ ਖਾਸ ਬਿਊਰੋ)

2 ਦਸੰਬਰ ਦਾ ਦਿਨ ਸਿੱਖ ਤਵਾਰੀਖ ਵਿਚ ਦਰਜ਼ ਹੋ ਗਿਆ। ਪੰਜ ਸਿੰਘ ਸਾਹਿਬਾਨ ਨੇ ਸੌਮਵਾਰ ਨੂੰ ਬਾਦਲ ਪਰਿਵਾਰ ਨੂੰ ਵੱਡੀ ਸਜ਼ਾ ਦਿੱਤੀ ਹੈ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਫ਼ਖਰ ਏ ਕੌਮ ਐਵਾਰਡ ਅਕਾਲ ਤਖ਼ਤ ਸਾਹਿਬ ਨੇ ਵਾਪਸ ਲੈ ਲਿਆ ਹੈ, ਉਥੇ ਸੁਖਬੀਰ ਬਾਦਲ ਨੂੰ ਬੇਅਦਬੀ ਅਤੇ ਡੇਰਾ ਮੁਖੀ ਨੂੰ ਮਾਫ਼ੀ ਦੇਣ ਲਈ ਗੁਨਾਹਕਾਰ ਮੰਨਦੇ ਹੋਏ ਧਾਰਮਿਕ ਸਜ਼ਾ ਲਗਾ ਦਿੱਤੀ ਹੈ। ਸੁਖਬੀਰ ਨੂੰ ਦਰਬਾਰ ਸਾਹਿਬ ਦੇ ਬਾਹਰ ਗੇਟ ਉਤੇ ਬਰਛਾ ਲੈ ਕੇ ਖੜਾ ਹੋਣਾ ਪਵੇਗਾ। ਸੰਗਤ ਦੇ ਜੂਠੇ ਬਰਤਨ ਅਤੇ ਜੋੜੇ ਸਾਫ਼ ਕਰਨੇ ਪੈਣਗੈੇ। ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰਨ ਦੇ ਹੁਕਮ ਦਿੱਤੇ ਹਨ। ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਕਰਨ ਤੇ ਡੈਲੀਗੇਟ ਬਣਾਉਣ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਕਮੇਟੀ ਬਣਾ ਦਿੱਤੀ ਹੈ। ਪੰਜ ਸਿੰਘ ਸਾਹਿਬਾਨ ਦਾ ਫੈਸਲਾ ਬਾਦਲ ਪਰਿਵਾਰ ਲਈ ਵੱਡਾ ਝਟਕਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੋਮਵਾਰ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਅਕਾਲੀ ਭਾਜਪਾ ਗਠਜੋੜ ਸਰਕਾਰ ਵਿਚ ਰਹੇ  ਕੈਬਨਿਟ ਮੰਤਰੀਆਂ, ਅਕਾਲੀ ਦਲ ਦੀ ਕੋਰ ਕਮੇਟੀ, ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ  ਨੂੰ ਧਾਰਮਿਕ ਸਜ਼ਾ ਦਾ ਐਲਾਨ ਕੀਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਫੈਸਲਾ ਸੁਣਾਇਆ। ਜਥੇਦਾਰ ਸਾਹਿਬਾਨ ਨੇ ਸੁਖਬੀਰ ਬਾਦਲ ਨੂੰ ਛੇ ਸਵਾਲ ਪੁੱਛੇ ਅਤੇ ਸੁਖਬੀਰ ਨੇ ਅਤੀਤ ਵਿਚ ਹੋਈਆਂ ਗਲਤੀਆਂ ਸਵੀਕਾਰ ਕੀਤੀਆਂ।

ਸਖਬੀਰ ਬਾਦਲ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੇਣ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਸਿੱਖ ਨੌਜਵਾਨਾਂ ਦਾ ਕਤਲ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਉੱਚ ਅਹੁਦਿਆਂ ‘ਤੇ ਨਿਯੁਕਤ ਕਰਨ, ਡੇਰਾ ਮੁਖੀ ਨੂੰ ਮਾਫ਼ੀ ਦੇਣ ਲਈ ਸ੍ਰੋਮਣੀ ਕਮੇਟੀ ਦੇ ਖਾਤੇ ਵਿਚੋ ਅਖ਼ਬਾਰਾਂ ਵਿਚ ਇਸ਼ਤਿਹਾਰ ਦੇਣ ਦੀਆਂ ਗਲਤੀਆਂ ਨੂੰ ਮੰਨਿਆ।

ਹੋਰ ਪੜ੍ਹੋ 👉  ਜਿਸ ਲਾਹੌਰ ਨਹੀਂ ਵੇਖਿਆ..’ ਨਾਟਕ ਨੇ ਸਾਕਾਰ ਕੀਤਾ ਬਟਵਾਰੇ ਦਾ ਦਰਦ

ਅਕਾਲ ਤਖ਼ਤ ਸਾਹਿਬ ਵਿਖੇ ਹੋਈ ਪੰਜ ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਤੋਂ ਬਾਅਦ ਇੱਕ-ਇੱਕ ਕਰਕੇ ਸਜ਼ਾਵਾਂ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਸੁਖਬੀਰ ਬਾਦਲ ਆਪਣੀ ਲੱਤ ‘ਤੇ ਸੱਟ ਲੱਗਣ ਕਾਰਨ ਵ੍ਹੀਲ ਚੇਅਰ ‘ਤੇ ਬੈਠੇ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਏ।

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ  ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੂੰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਘੰਟਾਘਰ ਪ੍ਰਵੇਸ਼ ਦੁਆਰ ਦੇ ਸਾਹਮਣੇ ਦੋ ਦਿਨ ਸੇਵਾਦਾਰ ਦਾ ਪਹਿਰਾਵਾ ਪਾ ਕੇ ਸਵੇਰੇ ਨੌਂ ਤੋਂ ਦਸ ਵਜੇ ਤੱਕ ਇਕ ਘੰਟਾਂ ਹੱਥ ਵਿਚ ਬਰਛਾ ਲੈ ਕੇ ਖੜਾ ਹੋਣ ਦੀ ਤਨਖਾਹ ਲਾਈ।

ਸਿੰਘ ਸਾਹਿਬਾਨ ਨੇ ਸੁਖਬੀਰ ਸਮੇਤ ਜਿਹੜੇ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਲਗਾਈ ਹੈ, ਉਸ ਵਿਚ ਟੱਟੀਆਂ ਸਾਫ਼ ਕਰਨ, ਦਰਬਾਰ ਸਾਹਿਬ ਪਰਿਕਰਮਾ ਦੀ ਸਫਾਈ, ਜੂਠੇ ਬਰਤਨ ਸਾਫ਼ ਕਰਨ, ਸਫਾਈ ਕਰਨ, ਸੁਖਮਨੀ ਸਾਹਿਬ ਦਾ ਪਾਠ ਕਰਨ ਅਤੇ ਗੁਰਬਾਣੀ ਕੀਰਤਨ ਸੁਣਨ ਦੀ ਸਜ਼ਾ ਸੁਣਾਈ ਗਈ ਹੈ।

ਸੁਖਬੀਰ ਤੇ ਢੀਂਡਸਾ ਨੂੰ ਗਲ ਵਿਚ ਤਖ਼ਤੀ ਪਾ ਕੇ ਬਰਛਾ ਲੈ ਕੇ ਖੜਾ ਹੋਣਾ ਪਵੇਗਾ 

ਸੁਖਬੀਰ ਤੇ ਢੀਂਡਸਾ ਨੂੰ ਅਕਾਲ ਤਖ਼ਤ ਵੱਲੋਂ ਦਿੱਤੀ ਤਖ਼ਤੀ ਵੀ ਆਪਣੇ ਗਲ ਵਿੱਚ ਪਾਉਣੀ ਪਵੇਗੀ। ਇਸ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ, ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ, ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਇੱਕ-ਇੱਕ ਘੰਟਾ ਸੰਗਤਾਂ ਦੇ ਬਰਤਨ ਅਤੇ ਜੁੱਤੀਆਂ ਸਾਫ਼ ਕਰਨੀਆਂ ਪੈਣਗੀਆਂ। ਇਨ੍ਹਾਂ ਗੁਰਦੁਆਰਿਆਂ ਵਿੱਚ ਇੱਕ ਘੰਟਾ ਕੀਰਤਨ ਵੀ ਸੁਣਨਾ ਹੋਵੇਗਾ। ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਾਜ਼ਰ ਹੋ ਕੇ 11,000 ਰੁਪਏ ਦਾ ਕੜਾਹ ਪ੍ਰਸ਼ਾਦ ਦੀ ਦੇਗ ਅਤੇ 11,000 ਰੁਪਏ ਗੁਰੂ ਦੀ ਗੋਲਕ ਵਿੱਚ ਪਾਉਣ ਦਾ ਸਜ਼ਾ ਦਿੱਤੀ ਗਈ।

ਹੋਰ ਪੜ੍ਹੋ 👉  ਬੰਦ ਕੀਤੀਆਂ ਪੁਲਿਸ ਚੌਕੀਆਂ ਵਿਚ ਮੁੜ ਪੁਲਿਸ ਮੁਲਾਜ਼ਮ ਕੀਤੇ ਤਾਇਨਾਤ

ਜਥੇਦਾਰ ਸਾਹਿਬ ਨੇ ਹੁਕਮ ਦਿੱਤਾ ਕਿ ਸੁਖਬੀਰ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਤਿੰਨ ਦਿਨਾਂ ਅੰਦਰ ਪ੍ਰਵਾਨ ਕੀਤਾ ਜਾਵੇ। ਛੇ ਮਹੀਨਿਆਂ ਦੇ ਅੰਦਰ-ਅੰਦਰ ਪਾਰਟੀ ਦਾ ਪੁਨਰਗਠਨ ਕੀਤਾ ਜਾਵੇ ਅਤੇ ਨਵੇਂ ਅਹੁਦੇਦਾਰਾਂ ਦੀ ਚੋਣ ਪਾਰਟੀ ਸੰਵਿਧਾਨ ਅਨੁਸਾਰ ਅਤੇ ਲੋਕਤੰਤਰੀ ਢੰਗ ਨਾਲ ਕੀਤੀ ਜਾਵੇ।

ਇਸ਼ਤਿਹਾਰਬਾਜ਼ੀ ਦੇ ਖਰਚੇ ਵਿਆਜ ਸਮੇਤ ਵਾਪਸ ਕਰਨੇ ਪੈਣਗੇ

ਸਿੰਘ ਸਾਹਿਬਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੀ ਤਤਕਾਲੀ ਕਾਰਜਕਾਰਨੀ ਦੀ ਤਰਫੋਂ ਕਰੀਬ 86 ਲੱਖ ਰੁਪਏ ਤੋਂ ਵੱਧ ਦੀ ਇਸ਼ਤਿਹਾਰਬਾਜ਼ੀ ਦਾ ਸਾਰਾ ਖਰਚਾ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੋਂ ਵਿਆਜ ਸਮੇਤ ਵਸੂਲਣ ਦੇ ਹੁਕਮ ਦਿੱਤੇ ਹਨ। ਜਿਹਨਾਂ ਅਕਾਲੀ ਆਗੂਆਂ ਤੋਂ ਵਿਆਜ਼ ਸਮੇਤ ਇਸ਼ਤਿਹਾਰ ਦੀ ਰਾਸ਼ੀ ਵਸੂਲੀ ਜਾਣੀ ਹੈ, ਉਹਨਾਂ ਵਿਚ ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ, ਸੁੱਚਾ ਸਿੰਘ ਲੰਗਾਹ, ਹੀਰਾ ਸਿੰਘ ਗਾਬੜੀਆ, ਬਲਵਿੰਦਰ ਸਿੰਘ ਭੂੰਦੜ, ਗੁਲਜ਼ਾਰ ਸਿੰਘ ਰਾਣੀਕੇ ਤੇ ਡਾ ਦਲਜੀਤ ਸਿੰਘ ਚੀਮਾ ਦਾ ਨਾਮ ਸ਼ਾਮਲ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਹੋਰ ਸਿੰਘ ਸਾਹਿਬਾਨ ਤੋਂ ਰਾਮ ਰਹੀਮ ਨੂੰ ਮੁਆਫ਼ੀ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤਾ ਗਿਆ ਫ਼ਖ਼ਰ-ਏ-ਕੌਮ ਖ਼ਿਤਾਬ ਵਾਪਸ ਲਿਆ ਗਿਆ ਹੈ।

ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੇਣ ਸਬੰਧੀ ਦਿੱਤੇ ਗਏ ਸਪੱਸ਼ਟੀਕਰਨ ‘ਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਸਿੰਘ ਸਾਹਿਬਾਨ ਨੇ ਉਸ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀਆਂ ਸਾਰੀਆਂ ਸਹੂਲਤਾਂ ਵਾਪਸ ਲੈਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ‘ਤੇ ਵੱਖ-ਵੱਖ ਧਾਰਮਿਕ ਪ੍ਰੋਗਰਾਮਾਂ ‘ਚ ਹਿੱਸਾ ਲੈਣ ਅਤੇ ਭਾਸ਼ਣ ਦੇਣ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੂੰ ਕਿਸੇ ਹੋਰ ਥਾਂ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਹੋਰ ਪੜ੍ਹੋ 👉  ਨਗਰ ਕੌਂਸਲ ਚੋਣਾਂ, ਅਮਨ ਅਰੋੜਾ ਦਾ ਦਾਅਵਾ 50 ਫੀਸਦੀ ਸੀਟਾਂ 'ਤੇ ਆਪ ਜਿੱਤੀ, ਕਾਂਗਰਸ ਤੇ ਅਕਾਲੀ ਦਲ ਦਾ ਹੋਇਆ ਸਫਾਇਆ

