ਲੰਦਨ ਚ ਸਿੱਖ ਕਕਾਰਾਂ ਉੱਤੇ ਕਾਨੂੰਨੀ ਪਾਬੰਦੀ ਲਾਉਣ ਗਲਤ, ਕੇਂਦਰੀ ਸਿੰਘ ਸਭਾ ਨੇ ਇਸ ਕਦਮ ਦੀ ਕੀਤੀ ਨਿੰਦਾ

ਚੰਡੀਗੜ੍ਹ 10 ਜੂਨ (ਖ਼ਬਰ ਖਾਸ ਬਿਊਰੋ)
ਸਾਊਥੈਂਪਟਨ, (ਯੂ.ਕੇ) ਵਿੱਚ ਸਿੱਖ ਨੌਜਵਾਨ ਵਿਕਰਮ ਸਿੰਘ ਦਿਗਮਾ ਵੱਲੋਂ ਗੋਰੇ ਲੜਕੇ ਹੈਨਰੀ ਨੌਵਾਕ ਦੀ ਕੀਤੀ ਹੱਤਿਆ ਦੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨਿੰਦਾ ਕਰਦੀ ਹੈ ਅਤੇ ਨੋਵਾਕ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੀ ਹੈ।ਪਰ ਕਥਿਤ ਦੋਸ਼ੀ ਦੇ ਅੰਮ੍ਰਿਤਧਾਰੀ ਹੋਣ ਦੀ ਆੜ ਵਿੱਚ ਮੂਲਵਾਦੀ ਗੋਰਿਆਂ ਦੀ ਪਾਰਟੀ, ਰੀਫਾਰਮ ਯੂ.ਕੇ ਪਾਰਟੀ ਵੱਲੋਂ ਸਿੱਖਾਂ ਵੱਲੋਂ ਧਾਰਮਿਕ ਕਕਾਰ, ਕਿਰਪਾਨ ਰੱਖਣ ਦੇ ਕਾਨੂੰਨੀ ਅਧਿਕਾਰ ਨੂੰ ਖ਼ਤਮ ਕਰਨ ਦੀ ਮੰਗ ਦਾ ਸਖ਼ਤ ਵਿਰੋਧ ਕਰਦੇ ਹਾਂ।
ਸਿੱਖ ਸਭਾ ਨਾਲ ਜੁੜੇ ਸਿੱਖ ਚਿੰਤਕਾਂ ਨੇ ਕਿਹਾ ਕਿ ਅਸਲ ਵਿੱਚ ਕਤਲ ਦੀ ਵਾਰਦਾਤ ‘ਪੇਸ਼ ਕਾਬਜ਼’ ਨਾਮ ਦੇ ਛੁਰੇ ਨਾਲ ਕੀਤੀ ਗਈ ਹੈ। ਵਿਕਰਮ ਸਿੰਘ ਦਿਗਮਾ ਨੂੰ ਕਤਲ ਕੇਸ ਵਿੱਚ ਪਹਿਲਾਂ ਹੀ ਉਮਰ ਕੈਦ ਹੋ ਚੁੱਕੀ ਹੈ ਅਤੇ ਪੁਲਿਸ ਦੀ ਪੜਤਾਲ ਵਿੱਚ ਸਾਬਤ ਹੋ ਚੁੱਕਾ ਹੈ ਕਿ ਵਾਰਦਾਤ ਵਿੱਚ ਦੋਸ਼ੀ ਨੇ ਕਿਰਪਾਨ ਦੀ ਵਰਤੋਂ ਨਹੀਂ ਕੀਤੀ ਸੀ।
ਇਕ ਅੰਮ੍ਰਿਤਧਾਰੀ ਸਿੱਖ ਵਿਅਕਤੀ ਵੱਲੋਂ ਕਿਸੇ ਉਤੇਜਨਾ ਹਿੱਤ, ਗੋਰੇ ਲੜਕੇ ਦੇ ਕਤਲ ਕਾਰਨ ਸਾਰੇ ਸਿੱਖ ਭਾਈਚਾਰੇ ਉੱਤੇ ਧਾਰਮਿਕ ਕਕਾਰ ਰੱਖਣ ’ਤੇ ਰੋਕ ਲਾਉਣਾ ਬਿਲਕੁਲ ਵਾਜਬ ਨਹੀਂ ਹੈ। ਇਕ ਵਿਅਕਤੀ ਦੇ ਦੋਸ਼ ਵਿੱਚ ਸਾਰੇ ਭਾਈਚਾਰੇ ਨੂੰ ਦੋਸ਼ੀ ਨਹੀਂ ਮੰਨਿਆ ਜਾ ਸਕਦਾ।
