ਰੂਪਨਗਰ, 28 ਜੂਨ (ਖ਼ਬਰ ਖਾਸ ਬਿਊਰੋ)
ਸਿਹਤ ਵਿਭਾਗ ਰੂਪਨਗਰ ਵੱਲੋਂ ਭਾਰਤ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅੱਜ ਜ਼ਿਲ੍ਹੇ ਵਿੱਚ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦਾ ਸ਼ੁਭ ਆਗਾਜ਼ ਕੀਤਾ ਗਿਆ। ਡਾਕਟਰ ਰਮਨ ਗੁਪਤਾ ਸਿਵਲ ਸਰਜਨ ਰੂਪ ਨਗਰ ਨੇ ਦੱਸਿਆ ਕਿ ਇਹ ਮੁਹਿੰਮ 28, 29 ਅਤੇ 30 ਜੂਨ ਤੱਕ ਤਿੰਨ ਦਿਨ ਚੱਲੇਗੀ, ਜਿਸ ਦੌਰਾਨ 0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਤੋਂ ਬਚਾਅ ਲਈ ਦੋ ਬੂੰਦਾਂ ਪਿਲਾਈਆਂ ਜਾਣਗੀਆਂ।
ਮੁਹਿੰਮ ਦੀ ਰਸਮੀ ਸ਼ੁਰੂਆਤ ਬੇਲਾ ਚੌਂਕ ਵਿਖੇ ਰੋਟਰੀ ਕਲੱਬ ਵੱਲੋਂ ਲਗਾਏ ਗਏ ਪੋਲੀਓ ਬੂਥ ਤੋਂ ਕੀਤੀ ਗਈ, ਜਿੱਥੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਨਵਰੂਪ ਕੌਰ, ਸਹਾਇਕ ਸਿਵਲ ਸਰਜਨ ਡਾਕਟਰ ਬੋਬੀ ਗੁਲਾਟੀ, ਡਾ. ਆਰ.ਐਸ. ਪਰਮਾਰ, ਡਾਕਟਰ ਭਾਨੂ ਪਰਮਾਰ,ਡਾਕਟਰ ਭੀਮ ਸੇਨ ,ਡਾਕਟਰ ਰਜੀਵ ਡਾਕਟਰ ਗੁਰਸੇਵਕ ਸਿੰਘ, ਡਾਕਟਰ ਚੌਧਰੀ ,ਡਾਕਟਰ ਆਰਤੀ, ਡਾਕਟਰ ਅੰਕੁਰ ਸਿਹਤ ਵਿਭਾਗ ਦਾ ਸਟਾਫ ਅਤੇ ਰੋਟਰੀ ਮੈਂਬਰ ਹਾਜ਼ਰ ਸਨ l
ਡਾਕਟਰ ਨਵਰੂਪ ਕੌਰ ਜ਼ਿਲਾ ਟੀਕਾਕਰਨ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਹਿੰਮ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸਿਹਤ ਵਿਭਾਗ ਵੱਲੋਂ ਹਰ ਬੱਚੇ ਤੱਕ ਪਹੁੰਚ ਬਣਾਉਣ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀ ਕੁੱਲ ਆਬਾਦੀ 7,33,082 ਹੈ, ਜਿਸ ਵਿੱਚੋਂ 0 ਤੋਂ 5 ਸਾਲ ਤੱਕ ਦੇ ਬੱਚਿਆਂ ਦੀ ਗਿਣਤੀ 55,473 ਹੈ ਅਤੇ ਮੁਹਿੰਮ ਦੌਰਾਨ 1,49,591 ਘਰਾਂ ਦਾ ਦੌਰਾ ਕੀਤਾ ਜਾਵੇਗਾ।
ਪਹਿਲੇ ਦਿਨ 28 ਜੂਨ ਨੂੰ ਜ਼ਿਲ੍ਹੇ ਭਰ ਵਿੱਚ 260 ਰੈਗੂਲਰ ਬੂਥ , ਟ੍ਰਾਂਜਿਟ 22 ਅਤੇ 23 ਮੋਬਾਈਲ ਟੀਮਾਂ ਵੱਲੋਂ 5 ਸਾਲ ਤੋਂ ਛੋਟੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ । ਜਿੱਥੇ 35961 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ ਉਹਨਾਂ ਨੇ ਦੱਸਿਆ ਕਿ 29 ਅਤੇ 30 ਜੂਨ ਨੂੰ ਸਿਹਤ ਟੀਮਾਂ ਘਰ-ਘਰ ਜਾ ਕੇ ਉਹਨਾਂ ਬੱਚਿਆਂ ਨੂੰ ਕਵਰ ਕਰਨਗੀਆਂ ਜੋ ਬੂਥਾਂ ‘ਤੇ ਨਹੀਂ ਪਹੁੰਚ ਸਕੇ।
ਡਾ. ਨਵਰੂਪ ਕੌਰ ਨੇ ਦੱਸਿਆ ਕਿ ਪੋਲੀਓ ਇੱਕ ਗੰਭੀਰ ਅਤੇ ਅਪਾਹਜਤਾ ਪੈਦਾ ਕਰਨ ਵਾਲੀ ਬਿਮਾਰੀ ਹੈ, ਜਿਸ ਤੋਂ ਬਚਾਅ ਸਿਰਫ਼ ਟੀਕਾਕਰਨ ਰਾਹੀਂ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਪੋਲੀਓ ਮੁਕਤ ਭਾਰਤ ਦਾ ਦਰਜਾ ਕਾਇਮ ਰੱਖਣ ਲਈ ਹਰ ਬੱਚੇ ਨੂੰ ਇਹ ਬੂੰਦਾਂ ਪਿਲਾਉਣੀਆਂ ਬਹੁਤ ਜ਼ਰੂਰੀ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਭਾਵੇਂ ਬੱਚੇ ਨੂੰ ਪਹਿਲਾਂ ਵੀ ਕਈ ਵਾਰ ਪੋਲੀਓ ਬੂੰਦਾਂ ਪਿਲਾਈਆਂ ਗਈਆਂ ਹੋਣ, ਫਿਰ ਵੀ ਇਸ ਮੁਹਿੰਮ ਦੌਰਾਨ ਦੋ ਬੂੰਦਾਂ ਜ਼ਰੂਰ ਪਿਲਾਈਆਂ ਜਾਣ।
ਸਿਹਤ ਵਿਭਾਗ ਵੱਲੋਂ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਤੋਂ ਵਾਂਝਾ ਨਾ ਰਹੇ। ਟੀਮਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਹਰ ਘਰ ਤੱਕ ਪਹੁੰਚ ਕਰਕੇ ਮੁਹਿੰਮ ਨੂੰ 100 ਫੀਸਦੀ ਕਾਮਯਾਬ ਬਣਾਉਣ।
ਉਹਨਾਂ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਦੇਣ ਅਤੇ ਬੱਚਿਆਂ ਨੂੰ ਪੋਲੀਓ ਬੂੰਦਾਂ ਜ਼ਰੂਰ ਪਿਲਾਉਣ। “ਹਰ ਬੂੰਦ – ਸੁਰੱਖਿਅਤ ਭਵਿੱਖ” ਦੇ ਸੰਦੇਸ਼ ਨਾਲ ਇਹ ਮੁਹਿੰਮ ਬੱਚਿਆਂ ਦੀ ਸਿਹਤਮੰਦ ਜ਼ਿੰਦਗੀ ਵੱਲ ਇੱਕ ਮਹੱਤਵਪੂਰਨ ਕਦਮ ਹੈ।