ਚੰਡੀਗੜ੍ਹ 28 ਨਵੰਬਰ (ਖ਼ਬਰ ਖਾਸ ਬਿਊਰੋ)
ਪੰਜਾਬ ਦੇ ਸਾਰੇ ਤਹਿਸੀਲਦਾਰ, ਨਾਇਬ ਤਹਿਸੀਲਦਾਰ ਤੇ ਜਿਲਾ ਮਾਲ ਅਫ਼ਸਰ ਅੱਜ ਸਮੂਹਿਕ ਛੁੱਟੀ ‘ਤੇ ਚਲੇ ਗਏ ਹਨ। ਮਾਲ ਵਿਭਾਗ ਨਾਲ ਜੁੜੇ ਇਹਨਾਂ ਅਫਸਰਾਂ ਦੇ ਸਮੂਹਿਕ ਛੁੱਟੀ ਕਰਨ ਨਾਲ ਮਾਲ ਵਿਭਾਗ ਦਾ ਕੰਮ ਡੀ-ਰੇਲ ਹੋ ਸਕਦਾ ਹੈ। ਜਿਸ ਕਰਕੇ ਦਫ਼ਤਰਾਂ ਵਿਚ ਆਮ ਲੋਕਾਂ ਦੀ ਖੱਜਲ ਖੁਆਰੀ ਹੋ ਸਕਦੀ ਹੈ।
ਜਾਣੋ ਕੀ ਹੈ ਵਜ੍ਹਾ —
ਪੰਜਾਬ ਰੈਵਨਿਊ ਆਫ਼ਿਸਰ ਐਸੋਸੀਏਸ਼ਨ ਦੀ ਆਨ ਲਾਈਨ ਮੀਟਿੰਗ ਵਿਚ ਸਮੂਹਿਕ ਛੁੱਟੀ ਉਤੇ ਜਾਣ ਦਾ ਫੈਸਲਾ ਲਿਆ ਗਿਆ ਹੈ। ਇਸਦਾ ਕਾਰਨ ਵਿਜੀਲੈਂਸ ਵਲੋਂ ਬੀਤੇ ਕੱਲ੍ਹ ਐਸੋਸੀਏਸ਼ਨ ਦੇ ਪ੍ਰਧਾਨ ਸੁਖਚਰਨ ਸਿੰਘ ਚੰਨੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ। ਐਸੋਸੀਏਸ਼ਨ ਦੀ ਮੀਟਿੰਗ ਮੀਤ ਪ੍ਰਧਾਨ ਲਛਮਣ ਸਿੰਘ, ਅਰਚਨਾ ਸ਼ਰਮਾ, ਨਵਦੀਪ ਸਿੰਘ ਭੋਗਲ ਤੇ ਲਾਰਸਨ ਦੀ ਹਾਜ਼ਰੀ ਵਿਚ ਹੋਈ।
ਐਸੋਸੀਏਸ਼ਨ ਨੇ ਦਾਅਵਾ ਕੀਤਾ ਹੈ ਕਿ ਵਿਜੀਲੈਂਸ ਬਰਨਾਲਾ ਦੇ ਡੀ.ਐੱਸ.ਪੀ ਨੇ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਧੱਕੇ ਨਾਲ ਗ੍ਰਿਫ਼ਤਾਰ ਕੀਤਾ ਹੈ। ਜਿਸ ਕਰਕੇ ਮਾਲ ਵਿਭਾਗ ਨਾਲ ਸਬੰਧਤ ਸਾਰੇ ਅਫ਼ਸਰ ਜਿਲਾ ਮਾਲ ਅਫ਼ਸਰ, ਸਬ ਰਜਿਸਟਰਾਰ, ਨਾਇਬ ਤਹਿਸੀਲਦਾਰ, ਤਹਿਸੀਲਦਾਰ ਅੱਜ 28 ਨਵੰਬਰ ਨੂੰ ਸਮੂਹਿਕ ਛੁੱਟੀ ਉਤੇ ਜਾਣਗੇ। ਜੇਕਰ ਮਸਲਾ ਨਾ ਸੁਲਝਿਆ ਤਾਂ ਮਾਲ ਅਫ਼ਸਰ ਹੜਤਾਲ ਉਤੇ ਵੀ ਜਾ ਸਕਦੇ ਹਨ। ਮਾਲ ਅਫ਼ਸਰ ਅੱਜ ਡ਼ੀ.ਐੱਸ.ਪੀ ਮੋਹਾਲੀ ਦੇ ਦਫ਼ਤਰ ਅੱਗੇ ਧਰਨਾ ਵੀ ਦੇਣਗੇ।