ਵਿੱਦਿਆ ਸੁਧਾਰਾਂ ਦੀ ਮੰਗ ਕਰਨ ਵਾਲੇ ਨੌਜਵਾਨਾਂ ਉੱਤੇ ਵਹਿਸ਼ੀ ਲਾਠੀਚਾਰਜ ਲੋਕਤੰਤਰ ਦਾ ਨਿਘਾਰ: ਕੇਂਦਰੀ ਸਿੰਘ ਸਭਾ

ਚੰਡੀਗੜ੍ਹ, 22 ਜੁਲਾਈ (ਖ਼ਬਰ ਖਾਸ ਬਿਊਰੋ)

ਵਿੱਦਿਆ ