ਬਰਨਾਲਾ , 28 ਸਤੰਬਰ (ਖ਼ਬਰ ਖਾਸ ਬਿਊਰੋ )
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੀ ਜ਼ਿਲ੍ਹਾ ਇਕਾਈ ਬਰਨਾਲਾ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮਦਿਨ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੰਧੂ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰੀ ਅਹੁਦੇਦਾਰਾਂ ਵੱਲੋਂ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਦੇ ਬੁੱਤ ਉੱਪਰ ਫੁੱਲ ਮਲਾਵਾਂ ਭੇਂਟ ਕੀਤੀਆਂ ਅਤੇ ਸਥਾਨਕ ਐਸ.ਐਸ.ਡੀ ਕਾਲਜ ਵਿੱਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮਦਿਨ ‘ਤੇ ਪੌਦੇ ਵੀ ਲਗਾਏ।

ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੰਧੂ ਅਤੇ ਜ਼ਿਲ੍ਹਾ ਜਨਰਲ ਸਕੱਤਰ ਨਿਰਮਲ ਸਿੰਘ ਪੰਡੋਰੀ ਨੇ ਕਿਹਾ ਕਿ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਹੋਰ ਆਜ਼ਾਦੀ ਦੇ ਪ੍ਰਵਾਨਿਆਂ ਨੇ ਮੁਲਕ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਆਪਣੀ ਜਾਨ ਦੀਆਂ ਕੁਰਬਾਨੀਆਂ ਕੀਤੀਆਂ ਪ੍ਰੰਤੂ ਇਹ ਦੁੱਖ ਦੀ ਗੱਲ ਹੈ ਕਿ ਜਿਹੜੇ ਮਿਸ਼ਨ ਲਈ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਕੁਰਬਾਨੀਆਂ ਕੀਤੀਆਂ ਉਸ ਮਿਸ਼ਨ ਦੀ ਪੂਰਤੀ ਅਜੇ ਨਹੀਂ ਹੋਈ। ਉਹਨਾਂ ਕਿਹਾ ਕਿ ਸਰਦਾਰ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਗੋਰੇ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣ ਲਈ ਸੰਘਰਸ਼ ਕੀਤਾ, ਲੜਾਈ ਲੜੀ ਪ੍ਰੰਤੂ ਗੋਰੇ ਅੰਗਰੇਜ਼ਾਂ ਦੇ ਭਾਰਤ ਛੱਡ ਕੇ ਜਾਣ ਤੋਂ ਬਾਅਦ ਅੱਜ ਕਾਲੇ ਰੰਗ ਦੇ ਅੰਗਰੇਜ਼ਾਂ ਵੱਲੋਂ ਦੇਸ਼ ਨੂੰ ਲੁੱਟਣਾ ਸ਼ੁਰੂ ਕੀਤਾ ਹੋਇਆ ਹੈ।
ਉਹਨਾਂ ਕਿਹਾ ਕਿ ਸਾਡੇ ਸ਼ਹੀਦਾਂ ਦੀ ਵਿਚਾਰਧਾਰਾ ਕਿਰਤੀ ਤੇ ਕਾਮਿਆਂ ਦੀ ਹਾਮੀ ਰਹੀ ਪ੍ਰੰਤੂ ਅਜੋਕੇ ਭਾਰਤ ਵਿੱਚ ਸਰਮਾਏਦਾਰੀ ਵਿਚਾਰਧਾਰਾ ਵੱਲੋਂ ਕਿਰਤੀ ਕਾਮਿਆਂ ਦਾ ਹਰ ਤਰ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਯੂਨੀਅਨ ਦੇ ਆਗੂਆਂ ਨੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ‘ਤੇ ਵਿਸ਼ੇਸ਼ ਨੌਜਵਾਨ ਵਰਗ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਜਿਵੇਂ ਸਰਦਾਰ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਗੋਰੇ ਅੰਗਰੇਜ਼ਾਂ ਤੋਂ ਭਾਰਤ ਨੂੰ ਆਜ਼ਾਦ ਕਰਵਾਇਆ, ਉਸੇ ਤਰ੍ਹਾਂ ਅਜੋਕੇ ਦੌਰ ਦੇ ਸਰਮਾਏਦਾਰੀ ਰੂਪੀ ਕਾਲੇ ਅੰਗਰੇਜ਼ਾਂ ਵੱਲੋਂ ਸਮਾਜਿਕ, ਆਰਥਿਕ, ਰਾਜਨੀਤਿਕ ਤੌਰ ‘ਤੇ ਗੁਲਾਮ ਬਣਾਏ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਨਵੀਂ ਸੋਚ ਅਤੇ ਵਿਚਾਰਧਾਰਾ ਨਾਲ ਮੈਦਾਨ ਵਿੱਚ ਉਤਰਨਾ ਚਾਹੀਦਾ ਹੈ।
ਇਸ ਮੌਕੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਬਰਨਾਲਾ ਇਕਾਈ ਦੇ ਮੁੱਖ ਅਹੁਦੇਦਾਰ ਮਹਿੰਦਰ ਸਿੰਘ ਰਾਏ, ਰਜਿੰਦਰ ਕੁਮਾਰ ਸ਼ਰਮਾ, ਕਰਨਪ੍ਰੀਤ ਕਰਨ, ਰਜਿੰਦਰ ਕੁਮਾਰ ਵਰਮਾ, ਅਵਤਾਰ ਸਿੰਘ ਫਰਵਾਹੀ, ਅਵਤਾਰ ਸਿੰਘ ਚੀਮਾ, ਯੋਗੇਸ਼ ਕੁਮਾਰ ਰਿਸ਼ੀ, ਸੰਦੀਪਪਾਲ ਸਿੰਘ, ਨਰਿੰਦਰ ਕੌਸ਼ਿਕ, ਅਵਤਾਰ ਸਿੰਘ ਮਹਿਤਾ, ਜਗਤਾਰ ਸਿੰਘ ਸੰਧੂ, ਸਤਬਚਨ ਸਿੰਘ, ਚਰਨਜੀਤ ਸਿੰਘ ਲੌਂਗੋਵਾਲ, ਅਮਨਦੀਪ ਸਿੰਘ ਸੰਧੂ, ਨਰਿੰਦਰ ਕੁਮਾਰ, ਠੇਕੇਦਾਰ ਬਿੰਦਰ ਸਿੰਘ ਲੌਂਗੋਵਾਲ ਤੋਂ ਇਲਾਵਾ ਐਸ.ਐਸ.ਡੀ ਕਾਲਜ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ ਜਿੰਦਲ, ਟੰਡਨ ਇੰਟਰਨੈਸ਼ਨਲ ਸਕੂਲ ਦੇ ਐਮ.ਡੀ ਸ਼ਿਵ ਸਿੰਗਲਾ, ਰਜਿਤ ਕੁਮਾਰ ਬੌਬੀ ਵੀ ਹਾਜ਼ਰ ਸਨ।