ਰਾਜਾ ਵੜਿੰਗ ਨੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਕਿਸਾਨਾਂ ਦੀ ਬਾਂਹ ਫੜ੍ਹਨ ਦੀ ਕੀਤੀ ਅਪੀਲ

ਚੰਡੀਗੜ੍ਹ, 6 ਅਪ੍ਰੈਲ (ਖ਼ਬਰ ਖਾਸ ਬਿਊਰੋ)

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਅਪੀਲ ਕੀਤੀ ਕਿ ਬੇਮੌਸਮੀ ਭਾਰੀ ਬਾਰਿਸ਼ ਅਤੇ ਗੜਿਆਂ ਕਾਰਨ ਫਸਲਾਂ ਦੇ ਨੁਕਸਾਨ ਨਾਲ ਜੂਝ ਰਹੇ ਕਿਸਾਨਾਂ ਲਈ ਤੁਰੰਤ ਧਿਆਨ ਦਿੱਤਾ ਜਾਵੇ।

ਇੱਕ ਬਿਆਨ ਵਿੱਚ ਵੜਿੰਗ ਨੇ ਦੱਸਿਆ ਕਿ ਪੰਜਾਬ ਦੇ ਵੱਡੇ ਹਿੱਸੇ, ਖ਼ਾਸ ਕਰਕੇ ਮਾਲਵਾ ਖੇਤਰ ਵਿੱਚ ਭਾਰੀ ਬਾਰਿਸ਼ ਅਤੇ ਗੜੇਮਾਰੀ ਹੋਈ ਹੈ, ਜਿਸ ਨੇ ਪੱਕੀ ਹੋਈ ਕਣਕ ਦੀ ਫਸਲ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨੁਕਸਾਨ ਇਸ ਕਦਰ ਹੈ ਕਿ ਇਹ ਫਸਲ ਪਸ਼ੂਆਂ ਦੇ ਚਾਰੇ ਵਜੋਂ ਵੀ ਵਰਤਣ ਯੋਗ ਨਹੀਂ ਰਹੀ।
ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਪ੍ਰਭਾਵਿਤ ਕਿਸਾਨਾਂ ਤੱਕ ਪਹੁੰਚਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਨੁਕਸਾਨ ਅਤੇ ਤਬਾਹੀ ਦਾ ਪੱਧਰ ਪਿਛਲੇ ਸਾਲ ਆਈ ਵਿਨਾਸ਼ਕਾਰੀ ਹੜ ਵਰਗਾ ਹੀ ਹੈ।

ਹੋਰ ਪੜ੍ਹੋ 👉  ਵਿਜੀਲੈਂਸ ਬਿਊਰੋ ਨੇ ਪਟਵਾਰੀ ਅਤੇ ਪ੍ਰਾਈਵੇਟ ਏਜੰਟ ਨੂੰ 5,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਾਜ ਸਰਕਾਰ ਤੋਂ ਵੱਧ ਉਮੀਦ ਨਹੀਂ ਹੈ, ਕਿਉਂਕਿ ਪਿਛਲੇ ਸਾਲ ਹੜਾਂ ਦੌਰਾਨ ਜਿਨ੍ਹਾਂ ਲੋਕਾਂ ਦੀ ਫਸਲ ਅਤੇ ਸੰਪਤੀ ਦਾ ਨੁਕਸਾਨ ਹੋਇਆ ਸੀ, ਉਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ।

ਵੜਿੰਗ ਨੇ ਕਿਹਾ ਕਿ ਸਰਕਾਰ ਵੱਲੋਂ ਫਸਲਾਂ ਦੇ ਨੁਕਸਾਨ ਦੀ ‘ਗਿਰਦਾਵਰੀ’ (ਸਰਵੇ) ਕਰਵਾਉਣ ਦੀ ਰਵਾਇਤੀ ਘੋਸ਼ਣਾ ਦਾ ਕੋਈ ਲਾਭ ਨਹੀਂ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਪੂਰੇ ਖੇਤਾਂ ਵਿੱਚ ਫਸਲ ਜ਼ਮੀਨ ’ਤੇ ਡਿੱਗੀ ਪਈ ਹੈ, ਤਾਂ ਫਿਰ ਸਰਵੇ ਕਿਸ ਗੱਲ ਦਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ‘ਗਿਰਦਾਵਰੀ’ ਦੀਆਂ ਘੋਸ਼ਣਾਵਾਂ ਸਿਰਫ਼ ਪੀੜਤਾਂ ਨੂੰ ਗੁੰਮਰਾਹ ਕਰਨ ਲਈ ਕੀਤੀਆਂ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਜੇਕਰ ਰਾਜ ਸਰਕਾਰ ਦੀ ਨੀਅਤ ਸਾਫ ਹੁੰਦੀ ਤਾਂ ਉਹ ਕਿਸਾਨਾਂ ਨੂੰ ਤੁਰੰਤ ਅੰਤਰਿਮ ਰਾਹਤ ਦਿੰਦੀ ਅਤੇ ਗਿਰਦਾਵਰੀ ਰਿਪੋਰਟਾਂ ਦੀ ਉਡੀਕ ਨਾ ਕਰਦੀ।

ਹੋਰ ਪੜ੍ਹੋ 👉  ਬਾਹਰਲੇ ਸੂਬਿਆਂ ਤੋਂ ਝੋਨਾ ਲਿਆਉਣ ਵਾਲਿਆਂ ਖ਼ਿਲਾਫ਼ ਐਫਆਈਆਰ ਦਰਜ

ਪੀਸੀਸੀ ਪ੍ਰਧਾਨ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਮੰਤਰੀ ਚੌਹਾਨ ਨੂੰ ਚਿੱਠੀ ਲਿਖੀ ਹੈ ਅਤੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਦਿੱਲੀ ਵਿੱਚ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਕਿਹਾ ਕਿ ਉਹ ਪ੍ਰਭਾਵਿਤ ਕਿਸਾਨਾਂ ਲਈ ਤੁਰੰਤ ਮਦਦ ਦੀ ਮੰਗ ਕਰਨਗੇ, ਕਿਉਂਕਿ ਕਿਸਾਨ ਰਾਜ ਸਰਕਾਰ ਦੇ ਸਰਵੇ ਦੀ ਉਡੀਕ ਨਹੀਂ ਕਰ ਸਕਦੇ, ਜਿਸਦਾ ਨਾ ਤਾਂ ਕੋਈ ਨਿਰਧਾਰਤ ਸਮਾਂ ਹੈ ਅਤੇ ਨਾ ਹੀ ਮੁਆਵਜ਼ਾ ਮਿਲਣ ਦੀ ਕੋਈ ਗਾਰੰਟੀ, ਜਿਵੇਂ ਪਿਛਲੇ ਤਜਰਬੇ ਨਿਰਾਸ਼ਾਜਨਕ ਰਹੇ ਹਨ।

Leave a Reply

Your email address will not be published. Required fields are marked *