ਲੁਧਿਆਣਾ 26 ਸਤੰਬਰ (ਖ਼ਬਰ ਖਾਸ ਬਿਊਰੋ)
ਛਪਾਰ ਦੇ ਇਤਿਹਾਸਿਕ ਮੇਲੇ ਮੌਕੇ ਅਕਾਲੀ ਦਲ “ਵਾਰਿਸ ਪੰਜਾਬ ਦੇ” ਵਲੋ ਕੀਤੀ ਗਈ ਪੰਥਕ ਕਾਨਫਰੰਸ ਦੌਰਾਨ ਹੋਏ ਬੇਮਿਸਾਲ ਠਾਠਾਂ ਮਾਰਦੇ ਇਕੱਠ ਨੇ ਪੰਥ ਅਤੇ ਪੰਜਾਬ ਦੀ ਰਾਜਨੀਤੀ ਨੂੰ ਨਵੇਂ ਸਿਰੇ ਤੇ ਖੜ੍ਹਾ ਕਰ ਦਿੱਤਾ ਹੈ। ਪਹਿਲੀ ਵਾਰ ਮਾਲਵੇ ਦੀ ਧਰਤੀ ਤੇ ਹੋਏ ਵੱਡੇ ਪੰਥਕ ਇਕੱਠ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦੀ ਸੰਗਤ ਭਰੋਸੇਮੰਦ, ਜਵਾਬਦੇਹ ਲੀਡਰਸ਼ਿਪ ਤੇ ਵਿਸ਼ਵਾਸ ਪ੍ਰਗਟ ਕਰਦੀ ਹੈ।
ਪੰਥਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਅਜਿਹੀ ਸਿਆਸਤ ਦੀ ਲੋੜ ਹੈ ਜੋ ਸਿਰਫ਼ ਸੱਤਾ ਹਾਸਲ ਕਰਨ ਤੱਕ ਸੀਮਤ ਨਾ ਹੋਵੇ, ਸਗੋਂ ਪੰਜਾਬ, ਪੰਜਾਬੀਆਂ ਅਤੇ ਸੰਗਤ ਦੇ ਹਿੱਤਾਂ ਨੂੰ ਆਪਣੀ ਸਿਆਸਤ ਦਾ ਕੇਂਦਰ ਬਣਾਏ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਦੌਰਾਨ ਪੰਜਾਬ ਨੇ ਵੱਖ-ਵੱਖ ਸਿਆਸੀ ਧਿਰਾਂ ਨੂੰ ਮੌਕੇ ਦਿੱਤੇ ਹਨ, ਪਰ ਅੱਜ ਵੀ ਪੰਜਾਬ ਨੂੰ ਆਪਣੇ ਪਾਣੀਆਂ, ਕਿਸਾਨੀ, ਨੌਜਵਾਨਾਂ, ਰੁਜ਼ਗਾਰ, ਉਦਯੋਗ ਅਤੇ ਸਿੱਖ ਸੰਸਥਾਵਾਂ ਨਾਲ ਜੁੜੇ ਬੁਨਿਆਦੀ ਸਵਾਲਾਂ ਦੇ ਜਵਾਬ ਦੀ ਉਡੀਕ ਹੈ। ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਫਲਸਫੇ ਤੋਂ ਸੇਧ ਲੈਂਦਿਆਂ ਅਜਿਹੀ ਲੋਕ-ਕੇਂਦਰਿਤ ਸਿਆਸਤ ਖੜ੍ਹੀ ਕਰਨ ਦੀ ਲੋੜ ਹੈ, ਜਿਸ ਵਿੱਚ ਬਰਾਬਰੀ, ਇਨਸਾਫ਼, ਸੇਵਾ ਅਤੇ ਲੋਕ-ਭਲਾਈ ਨੂੰ ਪਹਿਲ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਦੀ ਮਜ਼ਬੂਤੀ ਪੰਜਾਬ ਦੀ ਸਮਾਜਿਕ ਅਤੇ ਧਾਰਮਿਕ ਪਛਾਣ ਨਾਲ ਜੁੜਿਆ ਮਾਮਲਾ ਹੈ, ਇਸ ਲਈ ਇਨ੍ਹਾਂ ਨੂੰ ਸਿਆਸੀ ਦਖ਼ਲਅੰਦਾਜ਼ੀ ਤੋਂ ਮੁਕਤ, ਪਾਰਦਰਸ਼ੀ ਅਤੇ ਸੰਗਤ ਪ੍ਰਤੀ ਜਵਾਬਦੇਹ ਬਣਾਉਣ ਲਈ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ। ਉਨ੍ਹਾਂ SGPC ਦੀਆਂ ਚੋਣਾਂ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਸੰਗਤ ਨੂੰ ਆਪਣੇ ਨੁਮਾਇੰਦੇ ਚੁਣਨ ਦਾ ਅਧਿਕਾਰ ਮਿਲਣਾ ਚਾਹੀਦਾ ਹੈ

“ਨਾ ਗੁਜਰਾਤ ਮਾਡਲ, ਨਾ ਦਿੱਲੀ ਮਾਡਲ, ਪੰਜਾਬ ਦਾ ਆਪਣਾ ਮਾਡਲ ਮਹਾਰਾਜਾ ਰਣਜੀਤ ਸਿੰਘ ਵਾਲਾ ਮਾਡਲ ਹੈ।” ਇਹ ਪ੍ਰਗਟਾਵਾ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਸੀਨੀਅਰ ਆਗੂ ਅਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਇਤਿਹਾਸਕ ਛਪਾਰ ਮੇਲੇ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਕਰਵਾਈ ਪੰਥਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਇਯਾਲੀ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਦਿੱਲੀ ਜਾਂ ਗੁਜਰਾਤ ਦੇ ਮਾਡਲਾਂ ਦੀ ਨਹੀਂ, ਸਗੋਂ ਪੰਜਾਬ ਕੋਲ ਆਪਣੀ ਇਤਿਹਾਸਕ, ਸਮਾਜਿਕ ਅਤੇ ਆਰਥਿਕ ਹਕੀਕਤ ਦੇ ਅਨੁਕੂਲ ਵਿਕਾਸ ਮਾਡਲ ਤਿਆਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਸੇਧ ਲੈਂਦਿਆਂ ਅਜਿਹਾ ਮਾਡਲ ਤਿਆਰ ਕੀਤਾ ਜਾਣਾ ਚਾਹੀਦਾ ਹੈ, ਜਿਸ ਵਿੱਚ ਇਨਸਾਫ਼, ਲੋਕ-ਭਲਾਈ, ਖੁਸ਼ਹਾਲ ਕਿਸਾਨੀ, ਮਜ਼ਬੂਤ ਵਪਾਰ, ਰੁਜ਼ਗਾਰ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਕੇਂਦਰ ਵਿੱਚ ਰੱਖਿਆ ਜਾਵੇ।
ਛਪਾਰ ਮੇਲੇ ਮੌਕੇ ਹੋਈ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਪੰਥਕ ਕਾਨਫਰੰਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ। ਕਾਨਫਰੰਸ ਦੌਰਾਨ ‘ਵਾਰਿਸ ਪੰਜਾਬ ਦੇ’ ਵੱਲੋਂ ਪੰਜਾਬ ਦੇ ਹਿੱਤਾਂ ਨੂੰ ਕੇਂਦਰ ਵਿੱਚ ਰੱਖ ਕੇ ਆਪਣੀ ਸਿਆਸੀ ਦਿਸ਼ਾ ਅਤੇ ਏਜੰਡਾ ਪੇਸ਼ ਕੀਤਾ ਗਿਆ।ਛਪਾਰ ਮੇਲੇ ਮੌਕੇ ਪਹਿਲੀ ਵਾਰ ਹੋਈ ਵਾਰਿਸ ਪੰਜਾਬ ਦੇ ਦੀ ਪੰਥਕ ਕਾਨਫਰੰਸ ਵਿੱਚ ਉਮੜੀ ਵੱਡੀ ਗਿਣਤੀ ਸੰਗਤ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵੱਡਾ ਸਿਆਸੀ ਸੰਕੇਤ ਦੇ ਦਿੱਤਾ ਹੈ। ਕਾਨਫਰੰਸ ਵਿੱਚ ਹੋਇਆ ਵੱਡਾ ਇਕੱਠ ਸਿਰਫ਼ ਪੰਥਕ ਅਤੇ ਸਮਾਜਿਕ ਮੁੱਦਿਆਂ ਪ੍ਰਤੀ ਲੋਕਾਂ ਦੀ ਭਾਵਨਾ ਦਾ ਪ੍ਰਗਟਾਵਾ ਨਹੀਂ, ਸਗੋਂ ਪੰਜਾਬ ਦੀ ਅਗਲੀ ਸਿਆਸੀ ਦਿਸ਼ਾ ਬਾਰੇ ਲੋਕਾਂ ਦੇ ਮਨ ਬਣਾਉਣ ਦਾ ਵੀ ਸੰਕੇਤ ਹੈ। ਛਪਾਰ ਤੋਂ ਉੱਠੀ ਆਵਾਜ਼ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਹੁਣ ਆਪਣੀ ਸਿਆਸਤ, ਆਪਣੇ ਮੁੱਦਿਆਂ ਅਤੇ ਆਪਣੇ ਹਿੱਤਾਂ ਨੂੰ ਕੇਂਦਰ ਵਿੱਚ ਰੱਖਣ ਵਾਲੇ ਸਿਆਸੀ ਬਦਲ ਵੱਲ ਦੇਖ ਰਹੇ ਹਨ।
ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ ਇਯਾਲੀ ਨੇ ਆਪਣੇ ਦਾਖਾ ਹਲਕੇ ਵਿੱਚ ਕੀਤੇ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਥਾਨਕ ਪੱਧਰ ’ਤੇ ਕੀਤੇ ਗਏ ਕੰਮ ਵੀ ਵੱਡੇ ਬਦਲਾਅ ਦੀ ਨੀਂਹ ਬਣ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਨ ਤਾਂ ਹਲਕੇ ਵਿੱਚ ਕੁਦਰਤੀ ਤਰੀਕੇ ਨਾਲ ਪਾਣੀ ਦੇ ਇਲਾਜ ਨਾਲ ਸਬੰਧਤ ਪ੍ਰੋਜੈਕਟ ਲਗਾਏ ਗਏ ਸਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦਾ ਕੇਂਦਰ ਸਰਕਾਰ ਦੀਆਂ ਰਿਪੋਰਟਾਂ ਵਿੱਚ ਵੀ ਜ਼ਿਕਰ ਹੋਇਆ ਅਤੇ ਬਾਅਦ ਵਿੱਚ ਬਿਹਾਰ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਤਾਮਿਲਨਾਡੂ ਸਮੇਤ ਹੋਰ ਸੂਬਿਆਂ ਨੇ ਵੀ ਇਸ ਤਰ੍ਹਾਂ ਦੇ ਮਾਡਲ ਨੂੰ ਅਪਣਾਇਆ। ਇਯਾਲੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਜੈਕਟ ਇਹ ਸਾਬਤ ਕਰਦੇ ਹਨ ਕਿ ਪੰਜਾਬ ਦੇ ਪਿੰਡਾਂ ਅਤੇ ਸਥਾਨਕ ਸੰਸਥਾਵਾਂ ਵਿੱਚ ਵੀ ਵਿਕਾਸ ਦੇ ਨਵੇਂ ਮਾਡਲ ਤਿਆਰ ਕਰਨ ਦੀ ਸਮਰੱਥਾ ਹੈ।
2012 ਵਿੱਚ ਵਿਧਾਇਕ ਬਣਨ ਤੋਂ ਬਾਅਦ ਦਾਖਾ ਹਲਕੇ ਨੂੰ ਵਿਕਾਸ ਦੇ ਨਵੇਂ ਮੁਕਾਮ ’ਤੇ ਲਿਜਾਣ ਦੇ ਉਦੇਸ਼ ਦਾ ਜ਼ਿਕਰ ਕਰਦਿਆਂ ਇਯਾਲੀ ਨੇ ਕਿਹਾ ਕਿ ਹਲਕੇ ਵਿੱਚ ਖੇਡ ਮੈਦਾਨਾਂ ਅਤੇ ਸਟੇਡੀਅਮਾਂ ਦਾ ਵੱਡਾ ਢਾਂਚਾ ਤਿਆਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਸਿਰਫ਼ ਖੇਡ ਸਹੂਲਤਾਂ ਮੁਹੱਈਆ ਕਰਵਾਉਣਾ ਨਹੀਂ ਸੀ, ਸਗੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਉਨ੍ਹਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣਾ ਵੀ ਸੀ। ਉਨ੍ਹਾਂ ਕਿਹਾ ਕਿ “ਵਿਕਾਸ ਦਾ ਮਾਡਲ ਸਿਰਫ਼ ਸੜਕਾਂ ਅਤੇ ਇਮਾਰਤਾਂ ਬਣਾਉਣ ਤੱਕ ਸੀਮਤ ਨਹੀਂ ਹੋਣਾ ਚਾਹੀਦਾ। ਵਿਕਾਸ ਦਾ ਅਸਲ ਮਕਸਦ ਨੌਜਵਾਨਾਂ ਨੂੰ ਖੇਡਾਂ, ਸਿੱਖਿਆ, ਕਿਰਤ ਅਤੇ ਰੁਜ਼ਗਾਰ ਨਾਲ ਜੋੜਨਾ ਅਤੇ ਪਿੰਡਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨਾ ਹੋਣਾ ਚਾਹੀਦਾ ਹੈ।”
ਨਸ਼ਿਆਂ ਦੇ ਮੁੱਦੇ ’ਤੇ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਸਭ ਤੋਂ ਅਹਿਮ ਹੈ। ਉਨ੍ਹਾਂ ਨਣੇ ਕਿਹਾ ਕਿ ਵੱਖ-ਵੱਖ ਸਰਕਾਰਾਂ ਨੇ ਨਸ਼ਾ ਖ਼ਤਮ ਕਰਨ ਦੇ ਵਾਅਦੇ ਕੀਤੇ ਪਰ ਜ਼ਮੀਨੀ ਪੱਧਰ ’ਤੇ ਹਾਲਤ ਬੇਹੱਦ ਖਰਾਬ ਹਨ। ਨਸ਼ਾ ਅੱਜ ਸਾਡੀ ਜਵਾਨੀ ਅਤੇ ਸਾਡੇ ਭਵਿੱਖ ਦਾ ਸਭ ਤੋਂ ਵੱਡਾ ਸਵਾਲ ਬਣ ਚੁੱਕਾ ਹੈ। ਕਿੰਨੀਆਂ ਹੀ ਸਰਕਾਰਾਂ ਆਈਆਂ, ਹਰ ਵਾਰ ਨਾਅਰੇ ਲੱਗੇ—ਨਸ਼ਾ ਖ਼ਤਮ ਕਰਾਂਗੇ, ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ, ਪਰ ਅੱਜ ਵੀ ਸਵਾਲ ਉਹੀ ਹੈ ਕਿ ਸਾਡਾ ਨੌਜਵਾਨ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕਦੋਂ ਆਵੇਗਾ?
ਇਸੇ ਦਰਦ ਅਤੇ ਚਿੰਤਾ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਉਨ੍ਹਾਂ ਨੂੰ ਮੁੜ ਸਹੀ ਰਾਹ ਨਾਲ ਜੋੜਨ ਲਈ ‘ਖਾਲਸਾ ਵਹੀਰ’ ਸ਼ੁਰੂ ਕੀਤੀ। ਇਸ ਮੁਹਿੰਮ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਗੁਰਬਾਣੀ ਅਤੇ ਸਿੱਖੀ ਨਾਲ ਜੁੜਨ ਅਤੇ ਆਪਣੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇਣ ਲਈ ਪ੍ਰੇਰਿਤ ਕੀਤਾ ਗਿਆ। ਜਿਸ ਵਿਅਕਤੀ ਨੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਮੁਹਿੰਮ ਚਲਾਈ, ਉਸ ਨੂੰ ਪੰਜਾਬ ਤੋਂ ਸੈਂਕੜੇ ਕਿਲੋਮੀਟਰ ਦੂਰ ਜੇਲ੍ਹ ਵਿੱਚ ਬੰਦ ਰੱਖਿਆ ਗਿਆ ਹੈ।
ਭਾਜਪਾ ਵੱਲੋਂ ਨਸ਼ਿਆਂ ਖ਼ਿਲਾਫ਼ ਕੱਢੀ ਗਈ ਯਾਤਰਾ ਦਾ ਹਵਾਲਾ ਦਿੰਦਿਆਂ ਇਯਾਲੀ ਨੇ ਕਿਹਾ ਕਿ ਪੰਜਾਬ ਨੂੰ ਸਿਰਫ਼ ਸਿਆਸੀ ਯਾਤਰਾਵਾਂ ਅਤੇ ਨਾਅਰਿਆਂ ਦੀ ਨਹੀਂ, ਸਗੋਂ ਠੋਸ ਨਤੀਜਿਆਂ ਦੀ ਲੋੜ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਸਰਹੱਦ ਪਾਰੋਂ ਹੋਣ ਵਾਲੀ ਨਸ਼ਾ ਤਸਕਰੀ ਨੂੰ ਰੋਕਣ ਲਈ BSF ਅਤੇ ਕੇਂਦਰੀ ਏਜੰਸੀਆਂ ਦੀ ਭੂਮਿਕਾ ਬਾਰੇ ਜਵਾਬ ਮੰਗਿਆ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਪਲਾਈ ਚੇਨ ਤੋੜਨ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਦੋਵਾਂ ਹੀ ਫੇਲ ਰਹੀਆਂ ਹਨ।
ਕਿਸਾਨੀ ਦੇ ਮੁੱਦੇ ’ਤੇ ਇਯਾਲੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਅਤੇ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਸਿਰਫ਼ ਹਮਦਰਦੀ ਦੇ ਬਿਆਨ ਦੇਣ ਦੀ ਬਜਾਏ MSP, ਖੇਤੀ ਦੀ ਲਾਗਤ, ਕਰਜ਼ੇ, ਫ਼ਸਲੀ ਵਿਭਿੰਨਤਾ ਅਤੇ ਫ਼ਸਲਾਂ ਦੇ ਭਵਿੱਖ ਬਾਰੇ ਸਪੱਸ਼ਟ ਨੀਤੀਆਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਅਤੇ ਕਿਸਾਨੀ ਨੂੰ ਮਜ਼ਬੂਤ ਕੀਤੇ ਬਿਨਾਂ ਸੂਬੇ ਦੀ ਆਰਥਿਕ ਖੁਸ਼ਹਾਲੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਇਸ ਦੌਰਾਨ ਬੋਲਦੇ ਸਰਦਾਰ ਇਯਾਲੀ ਨੇ ਕਿਹਾ ਕਿ, ਇੰਡਸਟਰੀ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ, ਆਉਣ ਵਾਲੇ ਸਮੇਂ ਵਿੱਚ ਇੰਡਸਟਰੀ ਦੇ ਮਾਹਿਰਾਂ ਨਾਲ ਬੈਠ ਕੇ ਇੰਡਸਟਰੀ ਦੇ ਲਈ ਵਿਜ਼ਨ ਡਾਕੂਮੈਂਟ ਤਿਆਰ ਕੀਤਾ ਜਾਵੇਗਾ।
