ਰੂਪਨਗਰ, 1 ਅਕਤੂਬਰ (ਖ਼ਬਰ ਖਾਸ ਬਿਊਰੋ): ਰਾਸ਼ਟਰਪਤੀ ਭਾਰਤ ਸ਼੍ਰੀਮਤੀ ਦਰੋਪਦੀ ਮੁਰਮੂ ਦੀ 6 ਅਕਤੂਬਰ 2026 ਨੂੰ ਦਸ਼ਮੇਸ਼ ਮਾਰਸ਼ਲ ਅਕੈਡਮੀ, ਸ੍ਰੀ ਅਨੰਦਪੁਰ ਸਾਹਿਬ ਵਿਖੇ ਆਮਦ ਅਤੇ ਇਸ ਉਪਰੰਤ ਮਾਤਾ ਸ੍ਰੀ ਨੈਣਾ ਦੇਵੀ ਮੰਦਰ, ਹਿਮਾਚਲ ਪ੍ਰਦੇਸ਼ ਵਿਖੇ ਜਾਣ ਦੇ ਮੱਦੇਨਜ਼ਰ ਰਾਸ਼ਟਰਪਤੀ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਸ੍ਰੀ ਅਦਿੱਤਿਆ ਡੇਚਲਵਾਲ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਉਪ ਮੰਡਲ ਦੇ ਖੇਤਰ ਵਿੱਚ 6 ਅਕਤੂਬਰ ਨੂੰ ‘ਨੋ ਡਰੋਨ ਜ਼ੋਨ’ ਅਤੇ ‘ਨੋ ਫਲਾਈ ਜ਼ੋਨ’ ਘੋਸ਼ਿਤ ਕੀਤਾ ਗਿਆ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਹੁਕਮ ਜਾਰੀ ਕੀਤਾ ਗਿਆ ਹੈ। ਹੁਕਮਾਂ ਅਨੁਸਾਰ ਸੁਰੱਖਿਆ ਦੇ ਮੱਦੇਨਜ਼ਰ ਸ੍ਰੀ ਅਨੰਦਪੁਰ ਸਾਹਿਬ ਦੇ ਨਿਰਧਾਰਤ ਖੇਤਰ ਵਿੱਚ ਡਰੋਨ ਅਤੇ ਹੋਰ ਉਡਣ ਵਾਲੇ ਉਪਕਰਨਾਂ ਦੀ ਵਰਤੋਂ ’ਤੇ ਪਾਬੰਦੀ ਰਹੇਗੀ।
ਇਨ੍ਹਾਂ ਹੁਕਮਾਂ ਤੋਂ ਕੇਵਲ ਸੀਨੀਅਰ ਪੁਲਿਸ ਕਪਤਾਨ, ਰੂਪਨਗਰ ਅਤੇ ਫੌਜੀ ਬਲਾਂ ਨੂੰ ਛੋਟ ਹੋਵੇਗੀ। ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ ਅਤੇ 6 ਅਕਤੂਬਰ 2026 ਨੂੰ ਪ੍ਰਭਾਵੀ ਰਹਿਣਗੇ।