ਜਲੰਧਰ, 28 ਨਵੰਬਰ (ਖ਼ਬਰ ਖਾਸ ਬਿਊਰੋ)
ਪ੍ਰਵਾਸੀ ਭਾਰਤੀ ਮਾਮਲੇ ਅਤੇ ਪ੍ਰਬੰਧਕੀ ਸੁਧਾਰ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਜਲੰਧਰ ਵਿਖੇ ਫੌਜ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਜਿਸ ਦੌਰਾਨ ਅਧਿਕਾਰੀਆਂ ਵਲੋਂ ਅਜਨਾਲਾ ਸੜਕ ਨੂੰ 5.5 ਮੀਟਰ ਦੀ ਚੌੜਾਈ ਤੋਂ ਵਧਾ ਕੇ 7 ਮੀਟਰ ਕਰਨ ਦਾ ਭਰੋਸਾ ਦਿੱਤਾ ਗਿਆ। 11 ਕਾਰਪਸ ਹੈਡਕੁਆਰਟਰ ਜਲੰਧਰ ਕੈਂਟ ਵਿਖੇ ਹੋਈ ਮੀਟਿੰਗ ਸਬੰਧੀ ਕੈਬਨਿਟ ਮੰਤਰੀ ਨੇ ਦੱਸਿਆ ਕਿ ਸਰਹੱਦੀ ਹਲਕੇ ਦੇ ਲੋਕਾਂ ਦੀ ਇਸ ਨਾਲ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਹੁਣ ਪੂਰੀ ਹੋ ਜਾਵੇਗੀ ਅਤੇ ਇਸ ਨਾਲ ਇਲਾਕੇ ਵਿੱਚ ਅਵਾਜਾਈ ਦੀ ਸਮੱਸਿਆ ਦਾ ਪੱਕਾ ਹੱਲ ਹੋਵੇਗਾ।
ਧਾਲੀਵਾਲ ਨੇ ਦੱਸਿਆ ਕਿ 72 ਕਿਲੋਮੀਟਰ ਲੰਬੀ ਇਹ ਸੜਕ ਫੌਜ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਗੰਨੇ ਦੇ ਸੀਜ਼ਨ ਦੌਰਾਨ ਭਰੀਆਂ ਟਰਾਲੀਆਂ ਲੰਘਣ ਕਰਕੇ ਵੱਡੇ ਸੜਕੀ ਜਾਮ ਲੱਗੇ ਸਨ ਅਤੇ ਉਨ੍ਹਾਂ ਵਲੋਂ ਇਸ ਸਮੱਸਿਆ ਨੂੰ ਰੱਖਿਆ ਮੰਤਰਾਲੇ ਪਾਸ ਉਠਾਇਆ ਗਿਆ ਸੀ, ਜਿਸ ਦੇ ਸਿੱਟੇ ਵਜੋਂ ਅੱਜ ਲੈਫ. ਜਨਰਲ ਅਜੈ ਚਾਂਦਪੂਰੀਆ ਅਤੇ ਉਸ ਦੀ ਟੀਮ ਨਾਲ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫੌਜ ਦੇ ਉਚ ਅਧਿਕਾਰੀਆਂ ਵਲੋਂ ਮੌਕੇ ’ਤੇ ਇਸ ਦਾ ਜਾਇਜ਼ਾ ਲੈਕੇ ਸੜਕ ਨੂੰ ਚੌੜਾ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਅਗਲੇ ਸਾਲ ਮੁਕੰਮਲ ਕਰਨ ਲਈ ਵੀ ਕਿਹਾ ਗਿਆ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਅਵਾਜਾਈ ਨੂੰ ਨਿਰਵਿਘਨ ਢੰਗ ਨਾਲ ਜਾਰੀ ਰੱਖਣ ਲਈ ਗੰਨੇ ਦੀ ਬੈਲਟ ਵਾਲੀਆਂ ਸੜਕਾਂ ਨੂੰ 10 ਮੀਟਰ ਤੱਕ ਚੌੜਾ ਕਰਨ ਦੀ ਵੀ ਅਪੀਲ ਕੀਤੀ, ਜਿਸ ’ਤੇ ਫੌਜ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਅਜਿਹੀਆਂ ਸੜਕਾਂ ਦਾ ਮੁਆਇਨਾ ਕਰਵਾਉਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਜਿਥੇ ਇਲਾਕੇ ਨਾਲ ਸੰਪਰਕ ਵਿੱਚ ਹੋਰ ਸੁਧਾਰ ਹੋਵੇਗਾ, ਉਥੇ ਹੀ ਫੌਜ, ਕਿਸਾਨਾਂ ਅਤੇ ਆਮ ਲੋਕਾਂ ਲਈ ਵੱਡੀ ਰਾਹਤ ਵੀ ਪ੍ਰਦਾਨ ਹੋਵੇਗੀ ।
ਧਾਲੀਵਾਲ ਨੇ ਕਿਹਾ ਕਿ ਸੜਕ ਨੂੰ ਚੌੜਾ ਕਰਨ ਦਾ ਭਰੋਸਾ ਸਰਹੱਦੀ ਇਲਾਕੇ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਮੀਲ ਦਾ ਪੱਥਰ ਸਾਬਿਤ ਹੋਵੇਗਾ, ਜੋ ਕਿ ਪੰਜਾਬ ਸਰਕਾਰ ਦੀ ਬਾਰਡਰ ਏਰੀਏ ਦੇ ਲੋਕਾਂ ਦੀ ਭਲਾਈ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਫੌਜ ਦੇ ਉਚ ਅਧਿਕਾਰੀਆਂ ਵਲੋਂ ਅਜਨਾਲਾ ਬਾਈਪਾਸ ਬਣਾਉਣ ਦੀ ਸੰਭਾਵਨਾ ਵੀ ਦੱਸੀ ਗਈ ਹੈ। ਕੈਬਨਿਟ ਮੰਤਰੀ ਨੇ ਰੱਖਿਆ ਮੰਤਰਾਲੇ ਦੇ ਇਸ ਉਸਾਰੂ ਉਪਰਾਲੇ ਲਈ ਧੰਨਵਾਦ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਹ ਸੜਕ ਅਜਨਾਲਾ-ਲੋਪੇਕੇ, ਸੋਹਲ ਵਾਇਆ ਤਲਵੰਡੀ ਰਾਏਦਾਦੂ, ਪੂੰਗਾ, ਭਿੰਡੀ ਸੈਦਾਂ ਤੋਂ ਹੁੰਦੀ ਹੋਈ ਲੰਘਦੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਗੰਨਾ ਅਤੇ ਕਣਕ-ਝੋਨਾ ਮੰਡੀਆਂ ਵਿੱਚ ਲਿਜਾਣ ਦੌਰਾਨ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਟ੍ਰੈਫਿਕ ਵਿਵਸਥਾ ਵੀ ਸੁਚਾਰੂ ਢੰਗ ਨਾਲ ਜਾਰੀ ਰਹੇਗੀ।
–