ਸਿੱਖ ਸੰਸਥਾਵਾਂ ਦੇ ਮੁੱਦੇ ’ਤੇ ਬੋਲਦਿਆਂ ਇਯਾਲੀ ਨੇ ਕਿਹਾ ਕਿ SGPC ਦੀਆਂ ਚੋਣਾਂ ਲੰਮੇ ਸਮੇਂ ਤੋਂ ਨਾ ਹੋਣ ਕਾਰਨ ਸੰਸਥਾ ਦੇ ਪ੍ਰਬੰਧ ਅਤੇ ਜਵਾਬਦੇਹੀ ਨੂੰ ਲੈ ਕੇ ਸਵਾਲ ਉੱਠਦੇ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ SGPC ਦੀਆਂ ਚੋਣਾਂ ਕਰਵਾਈਆਂ ਜਾਣ ਅਤੇ ਪ੍ਰਬੰਧ ਸੰਗਤ ਵੱਲੋਂ ਚੁਣੇ ਨੁਮਾਇੰਦਿਆਂ ਦੇ ਹੱਥ ਵਿੱਚ ਹੋਵੇ। ਉਨ੍ਹਾਂ ਕਿਹਾ ਕਿ SGPC ਦੇ ਸਕੂਲਾਂ, ਕਾਲਜਾਂ ਅਤੇ ਹੋਰ ਸੰਸਥਾਵਾਂ ਵਿੱਚ ਪਾਰਦਰਸ਼ੀ, ਮੈਰਿਟ-ਅਧਾਰਤ ਅਤੇ ਜਵਾਬਦੇਹ ਪ੍ਰਬੰਧ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।
ਭਾਈ ਪਰਮਜੀਤ ਸਿੰਘ ਜੋਹਲ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਦਾ ਕੇਂਦਰ ਪੰਜਾਬ ਦੇ ਲੋਕਾਂ ਦੇ ਅਸਲ ਮੁੱਦੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਰੁਜ਼ਗਾਰ ਅਤੇ ਬਿਹਤਰ ਭਵਿੱਖ, ਕਿਸਾਨਾਂ ਲਈ ਮਜ਼ਬੂਤ ਖੇਤੀ ਨੀਤੀ, ਵਪਾਰੀਆਂ ਲਈ ਅਨੁਕੂਲ ਮਾਹੌਲ, ਪੰਜਾਬ ਦੇ ਪਾਣੀਆਂ ਦੀ ਰਾਖੀ ਅਤੇ ਸਿੱਖ ਸੰਸਥਾਵਾਂ ਦੀ ਮਜ਼ਬੂਤੀ ਵਰਗੇ ਮੁੱਦਿਆਂ ’ਤੇ ਸਪੱਸ਼ਟ ਨੀਤੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਲੰਮੇ ਸਮੇਂ ਤੋਂ ਵੱਖ-ਵੱਖ ਸਰਕਾਰਾਂ ਨੂੰ ਮੌਕੇ ਦਿੰਦੇ ਆਏ ਹਨ ਅਤੇ ਹੁਣ ਸਿਰਫ਼ ਚੋਣਾਂ ਸਮੇਂ ਕੀਤੇ ਵਾਅਦਿਆਂ ਦੀ ਬਜਾਏ ਸਰਕਾਰਾਂ ਤੋਂ ਕੰਮ ਅਤੇ ਜਵਾਬਦੇਹੀ ਮੰਗਣ ਦਾ ਸਮਾਂ ਹੈ। ਭਾਈ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਨਾਲ ਸਬੰਧਤ ਮਾਮਲਿਆਂ ਤੇ ਸੂਬੇ ਦੇ ਅਧਿਕਾਰਾਂ, ਪਾਣੀਆਂ ਅਤੇ ਆਰਥਿਕ ਸਰੋਤਾਂ ਦੀ ਰਾਖੀ ਲਈ ਪੰਜਾਬ ਦੀ ਆਵਾਜ਼ ਮਜ਼ਬੂਤੀ ਨਾਲ ਉਠਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਜਾਣ ਲਈ ਮਜਬੂਰ ਹੋਣ ਦੀ ਬਜਾਏ ਆਪਣੇ ਸੂਬੇ ਵਿੱਚ ਸਿੱਖਿਆ, ਰੁਜ਼ਗਾਰ ਅਤੇ ਕਾਰੋਬਾਰ ਦੇ ਮੌਕੇ ਮਿਲਣੇ ਚਾਹੀਦੇ ਹਨ।
