ਸੁਖਬੀਰ ਦੀ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਚੁਣੌਤੀ: ਮੇਰੇ ਖਿਲਾਫ ਕਰੋ ਜਿੰਨੇ ਮਰਜ਼ੀ ਪਰਚੇ, ਖੁਦ ਪੁਲਿਸ ਕੋਲ ਜਾਵਾਂਗਾ

ਚੰਡੀਗੜ੍ਹ, 11 ਜੂਨ (ਖ਼ਬਰ ਖਾਸ ਬਿਊਰੋ)

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਕਿ ਉਹ ਉਹਨਾਂ ਖਿਲਾਫ ਜਿੰਨੇ ਮਰਜ਼ੀ ਪਰਚੇ ਦਰਜ ਕਰ ਲੈਣ ਤੇ ਕਿਹਾ ਕਿ ਹੁਣ ਤਾਜ਼ਾ ਯਤਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮਿਲ ਕੇ ਸ਼ੁਰੂ ਕੀਤੇ ਗਏ ਹਨ।

ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਨਾ ਤਾਂ ਮੈਨੂੰ ਆਪਣੇ ਖਿਲਾਫ ਕੇਸ ਦਰਜ ਹੋਣ ਦਾ ਡਰ ਹੈ ਤੇ ਨਾ ਹੀ ਮੈਨੂੰ ਜੇਲ੍ਹ ਜਾਣ ਦੀ ਪਰਵਾਹ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਆਮ ਆਦਮੀ ਪਾਰਟੀ ਦੇ ਸਰਗਰਮ ਮੈਂਬਰ ਵਜੋਂ ਕੰਮ ਕਰਨ ਲੱਗ ਪਏ ਹਨ ਤੇ ਇਸੇ ਕਾਰਨ ਉਹ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਮੇਰੇ ਵੱਲੋਂ ਬੋਲੇ ਸ਼ਬਦਾਂ ਅਤੇ ਵਿਅਕਤ ਕੀਤੀਆਂ ਭਾਵਨਾਵਾਂ ਨੂੰ ਤੋੜ ਮਰੋੜ ਕੇ ਗਲਤ ਢੰਗ ਨਾਲ ਪੇਸ਼ ਕਰ ਰਹੇ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਾਬਕਾ ਜਥੇਦਾਰ ਦੇ ਅਜਿਹੇ ਯਤਨ ਤਖ਼ਤ ਦੀ ਮਰਿਆਦਾ ਦੇ ਖਿਲਾਫ ਹਨ।

ਹੋਰ ਪੜ੍ਹੋ 👉  ਅਕਾਲੀਆਂ ਨੇ ਬਿਜਲੀ ਕੱਟ ਦੇ ਮੁੱਦੇ ਉਤੇ ਸਰਕਾਰ ਨੂੰ ਘੇਰਿਆ,ਪੰਜਾਬ ਚ ਕੀਤੇ ਰੋਸ ਮੁਜ਼ਾਹਰੇ

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਭਾਖੜਾ ਡੈਮ ਵਿਚ ਪਾਣੀ ਦੇ ਪੱਧਰ ਵਿਚ ਹੋਏ ਅਣਕਿਆਸੇ ਵਾਧੇ ਦਾ ਨੋਟਿਸ ਲੈਂਦਿਆਂ ਕਿਹਾ ਕਿ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ 21 ਫੁੱਟ ਵੱਧ ਹੈ ਤੇ 1578 ਫੁੱਟ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲਾਤ ਦਾ ਨੋਟਿਸ ਨਹੀਂ ਲਿਆ ਅਤੇ ਮੌਨਸੂਨ ਦੀ ਆਮਦ ਤੋਂ ਪਹਿਲਾਂ ਬੀ ਬੀ ਐਮ ਬੀ ਅਧਿਕਾਰੀਆਂ ਕੋਲ ਸਮੇਂ ਸਿਰ ਪਾਣੀ ਛੱਡਣ ਦਾ ਮਾਮਲਾ ਨਹੀਂ ਚੁੱਕਿਆ।

