ਰੇਲ ਰੋਕੋ ਅੰਦੋਲਨ ਕਿਸਾਨ ਜਥੇਬੰਦੀਆਂ ਵੱਲੋਂ ਤਿੰਨ ਦਿਨ ਲਈ ਮੁਲਤਵੀ

ਚੰਡੀਗੜ੍ਹ 17 ਅਪ੍ਰੈਲ (ਖ਼ਬਰ ਖਾਸ ਬਿਊਰੋ)

ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 17 ਅਪ੍ਰੈਲ ਨੂੰ ਤਿੰਨ ਘੰਟੇ ਲਈ ਦਿੱਤੇ ਗਏ ਰੇਲ ਰੋਕਣ ਦੇ ਸੱਦੇ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਣਕ ਦੇ ਖਰੀਦ ਨਿਯਮਾਂ ਵਿੱਚ ਢਿੱਲ ਨਾ ਦੇਣ ਕਾਰਨ ਕਣਕ ਦੀ ਰੁਕੀ ਹੋਈ ਖਰੀਦ ਚਾਲੂ ਕਰਵਾਉਣ ਲਈ 15 ਕਿਸਾਨ ਜਥੇਬੰਦੀਆਂ ਵੱਲੋਂ 12 ਵਜੇ ਤੋਂ ਤਿੰਨ ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਸੀ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਮਨਜੀਤ ਸਿੰਘ ਧਨੇਰ), ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ, ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਹਰਭਜਨ ਸਿੰਘ ਬੁੱਟਰ), ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ (ਬੂਟਾ ਸਿੰਘ ਸ਼ਾਦੀਪੁਰ), ਕਿਸਾਨ ਸੰਘਰਸ਼ ਕਮੇਟੀ ਪੰਜਾਬ (ਸੁਖਦੇਵ ਸਿੰਘ ਅਰਾਈਆਂਵਾਲਾ) ਅਤੇ ਕੌਮੀ ਕਿਸਾਨ ਯੂਨੀਅਨ (ਬਿੰਦਰ ਸਿੰਘ ਗੋਲੇਵਾਲਾ), ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ( ਸੁਖਵਿੰਦਰ ਸਿੰਘ ਸਭਰਾ), ਬੀਕੇਯੂ ਏਕਤਾ ਆਜ਼ਾਦ (ਜਸਵਿੰਦਰ ਸਿੰਘ ਲੌਂਗੋਵਾਲ), ਬੀਕੇਯੂ ਕ੍ਰਾਂਤੀਕਾਰੀ ( ਬਲਦੇਵ ਸਿੰਘ ਜੀਰਾ) , ਬੀਕੇਯੂ ਬਹਿਰਾਮਕੇ (ਬਲਵੰਤ ਸਿੰਘ ਬਹਿਰਾਮਕੇ) , ਬੀਕੇਯੂ ਦੋਆਬਾ ( ਮਨਜੀਤ ਸਿੰਘ ਰਾਏ), ਕਿਸਾਨ ਮਜ਼ਦੂਰ ਹਿੱਤਕਾਰੀ ਸਭਾ (ਓਂਕਾਰ ਸਿੰਘ ਭੰਗਾਲਾ) , ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ( ਦਿਲਬਾਗ ਸਿੰਘ ਗਿੱਲ) , ਬੀਕੇਯੂ ਭਟੇੜੀ ( ਜੰਗ ਸਿੰਘ ਭਟੇੜੀ) , ਕਿਸਾਨ ਮਜ਼ਦੂਰ ਮੋਰਚਾ ਪੰਜਾਬ (ਮਲਕੀਤ ਸਿੰਘ ਗੁਲਾਮੀ ਵਾਲਾ) ਵੱਲੋਂ ਸਾਂਝੇ ਤੌਰ ਤੇ ਦਿੱਤਾ ਗਿਆ ਸੀ ਅਤੇ ਕੁਝ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਵੀ ਇਸ ਦੀ ਹਮਾਇਤ ਕੀਤੀ ਗਈ ਸੀ।