ਪਹਿਲਾਂ ਹੀ ਗ੍ਰੇਟ ਬਰੀਟੇਨ ਦੀ ਇੰਡੀਅਨ ਵਰਕਰਜ਼ ਐਸੋਸੀਏਸ਼ਨ, ਗੁਰਦਵਾਰਿਆਂ ਦੀਆਂ ਮੈਨੇਜਮੈਂਟ ਕਮੇਟੀਆਂ ਅਤੇ ਸਿੱਖ ਸਮਾਜਿਕ ਹਸਤੀਆਂ ਨੇ, ਗੋਰੇ ਲੜਕੇ ਦੀ ਹੱਤਿਆ ਦੀ ਨਿਖੇਧੀ ਕੀਤੀ ਹੈ ਅਤੇ ਗੁਰਦੁਆਰਿਆ ਵਿੱਚ ਗੋਰੇ ਲੜਕੇ ਦੀ ਯਾਦ ਵਿੱਚ ‘ਅਰਦਾਸਾਂ’ ਕੀਤੀਆਂ ਗਈਆ ਹਨ। ਉਹਨਾਂ ਨੇ ਜ਼ੋਰ ਦਿੱਤਾ ਹੈ ਕਿ ਅੰਮ੍ਰਿਤਧਾਰੀ ਸਿੱਖ ਇਕ ਸਦੀ ਤੋਂ ਵੱਧ ਸਮੇਂ ਤੋਂ ਯੂ.ਕੇ ਵਿਚ ਸਦਭਾਵਨਾ ਅਤੇ ਸਹਿਯੋਗ ਨਾਲ ਰਹਿ ਰਹੇ ਹਨ।
ਸਿੱਖ ਕੌਮ 200 ਸਾਲਾਂ ਤੋਂ ਵੱਧ ਸਮੇਂ ਤੋਂ ਬਰਤਾਨੀਆ ਦੇ ਫੌਜੀ, ਸਮਾਜਿਕ ਅਤੇ ਆਰਥਿਕ ਢਾਂਚੇ ਦਾ ਅਨਿੱਖੜਵਾਂ ਹਿੱਸਾ ਰਹੀ ਹੈ। ਕੁਝ ਲੋਕਾਂ ਵੱਲੋਂ ਸਮੁੱਚੀ ਕੌਮ ਨੂੰ ਬਦਨਾਮ ਕਰਨ ਦੇ ਯਤਨਾਂ ਦੀ ਅਸੀਂ ਨਿੰਦਾ ਕਰਦੇ ਹਾਂ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸਮੂਹ ਪੰਥਕ ਜਥੇਬੰਦੀਆਂ ਨੂੰ ਅਪੀਲ ਕਰਦੀ ਹੈ ਕਿ ਅਜਿਹੇ ਮੌਕਿਆਂ ‘ਤੇ ਸ਼ਾਂਤੀ, ਸੰਜਮ ਅਤੇ ਸਾਂਝੀਵਾਲਤਾ ਬਣਾਈ ਰੱਖੀਏ। ਘਿਰਨਾ ਦੀ ਥਾਂ ਪਿਆਰ ਨਾਲ ਜਵਾਬ ਦੇਣਾ ਹੀ ਗੁਰੂ ਦੀ ਸਿੱਖਿਆ ਹੈ।ਇਹ ਸਾਂਝਾ ਬਿਆਨ ਜਾਰੀ ਕਰਨ ਸਮੇਂ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਡਾ.ਖੁਸ਼ਹਾਲ ਸਿੰਘ (ਜਨਰਲ ਸਕੱਤਰ), ਜਸਪਾਲ ਸਿੰਘ ਸਿੱਧੂ (ਪੱਤਰਕਾਰ), ਗੁਰਪ੍ਰੀਤ ਸਿੰਘ (ਗਲੋਬ ਸਿੱਖ ਕੌਂਸਲ, ਪ੍ਰਤੀਨਿਧ), ਰਾਜਵਿੰਦਰ ਸਿੰਘ ਰਾਹੀ ਅਤੇ ਸੁਰਿੰਦਰ ਸਿੰਘ ਕਿਸ਼ਨਪੁਰਾ ਆਦਿ ਸ਼ਾਮਿਲ ਰਹੇ।
ਹੋਰ ਪੜ੍ਹੋ 👉  ਫੈਟੀ ਲਿਵਰ ਰੋਗ ‘ਸਾਈਲੈਂਟ ਮਹਾਮਾਰੀ’ ਵਜੋਂ ਉੱਭਰ ਰਿਹਾ,ਰੋਗ ਲਿਵਰ ਦੀ ਸਿਹਤ ਲਈ ਵੱਡੀ ਚੁਣੌਤੀ ਬਣਿਆ

Leave a Reply

Your email address will not be published. Required fields are marked *