ਚੰਡੀਗੜ੍ਹ, 27 ਸਤੰਬਰ (ਖ਼ਬਰ ਖਾਸ ਬਿਊਰੋ)
ਕੌਮਾਂਤਰੀ ਪੱਧਰ ਉੱਤੇ ਖੇਡਾਂ ਵਿੱਚ ਤਮਗ਼ੇ ਜਿੱਤਣ ਲਈ ਖੇਡ ਸੱਭਿਆਚਾਰ ਪੈਦਾ ਕਰਨਾ ਸਮੇਂ ਦੀ ਲੋੜ ਹੈ ਅਤੇ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਿੱਚ ਖੇਡ ਸਾਹਿਤ ਸਭ ਤੋਂ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ। ਇਹ ਗੱਲ ਓਲੰਪਿਕ ਗੋਲਡ ਮੈਡਲਿਸਟ, ਦਰੋਣਾਚਾਰਿਆ ਅਤੇ ਅਰਜੁਨਾ ਐਵਾਰਡੀ ਰਾਜਿੰਦਰ ਸਿੰਘ ਸੀਨੀਅਰ ਨੇ ਅੱਜ ਇੱਥੇ ਪੰਜਾਬ ਕਲਾ ਭਵਨ ਵਿਖੇ ਭਾਰਤੀ ਸਾਹਿਤ ਅਕਾਦਮੀ, ਦਿੱਲੀ ਵੱਲੋਂ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਏ ‘ਖੇਡ ਸਾਹਿਤ ਦੀ ਪ੍ਰਸੰਗਿਕਤਾ’ ਵਿਸ਼ੇ ’ਤੇ ਸਮਾਗਮ ਦੌਰਾਨ ਕਹੀ।
ਓਲੰਪੀਅਨ ਰਾਜਿੰਦਰ ਸਿੰਘ ਸੀਨੀਅਰ ਨੇ ਬਤੌਰ ਮੁੱਖ ਮਹਿਮਾਨ ਬੋਲਦਿਆਂ ਕਿਹਾ ਕਿ ਖੇਡ ਸਾਹਿਤਕਾਰ ਖੇਡਾਂ ਦੀਆਂ ਊਣਤਾਈਆਂ ਬਾਰੇ ਕਿਸੇ ਵੀ ਰੂਪ ਵਿੱਚ ਲਿਖ ਕੇ ਸਾਨੂੰ ਅਗਾਹ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇੱਕ ਖਿਡਾਰੀ ਕਈ ਸਾਲਾਂ ਦੀ ਮਿਹਨਤ ਨਾਲ ਤਿਆਰ ਹੁੰਦਾ ਹੈ ਅਤੇ ਮਿਹਨਤ ਕਰਕੇ ਆਪਣਾ ਮੁਕਾਮ ਬਣਾਉਂਦਾ ਹੈ। ਲਿਖਤਾਂ ਵਿੱਚ ਇਨ੍ਹਾਂ ਖਿਡਾਰੀਆਂ ਦੀ ਮਿਹਨਤ ਅਤੇ ਸੰਘਰਸ਼ ਦਾ ਵੀ ਵੱਡਾ ਜ਼ਿਕਰ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਪ੍ਰਧਾਨਗੀ ਮੰਡਲ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਉੱਘੇ ਪੱਤਰਕਾਰ ਅਤੇ ਲੇਖਕ ਸਰਬਜੀਤ ਸਿੰਘ ਧਾਲੀਵਾਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਖੇਡ ਸਾਹਿਤ ਦੇ ਸੰਸਾਰ ਨਾਲ ਸਬੰਧਿਤ ਕਈ ਅਣਛੋਹੇ ਪੱਖਾਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਓਲੰਪਿਕ ਦੇ ਸ਼ੁਰੂਆਤੀ ਦੌਰ ਵਿੱਚ ਸਾਹਿਤ ਵੀ ਇਸ ਵੱਡ-ਆਕਾਰੀ ਖੇਡ ਮੇਲੇ ਦਾ ਹਿੱਸਾ ਹੁੰਦਾ ਸੀ ਅਤੇ ਬਕਾਇਦਾ ਸਾਹਿਤ ਦੇ ਮੁਕਾਬਲੇ ਕਰਵਾਏ ਜਾਂਦੇ ਸਨ। ਉਨ੍ਹਾਂ ਉੱਘੇ ਪੰਜਾਬੀ ਕਵੀ ਪ੍ਰੋ. ਪੂਰਨ ਸਿੰਘ ਦੀਆਂ ਖੇਡਾਂ ਬਾਰੇ ਲਿਖੀਆਂ ਕਵਿਤਾਵਾਂ ਵੀ ਸੁਣਾਈਆਂ ਅਤੇ ਵਿਸ਼ਵ ਸਾਹਿਤ ਵਿੱਚ ਖੇਡਾਂ ਬਾਰੇ ਲਿਖੀਆਂ ਕੁਝ ਕਵਿਤਾਵਾਂ ਦੇ ਅਨੁਵਾਦ ਸੁਣਾ ਕੇ ਸਰੋਤਿਆਂ ਨੂੰ ਸਰਸ਼ਾਰ ਕੀਤਾ। ਉਨ੍ਹਾਂ ਕਈ ਪੰਜਾਬੀ ਦੇ ਭੁੱਲੇ-ਵਿਸਰੇ ਲੇਖਕਾਂ ਦਾ ਵੀ ਜ਼ਿਕਰ ਕੀਤਾ, ਜਿਨ੍ਹਾਂ ਨੇ ਖੇਡਾਂ ਬਾਰੇ ਲਿਖਿਆ। ਉਨ੍ਹਾਂ ਉੱਘੇ ਖੇਡ ਲੇਖਕ ਸਰਵਨ ਸਿੰਘ ਦੀ ਉੱਤਮ ਲੇਖਨ-ਸ਼ੈਲੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਖੇਡ ਲੇਖਨ ਵਿੱਚ ਜੀਵਨੀਆਂ ਅਤੇ ਸਵੈ-ਜੀਵਨੀਆਂ ਦੇ ਮਹੱਤਵ ’ਤੇ ਚਾਨਣਾ ਪਾਉਂਦਿਆਂ ਖੇਡ ਸਾਹਿਤ ਬਾਰੇ ਕਈ ਕੋਣਾਂ ਤੋਂ ਵਿਚਾਰ ਸਾਂਝੇ ਕੀਤੇ।
ਖੇਡ ਲੇਖਕ ਅਤੇ ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਨਵਦੀਪ ਸਿੰਘ ਗਿੱਲ ਨੇ ਵਿਚਾਰ ਰੱਖਦਿਆਂ ਕਿਹਾ ਕਿ ਖੇਡਾਂ ਸਾਡੇ ਸੁਭਾਅ ਅਤੇ ਰਹਿਣੀ-ਬਹਿਣੀ ਵਿੱਚ ਸ਼ਾਮਲ ਹਨ। ਤਲਵਾਰਬਾਜ਼ੀ, ਨੇਜ਼ਾਬਾਜ਼ੀ, ਨਿਸ਼ਾਨੇਬਾਜ਼ੀ ਆਦਿ ਖੇਡਾਂ ਸਾਡੇ ਵਿਰਸੇ ਦਾ ਹਿੱਸਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦਾ ਪਤਾ ਸਾਨੂੰ ਪੁਰਾਤਨ ਲਿਖਤਾਂ ਤੋਂ ਲੱਗਦਾ ਹੈ। ਉਨ੍ਹਾਂ ਇਸ ਵਿਧਾ ਨੂੰ ਪ੍ਰਫੁੱਲਿਤ ਕਰਨ ਦਾ ਸਿਹਰਾ ਪ੍ਰਿੰਸੀਪਲ ਸਰਵਣ ਸਿੰਘ ਸਿਰ ਬੰਨ੍ਹਿਆ। ਉਨ੍ਹਾਂ ਅੱਗੇ ਕਿਹਾ ਕਿ ਖੇਡ ਲੇਖਕ ਦਾ ਫ਼ਰਜ਼ ਜਿੱਤੇ ਹੋਏ ਨੂੰ ਸੰਭਾਲਣਾ ਅਤੇ ਹਾਰੇ ਹੋਏ ਨੂੰ ਉਤਸ਼ਾਹਿਤ ਕਰਕੇ ਅਗਲੇ ਮੁਕਾਬਲੇ ਲਈ ਤਿਆਰ ਕਰਨਾ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਖੇਡਾਂ ਬਾਰੇ ਪੁਸਤਕਾਂ, ਲਿਖਤਾਂ ਦੇ ਨਾਲ ਖੇਡਾਂ ਬਾਰੇ ਪੋਸਟਾਂ, ਰੀਲਾਂ ਤੇ ਵੀਡਿਓਜ਼ ਵੀ ਖੇਡ ਸਾਹਿਤ ਦਾ ਹਿੱਸਾ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖੇਡ ਲਿਖਾਰੀ ਖਿਡਾਰੀਆਂ ਦੇ ਨਾਲ ਹੱਸਦੇ ਵੀ ਹਨ ਤੇ ਰੋਂਦੇ ਹਨ ਜਿਹੜੇ ਆਪਣੀਆਂ ਲਿਖਤਾਂ ਵਿੱਚ ਖਿਡਾਰੀਆਂ ਦੀਆਂ ਭਾਵਨਾਵਾਂ ਵੀ ਸ਼ਾਮਲ ਕਰਦੇ ਹਨ।