ਸੁਖਬੀਰ ਸਮੇਤ ਸਾਰੇ ਦੋਸ਼ੀਆਂ ਦੇ ਗਲਾਂ ਵਿੱਚ ਤਖਤੀਆਂ ਪਾਈਆ 
ਜਥੇਦਾਰ ਰਘਬੀਰ ਸਿੰਘ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਤੁਰੰਤ ਬਾਅਦ ਸੁਖਬੀਰ ਬਾਦਲ ਸਮੇਤ ਸਾਰੇ ਦੋਸ਼ੀ ਅਕਾਲੀ ਆਗੂਆਂ ਦੇ ਗਲਾਂ ਵਿੱਚ ਤਖ਼ਤੀਆਂ ਪਾ ਦਿੱਤੀਆਂ ਗਈਆਂ। ਇਨ੍ਹਾਂ ਤਖ਼ਤੀਆਂ ‘ਤੇ ਗੁਰਬਾਣੀ ਦੀਆਂ ਤੁਕਾਂ ( ਸ਼ਬਦ) ਲਿਖਿਆ ਹੈ।
ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ॥
ਹਮ ਅਪਰਾਧੀ ਤੁਮ੍ ਬਖਸਾਤੇ॥
ਜਿਸੁ ਪਾਪੀ ਕਉ ਮਿਲੈ ਨ ਢੋਈ॥
ਸਰਣਿ ਆਵੈ ਤਾਂ ਨਿਰਮਲੁ ਹੋਈ॥੧॥ ਹੇ ਵਾਹਿਗੁਰੂ ਅਸੀਂ ਅਪਰਾਧੀ ਹਾਂ ਅਤੇ ਤੁਸੀਂ ਹੀ ਮੁਆਫ ਕਰਨ ਵਾਲੇ ਹੋ। ਜੇਕਰ ਸਾਡੇ ਵਰਗਾ ਕੋਈ ਪਾਪੀ, ਜਿਸ ਨੂੰ ਕੋਈ ਆਸਰਾ ਜਾਂ ਆਸਰਾ ਨਹੀਂ ਮਿਲਦਾ, ਤੇਰੀ ਸਰਨ ਆਉਂਦਾ ਹੈ, ਉਹ ਪਵਿੱਤਰ ਹੋ ਜਾਂਦਾ ਹੈ।

ਅਕਾਲੀ ਆਗੂਆਂ ਨੂੰ ਇੱਕ ਘੰਟੇ ਲਈ ਟੱਟੀਆਂ ਸਾਫ਼ ਕਰਨ ਦੀ ਸਜ਼ਾ
ਸਿੰਘ ਸਾਹਿਬਾਨ ਨੇ ਅਕਾਲੀ ਆਗੂਆਂ ਨੂੰ ਮੰਗਲਵਾਰ ਤੋਂ ਦੁਪਹਿਰ 12 ਤੋਂ 1 ਵਜੇ ਤੱਕ ਇੱਕ ਘੰਟਾ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਸਥਿਤ ਵਾਸ਼ਰੂਮ ਦੀ ਸਫ਼ਾਈ ਕਰਨ ਦੇ ਆਦੇਸ਼ ਦਿੱਤੇ। ਇਸ ਤੋਂ ਬਾਅਦ ਇਸ਼ਨਾਨ ਕਰਾਕੇ  ਲੰਗਰ ਦੇ ਬਰਤਨ ਸਾਫ਼ ਕਰਨਗੇ। ਕੀਰਤਨ ਸਰਵਣ ਕਰਨਗੇ, ਸੁਖਮਨੀ ਸਾਹਿਬ ਦਾ ਪਾਠ ਕਰਨਗੇ ਅਤੇ ਇਸ ਦੌਰਾਨ ਗਲੇ ਵਿੱਚ ਤਖ਼ਤੀ ਪਾ ਕੇ ਸੇਵਾ ਕਰਨਗੇ।

Leave a Reply

Your email address will not be published. Required fields are marked *