ਡਰੱਗ ਜਨਗਣਨਾ’ ਪੰਜਾਬ ਹੋਵੇਗਾ ਬਦਨਾਮ, ਸਰਕਾਰ ਦੇ ਖਰਚੇ ਉਤੇ ਆਪ ਲੋਕਾਂ ਦਾ ਡਾਟਾ ਇਕੱਠਾ ਕਰਨ ਲੱਗੀ

 

ਚੰਡੀਗੜ੍ਹ, 3 ਮਈ (ਖ਼ਬਰ ਖਾਸ ਬਿਊਰੋ)

ਪੰਜਾਬ ਕਾਂਗਰਸ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸੂਬੇ ਵਿੱਚ “ਡਰੱਗ ਐਂਡ ਸੋਸ਼ਿਓ-ਇਕਨਾਮਿਕ ਸੈਂਸਸ” ਕਰਵਾਉਣ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਹੈ। ਕਾਂਗਰਸ ਨੇ ਇਸ ਅਭਿਆਸ ਦੇ ਅਸਲ ਮਕਸਦ ’ਤੇ ਸਵਾਲ ਚੁੱਕਦਿਆਂ, ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਪੂਰੇ ਪੰਜਾਬ ਉੱਪਰ ਦਾਗ ਲਗਾਇਆ ਜਾਵੇਗਾ।

ਇੱਥੇ ਜਾਰੀ ਇੱਕ ਬਿਆਨ ਵਿੱਚ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ “ਜਨਗਣਨਾ” ਦੇ ਅਸਲ ਮਕਸਦ ’ਤੇ ਸਵਾਲ ਉਠਾਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਦਰਅਸਲ ਵਿੱਚ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਦਾ ਡਾਟਾ ਇਕੱਠਾ ਕਰਨ ਦੀ ਕਵਾਇਦ ਹੈ, ਜਿਸਦਾ ਖਰਚਾ ਸਰਕਾਰੀ ਖਜ਼ਾਨੇ ਤੋਂ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਅਜਿਹੀ ਜਨਗਣਨਾ ਦੀ ਤਰਕਸੰਗਤਾ ’ਤੇ ਸਵਾਲ ਕਰਦਿਆਂ, ਪੁੱਛਿਆ ਹੈ ਕਿ ਕਿਹੜਾ ਪਰਿਵਾਰ ਗਿਣਤੀ ਕਰਨ ਵਾਲਿਆਂ ਨੂੰ ਇਹ ਦੱਸੇਗਾ ਕਿ ਉਨ੍ਹਾਂ ਦੇ ਘਰ ਦਾ ਕੋਈ ਮੈਂਬਰ ਨਸ਼ੇ ਦਾ ਆਦੀ ਹੈ? ਉਨ੍ਹਾਂ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਨਿੱਜੀ ਅਤੇ ਗੁਪਤ ਮਾਮਲਾ ਹੈ ਅਤੇ ਕੋਈ ਵੀ ਇਸਨੂੰ ਜਨਤਕ ਨਹੀਂ ਕਰਨਾ ਚਾਹੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸਲ ਮਕਸਦ ਨਸ਼ਾ ਪੀੜਤਾਂ ਬਾਰੇ ਡਾਟਾ ਇਕੱਠਾ ਕਰਨਾ ਹੈ, ਤਾਂ ਇਹ ਮੁਹਿੰਮ ਨਾਕਾਮ ਰਹੇਗੀ।

ਹੋਰ ਪੜ੍ਹੋ 👉  'ਨਸ਼ਾ-ਮੁਕਤ ਭਾਰਤ' ਬਣਾਉਣ ਦਾ ਸੰਕਲਪ, ਪੰਜਾਬ ਦੇ ਛੇ ਜ਼ਿਲ੍ਹੇ ਅਤਿ ਸੰਵੇਦਨਸੀਲ ਲਿਸਟ ਵਿਚ ਸ਼ਾਮਲ

ਉਨ੍ਹਾਂ ਨੇ ਕਿਹਾ ਕਿ ਕਥਿਤ ‘ਯੁੱਧ ਨਸ਼ਿਆਂ ਵਿਰੁੱਧ’ ਤੋਂ ਬਾਅਦ ਇਹ ਜਨਗਣਨਾ ਕਰਵਾਈ ਜਾ ਰਹੀ ਹੈ, ਇਸ ਲਈ ਸਰਕਾਰ ਖੁਦ ਦੀ ਵਾਹ-ਵਾਹ ਲਈ ਇਹ ਅੰਕੜੇ ਵੀ ਜਾਰੀ ਕਰ ਸਕਦੀ ਹੈ ਕਿ ਨਸ਼ਾ ਪੀੜਤਾਂ ਦੀ ਗਿਣਤੀ ਘੱਟੀ ਹੈ, ਜਦਕਿ ਅਸਲ ਵਿੱਚ ਅਜਿਹਾ ਨਹੀਂ ਹੋਇਆ ਹੈ।