ਸਰਦਾਰ ਬਾਦਲ ਨੇ ਕਿਹਾ ਕਿ ਆਪ ਸਰਕਾਰ ਪਿਛਲੇ ਸਾਲ ਵੀ ਸਮੇਂ ਸਿਰ ਪਾਣੀ ਛੁਡਵਾਉਣ ਵਿਚ ਨਾਕਾਮ ਰਹੀ ਸੀ ਜਿਸ ਕਾਰਨ ਹਡ੍ਹ ਆਏ ਸਨ ਤੇ ਪੰਜਾਬ ਵਿਚ ਲੱਖਾਂ ਏਕੜ ਵਿਚ ਝੋਨੇ ਦੀ ਫਸਲ ਤਬਾਹ ਹੋਈ ਸੀ ਤੇ ਕਿਸਾਨਾਂ ਦੀ ਜ਼ਿੰਦਗੀ ਬਰਬਾਦ ਹੋਈ ਸੀ।ਉਹਨਾਂ ਕਿਹਾ ਕਿ ਇਸ ਸਾਲ ਵੀ ਉਹੋ ਜਿਹੇ ਹਾਲਾਤ ਬਣ ਰਹੇ ਹਨ ਤੇ ਜੇਕਰ ਮੌਨਸੂਨ ਵਿਚ ਮੀਂਹ ਵੱਧ ਪੈ ਗਿਆ ਤਾਂ ਬੀ ਬੀ ਐਮ ਬੀ ਅਧਿਕਾਰੀ ਅਚਨਚੇਤ ਪਾਣੀ ਛੱਡਣ ਲਈ ਮਜਬੂਰ ਹੋਣਗੇ ਜਿਸ ਨਾਲ ਸੂਬੇ ਵਿਚ ਹੜ੍ਹ ਆਉਣਗੇ।

ਹੋਰ ਪੜ੍ਹੋ 👉  ਸਫ਼ਾਈ ਕਰਮਚਾਰੀਆਂ ਦੇ ਬੱਚਿਆਂ ਨੂੰ ਵਜ਼ੀਫ਼ਾ ਦੇਣ ਦਾ ਫੈਸਲਾ ਇਤਿਹਾਸਕ ਕਦਮ: ਵਿਜੇ ਸਾਂਪਲਾ

ਉਹਨਾਂ ਕਿਹਾ ਕਿ ਮਾਲਵਾ ਖਿੱਤੇ ਦੀਆਂ ਵੱਡੀ ਗਿਣਤੀ ਵਿਚ ਡਰੇਨਾਂ ਸੁੱਕੀਆਂ ਪਈਆਂ ਹਨ ਤਾਂ ਆਪ ਸਰਕਾਰ ਨੂੰ ਭਾਖੜਾ ਡੈਮ ਤੋਂ ਸਮੇਂ ਸਿਰ ਪਾਣੀ ਛੱਡਣ ਦਾ ਮਾਮਲਾ ਬੀ ਬੀ ਐਮ ਬੀ ਕੋਲ ਚੁੱਕਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਵੀ ਅਣਸੁਖਾਵੀਂ ਘਟਨਾ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ।
ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਵੱਲੋਂ ਫੋਕੀ ਸ਼ੋਹਰਤ ਖੱਟਣ ਤੇ ਸੂਬੇ ਵਿਚ ਵਾਟਰ ਸੈਸ ਖਤਮ ਕਰਨ ਦਾ ਪ੍ਰਚਾਰ ਕਰਨ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਸੈਸ ਪਹਿਲਾਂ ਹੀ ਖ਼ਤਮ ਕਰ ਦਿੱਤਾ ਸੀ। ਉਹਨਾਂ ਨੇ ਪਟਿਆਲਾ ਵਿਚ ਅਪ੍ਰੈਂਟਿਸਿਸ ਲਾਈਨਮੈਂਨਾਂ ’ਤੇ ਬਹੁਤ ਹੀ ਬੇਰਹਿਮੀ ਨਾਲ ਕੀਤੇ ਲਾਠੀਚਾਰਜ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਪੰਜਾਬੀ ਅਜਿਹੇ ਤਾਨਾਸ਼ਾਹੀ ਫੈਸਲੇ ਪ੍ਰਵਾਨ ਨਹੀਂ ਕਰਨਗੇ ਅਤੇ 2027 ਦੀਆਂ ਚੋਣਾਂ ਵਿਚ ਆਪ ਨੂੰ ਕਰਾਰਾ ਸਬਕ ਸਿਖਾਉਣਗੇ।
ਸਰਦਾਰ ਬਾਦਲ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਸਭ ਤੋਂ ਵੱਧ ਸਮੇਂ ਤੱਕ ਕੰਮ ਕਰਦੇ ਰਹਿਣ ਵਾਲੇ ਪ੍ਰਧਾਨ ਮੰਤਰੀ ਬਣਨ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਪ੍ਰਾਪਤੀ ਪ੍ਰਧਾਨ ਮੰਤਰੀ ਵੱਲੋਂ ਲੋਕਾਂ ਦੀ ਸੇਵਾ ਵਾਸਤੇ ਲਗਾਏ ਸਮੇਂ ਦੀ ਇਤਿਹਾਸਕ ਪ੍ਰਾਪਤੀ ਹੈ।

ਹੋਰ ਪੜ੍ਹੋ 👉  ਵਿਸ਼ਵ ਸਨਾਤਨ ਧਰਮ ਸਭਾ ਵੱਲੋਂ ਸਨਾਤਨ ਧਰਮ ਨਾਲ ਸਬੰਧਿਤ 77 ਸੰਤਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ

Leave a Reply

Your email address will not be published. Required fields are marked *