ਪਾਰਟੀ ਦੇ ਸਕੱਤਰ ਜਨਰਲ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ‘ਵਾਰਿਸ ਪੰਜਾਬ ਦੇ’ ਦਾ ਉਦੇਸ਼ ਸਿਰਫ਼ ਚੋਣੀ ਸਿਆਸਤ ਤੱਕ ਸੀਮਤ ਨਹੀਂ, ਸਗੋਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਸਮਾਜਿਕ ਅਤੇ ਰਾਜਨੀਤਿਕ ਜ਼ਿੰਮੇਵਾਰੀਆਂ ਨਾਲ ਜੋੜਨਾ ਵੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਸਮਰੱਥਾ, ਹੁਨਰ ਅਤੇ ਊਰਜਾ ਦੀ ਕੋਈ ਕਮੀ ਨਹੀਂ, ਲੋੜ ਸਿਰਫ਼ ਉਨ੍ਹਾਂ ਨੂੰ ਸਹੀ ਦਿਸ਼ਾ ਅਤੇ ਮੌਕੇ ਦੇਣ ਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਨਾਲ ਸਿੱਧਾ ਸੰਵਾਦ ਕਰਕੇ ਉਨ੍ਹਾਂ ਦੇ ਮੁੱਦਿਆਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਸਿਆਸੀ ਏਜੰਡੇ ਦਾ ਹਿੱਸਾ ਬਣਾਉਣ ਲਈ ਕੰਮ ਕਰ ਰਹੀ ਹੈ। ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਭਵਿੱਖ ਬਾਰੇ ਫੈਸਲੇ ਪੰਜਾਬ ਦੇ ਲੋਕਾਂ ਦੀਆਂ ਲੋੜਾਂ ਅਤੇ ਇੱਛਾਵਾਂ ਨੂੰ ਧਿਆਨ ਵਿੱਚ ਰੱਖ ਕੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਦਿਆਂ ਨੂੰ ਕੇਂਦਰ ਵਿੱਚ ਰੱਖ ਕੇ ਲੋਕਾਂ ਨੂੰ ਇਕੱਠਾ ਕਰਨਾ, ਨੌਜਵਾਨਾਂ ਨੂੰ ਰਚਨਾਤਮਕ ਭੂਮਿਕਾ ਦੇਣਾ ਅਤੇ ਸੂਬੇ ਲਈ ਲੰਬੇ ਸਮੇਂ ਦੀ ਦਿਸ਼ਾ ਤਿਆਰ ਕਰਨਾ ‘ਵਾਰਿਸ ਪੰਜਾਬ ਦੇ’ ਦੀਆਂ ਮੁੱਖ ਤਰਜੀਹਾਂ ਵਿੱਚ ਸ਼ਾਮਲ ਹੈ।
ਪੰਥਕ ਕਾਨਫਰੰਸ ਮੌਕੇ ਮੌਕੇ ਤੇ ਬਾਬੂ ਸਿੰਘ ਬਰਾੜ , ਕਾਬਲ ਸਿੰਘ , ਦਰਸ਼ਨ ਸਿੰਘ ਸ਼ਿਵਾਲਿਕ, ਇਕਬਾਲ ਸਿੰਘ ਝੂੰਦਾਂ, ਜਸਕਰਨ ਸਿੰਘ ਕਾਹਨਸਿੰਘਵਾਲਾ, ਨਿਹੰਗ ਸਿੰਘ ਬਾਬਾ ਰਾਜ ਸਿੰਘ, ਸੁਖਦੇਵ ਸਿੰਘ ਕਾਦੀਆਂ, ਬੀਬੀ ਹਰਪ੍ਰੀਤ ਕੌਰ , ਜਗਰੂਪ ਸਿੰਘ ਖਾਲਸਾ, ਬਲਵਿੰਦਰ ਸੇਖੋਂ, ਨਵਜੋਤ ਕੌਰ ਲੰਬੀ, ਹਰਪ੍ਰੀਤ ਸਿੰਘ ਬਾਬਾ ਬੇਲੀ, ਸੰਦੀਪ ਸਿੰਘ ਰੁਪਾਲੋਂ, ਲੱਖਾ ਸਿੰਘ ਸਿਧਾਣਾ, ਗੁਰਦੀਪ ਬਾਠ, ਬਲਜਿੰਦਰ ਸਮਰਾਲਾ, ਰਸ਼ਪਾਲ ਸਿੰਘ ਸੋਸ਼ਣ, ਦਲੇਰ ਸਿੰਘ ਡੋਡ, ਮਨਪ੍ਰੀਤ ਸਿੰਘ ਭੋਲੂਵਾਲਾ ਆਦਿ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।