ਜਲੰਧਰ 1 ਦਸੰਬਰ, (ਖ਼ਬਰ ਖਾਸ ਬਿਊਰੋ)
ਦੇਸ਼ ਦੀਆਂ ਔਰਤਾਂ, ਲੜਕੀਆਂ ਖਾੜੀ ਮੁਲਕਾਂ ਵਿੱਚ ਵੱਡੀ ਗਿਣਤੀ ‘ਚ ਸਰੀਰਿਕ ਸੋਸ਼ਣ ਸ਼ਿਕਾਰ ਹੋ ਰਹੀਆਂ ਹਨ। ਗੁਰਬਤ ਦੀ ਜ਼ਿੰਦਗੀ ‘ਚ ਗੁਜ਼ਰ ਰਹੀਆਂ ਇਹ ਔਰਤਾਂ ਚੰਗੇਰੇ ਭਵਿੱਖ ਲਈ ਵਿਦੇਸ਼ ਉਡਾਣ ਭਰਦੀਆਂ ਹਨ, ਪਰ ਉਥੇ ਧੋਖੇ ਨਾਲ ਭੇਜੀਆਂ ਇਹਨਾਂ ਨੂੰ ਭੁੱਖ ਮਟਾਉਣ ਲਈ ਬੇਬੱਸ ਹੋ ਕੇ ਜਿਨਸੀ ਸੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ। ਪਿਛਲੇ ਪੰਜ ਸਾਲਾਂ ਦੌਰਾਨ ਕਰੀਬ 38,917 ਭਾਰਤੀਆਂ ਨੂੰ ਵਤਨ (ਭਾਰਤ) ਵਾਪਸ ਲਿਆਂਦਾ ਗਿਆ ਹੈ, ਜਿਹਨਾਂ ਵਿਚ ਵਧੇਰੇ ਗਿਣਤੀ ਔਰਤਾਂ ਦੀ ਹੈ।
ਜਦੋਂਕਿ ਪੰਜਾਬ ਦੀਆਂ ਕਰੀਬ 200 ਧੀਆਂ-ਭੈਣਾਂ ਨੂੰ ਪਿਛਲੇ ਦੋ ਸਾਲਾਂ ਦੌਰਾਨ ਵਾਪਸ ਲਿਆਂਦਾ ਗਿਆ ਹੈ। ਜੋ ਅਰਬ ਦੇਸ਼ਾਂ ਵਿੱਚ ਜਾ ਕੇ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਸਨ। ਵਾਤਵਰਣ ਪ੍ਰੇਮੀ ਵਜੋਂ ਜਾਣ ਜਾਂਦੇ ਰਾਜ ਸਭਾ ਮੈਂਬਰ ਤੇ ਪਦਮ ਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੀਤੇ ਦਿਨ ਰਾਜ ਸਭਾ ਵਿਚ ਖਾੜੀ ਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਸਬੰਧੀ ਸਵਾਲ ਪੁੱਛਿਆ ਸੀ, ਤਾਂ ਭਾਰਤ ਸਰਕਾਰ ਨੇ ਜਵਾਬ ਦਿੱਤਾ ਕਿ ਪਿਛਲੇ ਪੰਜ ਸਾਲਾਂ ਵਿੱਚ 38 ਹਜ਼ਾਰ ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ। ਜਿਨ੍ਹਾਂ ਵਿੱਚ ਜ਼ਿਆਦਾਤਰ ਗਿਣਤੀ ਔਰਤਾਂ ਦੀ ਹੈ। ਇਹ ਹੈਰਾਨੀਜਨਕ ਤੱਥ ਹਨ ਕਿ ਸੁਨਹਿਰੀ ਜ਼ਿੰਦਗੀ ਦਾ ਸੁਪਨਾ ਲੈ ਕੇ ਗਈਆਂ ਔਰਤਾਂ ਨੂੰ ਵਿਦੇਸ਼ਾਂ ਵਿਚ ਸ਼ਰੀਰਿਕ ਸੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਸੀਚੇਵਾਲ ਨੇ ਕਿਹਾ ਕਿ ਇਹ ਗੰਭੀਰ ਮਸਲਾ ਹੈ। ਏਜੰਟ ਗਲਤ ਤੇ ਧੋਖੇ ਨਾਲ ਲੜਕੀਆਂ ਨੂੰ ਖਾੜੀ ਦੇਸ਼ਾਂ ਵਿਚ ਭੇਜਦੇ ਹਨ, ਜਿਥੇ ਉਹਨਾਂ ਨੂੰ ਜ਼ਿੰਦਾਂ ਰਹਿਣ ਲਈ ਆਪਣੇ ਬਦਨ ਨਾਲ ਸਮਝੌਤਾ ਕਰਕੇ ਸਰੀਰਿਕ ਸੋਸ਼ਣ ਲਈ ਮਜ਼ਬਰ ਹੋਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲਾਂ ਵਿੱਚ ਪੰਜਾਬ ਦੀਆਂ 100 ਤੋਂ ਵੱਧ ਧੀਆਂ-ਭੈਣਾਂ ਨੂੰ ਵਾਪਿਸ ਲਿਆਂਦਾ ਗਿਆ ਹੈ, ਜਿਨ੍ਹਾਂ ਨੂੰ ਟਰੈਵਲ ਏਜੰਟਾਂ ਨੇ ਵੱਡੀਆਂ ਤਨਖਾਹਾਂ ਦੇ ਕੇ ਉਥੇ ਫਸਾਇਆ ਸੀ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਰਦ ਰੁੱਤ ਸੈਸ਼ਨ ਦੌਰਾਨ ਸਵਾਲ ਕੀਤਾ ਕਿ ਪਿਛਲੇ ਪੰਜ ਸਾਲਾਂ ਵਿੱਚ ਕਿੰਨੀਆਂ ਭਾਰਤੀ ਔਰਤਾਂ ਅਰਬ ਦੇਸ਼ਾਂ ਵਿੱਚ ਫਸੀਆਂ ਹੋਈਆਂ ਹਨ ? ਕਿੰਨੇ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ? ਇਸਦੇ ਜਵਾਬ ਵਿਚ ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਅਰਬ ਦੇਸ਼ਾਂ ਤੋਂ ਮਨੁੱਖੀ ਤਸਕਰੀ ਕਾਰਨ 9 ਦੇਸ਼ਾਂ ਵਿਚ ਭਾਰਤੀ ਨਾਗਰਿਕ ਫਸੇ ਹੋਏ ਹਨ। ਸੰਤ ਸੀਚੇਵਾਲ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਮੰਤਰਾਲੇ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਦੌਰਾਨ 9 ਅਰਬ ਦੇਸ਼ਾਂ ਤੋਂ ਹੁਣ ਤੱਕ 38 ਹਜ਼ਾਰ 917 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਗਿਆ ਹੈ। ਜਿਨ੍ਹਾਂ ਲੋਕਾਂ ਦਾ ਉੱਥੇ ਸ਼ੋਸ਼ਣ ਕੀਤਾ ਜਾਂਦਾ ਸੀ, ਉਨ੍ਹਾਂ ਨੂੰ ਜ਼ਿਆਦਾ ਕੰਮ ਕੀਤਾ ਜਾਂਦਾ ਸੀ ਅਤੇ ਉਨ੍ਹਾਂ ਨੂੰ ਗੁਲਾਮ ਬਣਾ ਕੇ ਰੱਖਿਆ ਜਾਂਦਾ ਸੀ। ਕੰਮ ਦਾ ਭੁਗਤਾਨ ਨਾ ਹੋਣ ਕਾਰਨ ਹੋਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਭ ਤੋਂ ਵੱਧ 17,454 ਭਾਰਤੀ ਨਾਗਰਿਕਾਂ ਨੂੰ ਮਸਕਟ (ਓਮਾਨ) ਤੋਂ ਵਾਪਸ ਲਿਆਂਦਾ ਗਿਆ ਹੈ। ਸਾਊਦੀ ਅਰਬ ਤੋਂ 10,023, ਕੁਵੈਤ ਤੋਂ 7,330, ਦੁਬਈ ਤੋਂ 3,568, ਕਤਰ ਤੋਂ 239, ਇਰਾਕ ਤੋਂ 180, ਲੀਬੀਆ ਤੋਂ 83 ਅਤੇ ਬਹਿਰੀਨ ਤੋਂ 35 ਲੋਕਾਂ ਨੂੰ ਵਤਨ ਵਾਪਸ ਲਿਆਂਦਾ ਗਿਆ ਹੈ। ਇਨ੍ਹਾਂ ਮੁਲਕਾਂ ਵਿੱਚੋਂ ਸੀਰੀਆ ਹੀ ਇੱਕ ਅਜਿਹਾ ਦੇਸ਼ ਹੈ ਜਿੱਥੇ ਘੱਟੋ-ਘੱਟ ਮਤਲਬ ਸਿਰਫ਼ ਪੰਜ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ।
ਧੀਆਂ , ਭੈਣਾਂ ਨੂੰ ਅਰਬ ਦੇਸ਼ਾਂ ਵਿੱਚ ਨਹੀਂ ਜਾਣਾ ਚਾਹੀਦਾ
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਧੀਆਂ-ਭੈਣਾਂ ਅਰਬ ਦੇਸ਼ਾਂ ਵਿਚ ਨਹੀਂ ਜਾਣਾ ਚਾਹੀਦਾ। ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਕਿ ਔਰਤਾਂ ਉਥੇ ਨਾ ਜਾਣ ਕਿਉਂਕਿ ਉਥੇ ਔਰਤਾਂ ਨੂੰ ਕਥਿਤ ਤੌਰ ‘ਤੇ ਇਕ ਤਰ੍ਹਾਂ ਨਾਲ ਵੇਚ ਦਿੱਤਾ ਜਾਂਦਾ ਹੈ। ਜਿਨ੍ਹਾਂ ਤੋਂ ਬਾਅਦ ਵਿੱਚ ਵਾਪਸੀ ਲਈ ਲੱਖਾਂ ਰੁਪਏ ਦੀ ਮੰਗ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਕੁੱਝ ਧੋਖੇਬਾਜ ਏਜੰਟ ਪੈਸੇ ਦੇ ਚੱਕਰ ਵਿਚ ਗਲਤ ਢੰਗ ਨਾਲ ਔਰਤਾਂ ਨੂੰ ਅਰਬ ਮੁਲਕਾਂ ਵਿਚ ਭੇਜ ਦਿੰਦੇ ਹਨ। ਉਹਨਾਂ ਕਿਹਾ ਕਿ ਮਨੁੱਖੀ ਤਸਕਰੀ ਸਭਤੋਂ ਖਤਰਨਾਕ ਹੈ। ਮਨੁੱਖੀ ਤਸਕਰੀ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।