ਚੰਡੀਗੜ੍ਹ 11 ਜੁਲਾਈ (ਖ਼ਬਰ ਖਾਸ ਬਿਊਰੋ)
ਪੰਜਾਬ ਕਾਂਗਰਸ ਵਿੱਚ ਚੱਲ ਰਹੀ ਅੰਦਰੂਨੀ ਖਿੱਚਤਾਣ ਸ਼ਨੀਵਾਰ ਨੂੰ ਹੋਰ ਖੁੱਲ੍ਹ ਕੇ ਸਾਹਮਣੇ ਆ ਗਈ। ਏਆਈਸੀਸੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਨੇ ਚੰਡੀਗੜ੍ਹ ਵਿੱਚ ਬਾਗੀ ਧੜੇ ਨਾਲ ਕਰੀਬ ਦੋ ਘੰਟੇ ਮੀਟਿੰਗ ਕੀਤੀ। ਮੀਟਿੰਗ ਦੌਰਾਨ ਤਿੰਨ ਸੰਸਦ ਮੈਂਬਰਾਂ ਅਤੇ ਨੌਂ ਵਿਧਾਇਕਾਂ ਵਾਲੇ ਧੜੇ ਨੇ ਸਪੱਸ਼ਟ ਕੀਤਾ ਕਿ ਉਹ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਕੰਮ ਨਹੀਂ ਕਰ ਸਕਦੇ।
ਮੀਟਿੰਗ ਤੋਂ ਪਹਿਲਾਂ ਹੀ ਚਰਨਜੀਤ ਸਿੰਘ ਚੰਨੀ ਧੜੇ ਨੇ ਸ਼ਕਤੀ ਪ੍ਰਦਰਸ਼ਨ ਕੀਤਾ। ਧੜੇ ਦਾ ਦਾਅਵਾ ਹੈ ਕਿ 117 ਵਿੱਚੋਂ 92 ਵਿਧਾਨ ਸਭਾ ਹਲਕਿਆਂ ਦੇ ਆਗੂ ਮੀਟਿੰਗ ਵਿੱਚ ਪਹੁੰਚੇ। ਮੀਟਿੰਗ ਤੋਂ ਪਹਿਲਾਂ ਬਾਗੀ ਧੜੇ ਨੇ ਚੰਨੀ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਮੰਗ ਵੀ ਰੱਖੀ। ਧੜੇ ਦਾ ਕਹਿਣਾ ਸੀ ਕਿ ਜੇ ਉਨ੍ਹਾਂ ਨੂੰ ਪ੍ਰਧਾਨ ਨਹੀਂ ਬਣਾਇਆ ਜਾਂਦਾ ਤਾਂ ਘੱਟੋ-ਘੱਟ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ।

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਾਂਗਰਸ ਦੇ ਹਿੱਤ ਵਿੱਚ ਰਾਜਾ ਵੜਿੰਗ ਨੂੰ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਉੱਧਰ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਾਂਗਰਸ ਨੂੰ ਡੁਬੋਣ ਵਾਲਾ ਜਾਂ “ਕੰਪ੍ਰੋਮਾਈਜ਼ਡ” ਨੇਤਾ ਮਨਜ਼ੂਰ ਨਹੀਂ ਹੋਵੇਗਾ ਅਤੇ ਪਾਰਟੀ ਨੂੰ ਡਟ ਕੇ ਬੋਲਣ ਵਾਲੀ ਲੀਡਰਸ਼ਿਪ ਦੀ ਲੋੜ ਹੈ।
ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਮੀਟਿੰਗ ਵਿੱਚ ਪਾਰਟੀ ਦੀਆਂ ਕਮੀਆਂ ‘ਤੇ ਚਰਚਾ ਹੋਈ ਹੈ ਅਤੇ ਹੁਣ ਫ਼ੈਸਲਾ ਹਾਈਕਮਾਂਡ ਨੇ ਕਰਨਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ “ਸਲੀਪਰ ਸੈੱਲ” ਜਾਂ “ਕੰਪ੍ਰੋਮਾਈਜ਼ਡ” ਨੇਤਾ ਬਾਰੇ ਨਹੀਂ ਜਾਣਦੇ, ਪਰ ਪਾਰਟੀ ਨੂੰ ਇੱਕ ਟੀਮ ਵਜੋਂ ਅੱਗੇ ਵਧਣਾ ਚਾਹੀਦਾ ਹੈ।
ਬਾਗੀ ਧੜੇ ਦੇ ਕਈ ਹੋਰ ਆਗੂਆਂ ਨੇ ਵੀ ਰਾਜਾ ਵੜਿੰਗ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ। ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ, ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ, ਵਿਧਾਇਕ ਅਰੁਣਾ ਚੌਧਰੀ ਅਤੇ ਵਰਿੰਦਰਮੀਤ ਸਿੰਘ ਪਾਹੜਾ ਨੇ ਵੀ ਲੀਡਰਸ਼ਿਪ ਵਿੱਚ ਤਬਦੀਲੀ ਦੀ ਵਕਾਲਤ ਕੀਤੀ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਰਾਜਾ ਵੜਿੰਗ ‘ਤੇ ਧੜੇਬੰਦੀ ਦੇ ਦੋਸ਼ ਲਗਾਏ।
ਮੀਟਿੰਗ ਤੋਂ ਬਾਅਦ ਭੂਪੇਸ਼ ਬਘੇਲ ਨੇ ਕਿਹਾ ਕਿ ਉਹ ਸਾਰੀ ਰਿਪੋਰਟ ਹਾਈਕਮਾਂਡ ਨੂੰ ਸੌਂਪਣਗੇ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਕੋਈ ਵੀ “ਕੰਪ੍ਰੋਮਾਈਜ਼ਡ” ਨੇਤਾ ਨਹੀਂ ਚੱਲੇਗਾ ਅਤੇ ਟਿਕਟ ਜਿੱਤਣ ਦੀ ਸਮਰੱਥਾ ਦੇ ਆਧਾਰ ‘ਤੇ ਦਿੱਤੀ ਜਾਵੇਗੀ।
ਦੂਜੇ ਪਾਸੇ, ਰਾਜਾ ਵੜਿੰਗ ਨੇ ਮੀਡੀਆ ਨਾਲ ਗੱਲਬਾਤ ਦੌਰਾਨ “ਕੰਪ੍ਰੋਮਾਈਜ਼ਡ” ਨੇਤਾ ਵਾਲੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਜੇ ਕਿਸੇ ਨੇ ਉਨ੍ਹਾਂ ਦਾ ਨਾਮ ਨਹੀਂ ਲਿਆ ਤਾਂ ਬੇਵਜ੍ਹਾ ਇਸ਼ਾਰੇ ਨਾ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਨਾ ਕੋਈ “ਸਲੀਪਰ ਸੈੱਲ” ਹੋਣਾ ਚਾਹੀਦਾ ਹੈ ਅਤੇ ਨਾ ਹੀ ਕੋਈ “ਕੰਪ੍ਰੋਮਾਈਜ਼ਡ” ਨੇਤਾ। ਵੜਿੰਗ ਨੇ ਇਹ ਵੀ ਕਿਹਾ ਕਿ ਉਹ ਅਤੇ ਸੁਖਜਿੰਦਰ ਸਿੰਘ ਰੰਧਾਵਾ ਲੰਮੇ ਸਮੇਂ ਤੋਂ ਇਕੱਠੇ ਕੰਮ ਕਰਦੇ ਆ ਰਹੇ ਹਨ।