ਸੰਗਰੂਰ 28 ਨਵੰਬਰ (ਖ਼ਬਰ ਖਾਸ ਬਿਊਰੋ)
ਜ਼ਿਲ੍ਹੇ ਦੇ ਪਿੰਡ ਸ਼ਾਹਪੁਰ ਕਲਾਂ ਤੋਂ ਇਕ ਉਦਾਸ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਆਰਥਿਕ ਮਜ਼ਬੂਰੀਆਂ ਵਿਚ ਫਸੇ ਅਤੇ ਕਰਜ਼ੇ ਦੇ ਝੰਬੇ ਹੋਏ ਖੇਤਾਂ ਦੇ ਪੁੱਤ ਸੌਣ ਖਾਨ ਨੇ ਆਤਮ ਹੱਤਿਆ ਕਰ ਲਈ ਹੈ।
ਜਾਣਕਾਰੀ ਅਨੁਸਾਰ ਪਿੰਡ ਸ਼ਾਹਪੁਰ ਕਲਾਂ ਦਾ ਵਸਨੀਕ ਸੌਂਣ ਖਾਨ ਪੁੱਤਰ ਕਪੂਰ ਖਾਨ ਕਰਜ਼ੇ ਕਾਰਨ ਬਹੁਤ ਪਰੇਸ਼ਾਨ ਸੀ। ਪਿੰਡ ਦੇ ਸਰੰਪਚ ਲੱਖੀ ,ਪੰਚ ਸੰਦੀਪ ਸਿੰਘ ਤੇ ਬੀਰਬਲ ਸਿੰਘ ਨੇ ਦੱਸਿਆ ਕਿ ਪਿਛਲੇ ਮਹੀਨੇ ਕੈਂਸਰ ਤੋਂ ਪੀੜਤ ਉਸਦੀ ਪਤਨੀ ਦੀ ਮੌਤ ਹੋ ਗਈ ਸੀ। ਸੌਂਣ ਖਾਨ ਨੇ ਪਤਨੀ ਦਾ ਇਲਾਜ਼ ਕਰਵਾਉਣ ਲਈ ਬਹੁਤ ਜ਼ੋਰ ਲਾਇਆ , ਆਖਰ ਕੈਂਸਰ ਤੋਂ ਪੀੜ੍ਹਤ ਉਸਦੀ ਪਤਨੀ ਜਹਾਨੋ ਕੂਚ ਕਰ ਗਈ। ਉਹਨਾਂ ਦੱਸਿਆ ਕਿ ਸੌਣ ਖਾਨ ਇੱਕ ਸਧਾਰਨ ਕਿਸਾਨ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਕਰਜ਼ਾ ਮੋੜਨ ਨੂੰ ਲੈ ਕੇ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ। ਦੱਸਿਆ ਜਾਂਦਾ ਹੈ ਕਿ ਕਰਜ਼ੇ ਕਾਰਨ ਮਾਨਸਿਕ ਤੌਰ ਤੋ ਦੁਖੀ ਹੋਏ ਸੌਣ ਖਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ ਹੈ। ਥਾਣਾ ਚੀਮਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿੰਡ ਵਿਚ ਸੋਗ ਦੀ ਲਹਿਰ ਹੈ।