ਵੜਿੰਗ ਨੇ ਖੁਲਾਸਾ ਕੀਤਾ ਕਿ ਸਿਹਤ ਵਿਭਾਗ ਕੋਲ ਪਹਿਲਾਂ ਹੀ ਸੂਬੇ ਦੇ ਨਸ਼ਾ ਪੀੜਤਾਂ ਦਾ ਪੂਰਾ ਡਾਟਾ ਮੌਜੂਦ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਛੁਡਾਊ ਪ੍ਰਣਾਲੀ ਦੀ ਪੂਰੀ ਤਰ੍ਹਾਂ ਨਿਗਰਾਨੀ ਹੁੰਦੀ ਹੈ ਅਤੇ ਇਲਾਜ ਕਰਵਾਉਣ ਵਾਲੇ ਹਰ ਵਿਅਕਤੀ ਤੋਂ ਆਧਾਰ ਕਾਰਡ ਲਿਆ ਜਾਂਦਾ ਹੈ।

ਹੋਰ ਪੜ੍ਹੋ 👉  ਦਿਲ ਦੇ ਦੌਰੇ ਦੇ 9 ਮਰੀਜ਼ਾਂ ਲਈ ਜੀਵਨਦਾਤਾ ਬਣਿਆ ਸਟੈਮੀ ਪ੍ਰਾਜੈਕਟ

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਆਪ ਸਰਕਾਰ ਦਰਅਸਲ ਪੂਰੇ ਸੂਬੇ ਦਾ ਡਾਟਾ ਇਕੱਠਾ ਕਰਨਾ ਚਾਹੁੰਦੀ ਹੈ, ਜਿਸਦਾ ਇਸਤੇਮਾਲ ਇੱਕ ਸਾਲ ਤੋਂ ਘੱਟ ਸਮੇਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕੀਤਾ ਜਾਵੇਗਾ ਅਤੇ ਇਸ ਉਦੇਸ਼ ਲਈ ਸਰਕਾਰੀ ਮਸ਼ੀਨਰੀ ਤੇ ਸਰੋਤ ਵਰਤੇ ਜਾਣਗੇ।

ਵੜਿੰਗ ਨੇ ਜ਼ੋਰ ਦਿੰਦਿਆਂ, ਕਿਹਾ ਕਿ ਨਸ਼ੇ ਦੀ ਲਤ ਇੱਕ ਸੰਵੇਦਨਸ਼ੀਲ ਸਿਹਤ ਸਬੰਧੀ ਸਮੱਸਿਆ ਹੈ, ਜਿਸ ਵਿੱਚ ਪੂਰੀ ਤਰ੍ਹਾਂ ਨਿੱਜਤਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਇਲਾਜ ਕਰਵਾ ਰਹੇ ਹਰ ਮਰੀਜ਼ ਨੂੰ ਨਿੱਜਤਾ ਦਾ ਅਧਿਕਾਰ ਹੈ, ਪਰ ਇਹ ਜਨਗਣਨਾ ਉਸਦੀ ਪਹਿਚਾਣ ਉਜਾਗਰ ਕਰ ਸਕਦੀ ਹੈ ਅਤੇ ਉਹ ਸਮਾਜਿਕ ਦਾਗ਼ ਦਾ ਸਾਹਮਣਾ ਕਰਨਗੇ।

ਹੋਰ ਪੜ੍ਹੋ 👉  ਡਾ ਅੰਬੇਦਕਰ ਦੇ ਬੁੱਤ ਨਾਲ ਛੇੜਛਾੜ ਦੀ ਘਟਨਾ ਦੀ ਭਾਜਪਾ ਨੇ ਕੀਤੀ ਨਿੰਦਾ

ਉਨ੍ਹਾਂ ਨੇ ਕਿਹਾ ਕਿ ਨਾ ਸਿਰਫ਼ ਨਸ਼ਾ ਪੀੜਤ ਅਤੇ ਉਨ੍ਹਾਂ ਦੇ ਪਰਿਵਾਰ ਖੁਦ ਨੂੰ ਦਾਗ਼ਦਾਰ ਮਹਿਸੂਸ ਕਰਨਗੇ, ਸਗੋਂ ਇਹ “ਜਨਗਣਨਾ” ਪੂਰੇ ਪੰਜਾਬ ਨੂੰ ਦੇਸ਼ ਦੀ ਨਸ਼ਿਆਂ ਦੀ ਰਾਜਧਾਨੀ ਵਜੋਂ ਦਰਸਾਏਗੀ। ਉਨ੍ਹਾਂ ਨੇ ਸਵਾਲ ਕੀਤਾ ਕਿ ਆਪ ਪੰਜਾਬ ਨੂੰ ਬਦਨਾਮ ਕਰਨ ’ਤੇ ਕਿਉਂ ਤੁਲੀ ਹੋਈ ਹੈ? ਉਨ੍ਹਾਂ ਨੇ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਵਿੱਚ ਸਾਵਧਾਨੀ ਨਾਲ ਅਤੇ ਸੋਚ ਸਮਝ ਕੇ ਕੰਮ ਕਰਨ ਦੀ ਸਲਾਹ ਦਿੱਤੀ ਹੈ।

Leave a Reply

Your email address will not be published. Required fields are marked *