ਹੋਰ ਪੜ੍ਹੋ 👉  ਲੋਕ ਭਲਾਈ ਯੋਜਨਾਵਾਂ ਤੇ ਪ੍ਰੋਗਰਾਮਾਂ ਨੂੰ ਜ਼ਮੀਨੀ ਪੱਧਰ ’ਤੇ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ’ਤੇ ਜ਼ੋਰ

16 ਅਪ੍ਰੈਲ ਸਵੇਰ ਤੋਂ ਹੀ ਪੰਜਾਬ ਸਰਕਾਰ ਕਿਸਾਨ ਜਥੇਬੰਦੀਆਂ ਦੇ ਸੰਪਰਕ ਵਿੱਚ ਸੀ। ਕਿਸਾਨਾਂ ਦੇ ਇਸ ਪ੍ਰੋਗਰਾਮ ਨੂੰ ਦੇਖਦਿਆਂ ਕੇਂਦਰ ਸਰਕਾਰ ਦੀਆਂ ਟੀਮਾਂ ਵੱਲੋਂ ਜੋ ਸੈਂਪਲ ਭਰੇ ਗਏ ਸਨ, ਉਹਨਾਂ ਦੀ ਰਿਪੋਰਟ 16 ਅਪ੍ਰੈਲ ਦੀ ਰਾਤ ਨੂੰ ਹੀ ਕੇਂਦਰ ਨੂੰ ਭੇਜ ਕੇ ਕਣਕ ਦੇ ਖਰੀਦ ਨਿਯਮਾਂ ਵਿੱਚ ਛੋਟ ਦੇਣ ਦੀ ਸਿਫਾਰਸ਼ ਕਰ ਦਿੱਤੀ ਗਈ। ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਵਾਰ-ਵਾਰ ਇਹ ਯਕੀਨ ਦਿਵਾਇਆ ਗਿਆ ਕਿ 17 ਅਪ੍ਰੈਲ ਦੁਪਹਿਰ ਤੱਕ ਨਿਯਮਾਂ ਵਿੱਚ ਢਿੱਲ ਮਿਲ ਜਾਵੇਗੀ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 16 ਅਪ੍ਰੈਲ ਸ਼ਾਮ ਤੱਕ ਹੋਈ ਖਰੀਦ ਦਾ ਵੇਰਵਾ ਵੀ ਮੁਹੱਈਆ ਕਰਵਾਇਆ ਗਿਆ ਅਤੇ ਦੱਸਿਆ ਗਿਆ। ਪੰਜਾਬ ਸਰਕਾਰ ਵੱਲੋਂ ਦੱਸਿਆ ਗਿਆ ਕਿ ਕਣਕ ਦੀ ਖਰੀਦ ਪੂਰੀ ਤੇਜ਼ੀ ਨਾਲ ਚਾਲੂ ਕਰ ਦਿੱਤੀ ਗਈ ਹੈ ਅਤੇ ਕਿਸਾਨਾਂ ਦੀ ਸਾਰੀ ਕਣਕ ਪੂਰੇ ਰੇਟ ਤੇ ਖਰੀਦੀ ਜਾਵੇਗੀ। ਉੱਚ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਰੇਲ ਰੋਕੋ ਪ੍ਰੋਗਰਾਮ ਦੋ ਦਿਨ ਲਈ ਮੁਲਤਵੀ ਕਰਨ ਦੀ ਅਪੀਲ ਕੀਤੀ ਗਈ ਸੀ। ਉੱਚ ਅਧਿਕਾਰੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਕਣਕ ਦੀ ਖਰੀਦ ਲਈ ਲੋੜੀਂਦਾ ਬਾਰਦਾਨਾ ਸਰਕਾਰ ਕੋਲ ਉਪਲਬਧ ਹੈ।

