ਚੰਡੀਗੜ੍ਹ 10 ਜੂਨ- (ਖ਼ਬਰ ਖਾਸ ਬਿਊਰੋ)
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਸ਼ਾਸਨ ਵੱਲੋ ਯੂਨੀਵਰਸਿਟੀ ਵਿੱਚ ਕੰਮ ਕਰ ਰਹੇ ਆਪਣੇ ਟੀਚਿੰਗ ਅਤੇ ਨਾਨ-ਟੀਚਿੰਗ ਕਰਮਚਾਰੀਆਂ ਨੂੰ 2016 ਤੋਂ ਨਵੇਂ ਸੋਧੇ ਹੋਏ ਪੇ-ਸਕੇਲਾਂ ਨਾਲ ਹੋਏ ਵਾਧੇ ਦਾ ਬਣਦਾ ਬਕਾਇਆ ਮਾਰਚ 2025 ਵਿੱਚ ਜਾਰੀ ਕਰ ਦਿੱਤਾ ਗਿਆ ਸੀ।
ਪਰ ਯੂਨੀਵਰਸਿਟੀ ਵੱਲੋਂ ਆਪਣੇ ਪੈਨਸ਼ਨ-ਧਾਰਕਾਂ ਨੂੰ ਉਨ੍ਹਾਂ ਦੇ ਬਣਦੇ ਬਕਾਏ ਦੀ ਰਾਸ਼ੀ ਅਜੇ ਤੱਕ ਅਦਾ ਨਹੀਂ ਕੀਤੀ ਗਈ I
ਪੰਜਾਬ ਯੂਨੀਵਰਸਿਟੀ ਪੈਨਸ਼ਨਰਜ਼ ਵੈਲਫੇਅਰ ਐਸੋਸ਼ੀਏਸ਼ਨ ਦੇ ਪ੍ਰਧਾਨ ਤਿਲਕ ਰਾਜ ਵਧਵਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਸਮੇਂ ਦੌਰਾਨ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਨੂੰ ਲਿਖੇ ਅਨੇਕਾਂ ਪੱਤਰਾਂ ਅਤੇ ਈ-ਮੇਲਜ਼ ਰਾਹੀਂ ਪੈਨਸ਼ਨ-ਧਾਰਕਾਂ ਦਾ ਬਣਦਾ ਬਕਾਇਆ ਤੁਰੰਤ ਜਾਰੀ ਕਰਨ ਲਈ ਬੇਨਤੀਆਂ ਕੀਤੀਆਂ ਗਈਆਂ ਪਰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋ ਕਦੇ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ।
ਸ੍ਰੀ ਵਧਵਾ ਨੇ ਅੱਗੇ ਕਿਹਾ ਕਿ ਯੂਨੀਵਰਸਿਟੀ ਦੇ ਇਸ ਸਮੇਂ ਲਗਭਗ ਤਿੰਨ ਹਜ਼ਾਰ ਪੈਨਸ਼ਨ-ਧਾਰਕ ਹਨ ਪਰ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਯੂਨੀਵਰਸਿਟੀ ਵੱਲੋਂ ਕੋਈ ਵੀ
“ਸ਼ਿਕਾਇਤ ਸੈੱਲ” ਸਥਾਪਿਤ ਨਹੀਂ ਕੀਤਾ ਗਿਆ।।
ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸਪੱਸ਼ਟ ਰੂਪ ਵਿੱਚ ਲਿਖਿਆ ਗਿਆ ਹੈ ਕਿ ਇਸ ਵਿਤਕਰੇ-ਭਰਪੂਰ ਅਤੇ ਤਾਨਾਸ਼ਾਹੀ ਵਾਲੇ ਰਵੱਈਏ ਕਾਰਨ ਯੂਨੀਵਰਸਿਟੀ ਦੇ ਪੈਨਸ਼ਨ-ਧਾਰਕਾਂ ਦੇ ਮਨਾਂ ਅੰਦਰ ਬੇਗਾਨਗੀ ਅਤੇ ਰੋਹ ਦੀ ਭਾਵਨਾ ਪੈਦਾ ਹੋ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਯੂਨੀਵਰਸਿਟੀ ਅਧਿਕਾਰੀ ਉਹਨਾਂ ਦੀਆਂ ਵਾਜਿਬ ਮੰਗਾਂ ਨਹੀਂ ਮੰਨਦੇ ਤਾਂ ਆਪਣੇ ਹੱਕ ਲੈਣ ਲਈ ਉਹਨਾਂ ਨੂੰ ਕਾਨੂੰਨੀ ਚਾਰਾਜੋਈ ਕਰਨ ਲਈ ਮਜਬੂਰ ਹੋਣਾ ਪਵੇਗਾ I