ਚੰਡੀਗੜ੍ਹ, 28 ਨਵੰਬਰ (ਖ਼ਬਰ ਖਾਸ ਬਿਊਰੋ)
ਸਹਾਇਕ ਸਬ ਇੰਸਪੈਕਟਰ (ਥਾਣੇਦਾਰ) ਲਈ ਰਿਸ਼ਵਤ ਲੈਣ ਵਾਲੇ ਇਕ ਵਿਅਕਤੀ ਨੂੰ ਵਿਜੀਲੈਂਸ ਨੇ ਕਾਬੂ ਕੀਤਾ ਹੈ। ਜਿਸਦੀ ਪਛਾਣ ਮਦਨ ਲਾਲ ਸ਼ਰਮਾ ਵਾਸੀ ਪਿੰਡ ਬਘੌਰਾ, ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਉਸਨੂੰ ਪੁਲਿਸ ਅਧਿਕਾਰੀ ਲਈ ਦਸ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਰੰਗੇ ਹੱਥੀਂ ਕਾਬੂ ਕਰਨ ਦਾ ਦਾਅਵਾ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਲਹੇੜੀ ਨਿਵਾਸੀ ਦਿਲਬਾਗ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਹੈ ਕਿ ਉਸ ਦਾ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਗੁਰਨਾਇਬ ਸਿੰਘ ਨਾਲ ਝਗੜਾ ਹੋਇਆ ਸੀ ਅਤੇ ਗ੍ਰੰਥੀ ਨੇ ਉਸ ਵਿਰੁੱਧ ਥਾਣਾ ਘਨੌਰ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਥਾਣੇ ‘ਚ ਤਾਇਨਾਤ ਏ.ਐਸ.ਆਈ. ਸਵਰਨ ਸਿੰਘ ਕੇਸ ਵਿੱਚ ਉਸਦਾ ਪੱਖ ਲੈਣ ਲਈ ਉਸ ਨੂੰ 10,000 ਰੁਪਏ ਰਿਸ਼ਵਤ ਦੇਣ ਲਈ ਦਬਅ ਪਾ ਰਿਹਾ ਹੈ ਅਤੇ ਉਸ ਨੂੰ ਕਹਿ ਰਿਹਾ ਹੈ ਕਿ ਜੇ ਉਸਨੇ ਰਿਸ਼ਵਤ ਨਾ ਦਿੱਤੀ ਤਾਂ ਉਸ ਖਿਲਾਫ਼ ਉਹ ਕੇਸ ਦਰਜ ਕਰ ਦੇਵੇਗਾ।
ਸ਼ਿਕਾਇਤ ਦੇ ਅਨੁਸਾਰ ਮੁਲਜ਼ਮ ਏ.ਐਸ.ਆਈ. ਨੇ ਸ਼ਿਕਾਇਤਕਰਤਾ ਨੂੰ ਰਿਸ਼ਵਤ ਦੀ ਇਹ ਰਕਮ ਆਪਣੇ ਜਾਣਕਾਰ ਮਦਨ ਲਾਲ ਨੂੰ ਦੇਣ ਲਈ ਕਿਹਾ ਸੀ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਉਕਤ ਦੋਸ਼ੀ ਮਦਨ ਲਾਲ ਨੂੰ ਏ.ਐਸ.ਆਈ. ਸਵਰਨ ਸਿੰਘ ਖਾਤਰ ਸ਼ਿਕਾਇਤਕਰਤਾ ਤੋਂ 10,000 ਰੁਪਏ ਰਿਸ਼ਵਤ ਲੈਂਦਿਆਂ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਕਾਬੂ ਕਰ ਲਿਆ।
ਦੱਸਣਯੋਗ ਹੈ ਕਿ ਉਕਤ ਮੁਲਜ਼ਮ ਏ.ਐਸ.ਆਈ. ਸਵਰਨ ਸਿੰਘ ਆਪਣੀ ਗ੍ਰਿਫ਼ਤਾਰ ਤੋਂ ਬਚਦਾ ਹੋਇਆ ਫਰਾਰ ਹੋ ਗਿਆ ਹੈ। ਵਿਜੀਲੈਂਸ ਥਾਣੇਦਾਰ ਸਮੇਤ ਦੋਵਾਂ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।