ਉੱਘੇ ਖੇਡ ਲੇਖਕ ਅਤੇ ਖੇਡ ਸਾਹਿਤ ਵਿੱਚ ਪਹਿਲੀ ਪੀਐੱਚ.ਡੀ. ਕਰਨ ਵਾਲੇ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਖੇਡ ਸਾਹਿਤ ਦਾ ਆਪਣਾ ਵਿਸ਼ੇਸ਼ ਮਹੱਤਵ ਹੈ। ਖੇਡ ਸਾਹਿਤ ਨੇ ਖੇਡਾਂ ਅਤੇ ਖਿਡਾਰੀਆਂ ਦਾ ਇਤਿਹਾਸ ਸੰਭਾਲ ਕੇ ਰੱਖਣਾ ਹੁੰਦਾ ਹੈ। ਉਨ੍ਹਾਂ ਨੇ ਖੇਡਾਂ ਨਾਲ ਸਬੰਧਿਤ ਵੱਖ-ਵੱਖ ਧਰਮ-ਮੱਤਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਖੇਡ ਸਾਹਿਤ ਕੋਰੀ ਕਲਪਨਾ ਨਹੀਂ ਹੁੰਦਾ। ਲੇਖਕ ਨੂੰ ਤੱਥਾਂ ਦੇ ਆਧਾਰ ’ਤੇ ਦਿਲਚਸਪ ਸ਼ੈਲੀ ਵਿੱਚ ਲਿਖਣਾ ਹੁੰਦਾ ਹੈ ਅਤੇ ਖਿਡਾਰੀ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੋਣਾ ਹੁੰਦਾ ਹੈ।
ਨੇ ਸੁਨਾਮ ਤੋਂ ਆਏ ਨੌਜਵਾਨ ਖੇਡ ਲੇਖਕ ਮਨਦੀਪ ਸਿੰਘ ਨੇ ਬੋਲਦਿਆਂ ਕਿਹਾ ਕਿ ਖੇਡਾਂ ਦੁਨੀਆ ਦੀਆਂ ਸਭ ਤੋਂ ਪ੍ਰਾਚੀਨ ਸਭਿਅਤਾਵਾਂ ਵਿੱਚੋਂ ਇੱਕ ਹਨ। ਖੇਡਾਂ ਸਾਨੂੰ ਸਹਿਯੋਗ ਅਤੇ ਰਲ਼-ਮਿਲ ਕੇ ਰਹਿਣਾ ਸਿਖਾਉਂਦੀਆਂ ਹਨ। ਇਹ ਖੇਡ ਲੇਖਕ ਹੀ ਹਨ, ਜਿਨ੍ਹਾਂ ਨੇ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਾਚੀਨ ਖੇਡਾਂ ਨਾਲ ਸਬੰਧਤ ਤੱਥ ਖੋਜੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਸਬੰਧਿਤ ਕਿਤਾਬਾਂ ਹੀ ਖੇਡ ਸੱਭਿਆਚਾਰ ਪੈਦਾ ਕਰਨ ਵਿੱਚ ਸਹਾਈ ਹੋ ਸਕਦੀਆਂ ਹਨ।
ਇਸ ਮੌਕੇ ਪ੍ਰਧਾਨਗੀ ਮੰਡਲ ਵੱਲੋਂ ਓਲੰਪੀਅਨ ਰਾਜਿੰਦਰ ਸਿੰਘ ਸੀਨੀਅਰ ਦਾ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਸ਼ਾਇਰ, ਵਾਰਤਕਕਾਰ, ਅਨੁਵਾਦਕ ਅਤੇ ਸਮਾਗਮ ਦੇ ਕੋਆਰਡੀਨੇਟਰ ਜਗਦੀਪ ਸਿੱਧੂ ਨੇ ਕੀਤਾ। ਉਨ੍ਹਾਂ ਸਮਾਗਮ ਦਾ ਅੰਤ ਖੇਡਾਂ ਬਾਰੇ ਲਿਖੀ ਕਵਿਤਾ ਨਾਲ ਕੀਤਾ। ਇਸ ਸਮਾਗਮ ਵਿੱਚ ਸ਼ਾਇਰ ਸੁਰਿੰਦਰ ਗਿੱਲ, ਪੱਤਰਕਾਰ ਸ਼੍ਰੀ ਕੇ. ਪੀ., ਚਰਨਜੀਤ ਬਾਠ, ਚੰਡੀਗੜ੍ਹ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਮਲਿਕ, ਵਰਿੰਦਰ ਸਿੰਘ, ਅਵਤਾਰ ਸਿੰਘ ਪਤੰਗ, ਮਨਿੰਦਰ ਸਿੰਘ ਢਿੱਲੋਂ, ਪਵਨਦੀਪ, ਰਾਜਪਾਲ ਸਿੰਘ, ਸਰਬਜੀਤ ਸਿੰਘ ਪੱਡਾ ਆਦਿ ਨੇ ਸ਼ਿਰਕਤ ਕੀਤੀ।
——