ਹੋਰ ਪੜ੍ਹੋ 👉  ਸਕੂਲਾਂ ਵਿੱਚ ਏ.ਆਈ. ਨੂੰ ਮੁੱਖ ਵਿਸ਼ੇ ਵਜੋਂ ਸ਼ਾਮਲ ਕੀਤਾ ਜਾਵੇਗਾ; ਬੋਰਡ ਦੇ ਸਰਟੀਫੀਕੇਟਾਂ ’ਚ ਦਰਜ ਹੋਣਗੇ ਪ੍ਰਾਪਤ ਕੀਤੇ ਅੰਕ

ਮੰਡੀਆਂ ਵਿੱਚ ਕਣਕ ਦੀ ਖਰੀਦ ਵਿੱਚ ਆਈ ਤੇਜੀ, ਖਰੀਦ ਨਿਯਮਾਂ ਵਿੱਚ ਛੋਟ ਦੇਣ ਦੀ ਸਿਫਾਰਿਸ਼ ਅਤੇ ਖੇਤਾਂ ਵਿੱਚ ਕਣਕ ਦੀ ਸਾਂਭ ਸੰਭਾਲ ਦਾ ਕੰਮ ਜ਼ੋਰਾਂ ਤੇ ਹੋਣ ਕਾਰਨ ਕਿਸਾਨ ਜਥੇਬੰਦੀਆਂ ਨੇ ਇਹ ਪ੍ਰੋਗਰਾਮ ਤਿੰਨ ਦਿਨ ਲਈ ਮੁਲਤਵੀ ਕਰ ਦਿੱਤਾ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਕਣਕ ਦੀ ਖਰੀਦ ਵਿੱਚ ਕੋਈ ਰੁਕਾਵਟ ਆਈ ਜਾਂ ਕਣਕ ਦੀ ਕੀਮਤ ਵਿੱਚ ਕੋਈ ਕਟੌਤੀ ਕੀਤੀ ਗਈ ਤਾਂ ਕਿਸਾਨਾਂ ਵੱਲੋਂ ਮੁੜ ਤੋਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ ਦੁਪਹਿਰ ਤੱਕ ਕੇਂਦਰ ਸਰਕਾਰ ਵੱਲੋਂ ਕਣਕ ਦੇ ਖਰੀਦ ਨਿਯਮਾਂ ਵਿੱਚ ਛੋਟ ਦੇ ਦਿੱਤੀ ਗਈ।

ਹੋਰ ਪੜ੍ਹੋ 👉  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ

ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਕਣਕ ਵੇਚਣ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ। ਇਹ ਪੰਜਾਬ ਸਰਕਾਰ ਦੀ ਨਲਾਇਕੀ ਅਤੇ ਕੇਂਦਰ ਸਰਕਾਰ ਦੀਆਂ ਕਾਰਪੋਰੇਟ ਘਰਾਣਿਆ ਪੱਖੀ ਅਤੇ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਦਾ ਨਤੀਜਾ ਹੈ। ਸੰਘਰਸ਼ ਦੇ ਦਬਾਅ ਸਦਕਾ, ਕਣਕ ਦੀ ਖਰੀਦ ਵਿੱਚ ਆਈ ਤੇਜੀ ਅਤੇ ਖਰੀਦ ਨਿਯਮਾਂ ਵਿੱਚ ਮਿਲੀ ਢਿੱਲ ਨੂੰ ਕਿਸਾਨ ਜਥੇਬੰਦੀਆਂ ਦੀ ਜਿੱਤ ਦਸਦਿਆਂ ਮਨਜੀਤ ਸਿੰਘ ਧਨੇਰ ਅਤੇ ਸਰਵਣ ਸਿੰਘ ਪੰਧੇਰ ਨੇ ਪੰਜਾਬ ਦੇ ਸਮੂਹ ਲੋਕਾਂ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।

Leave a Reply

Your email address will not be published. Required fields are marked *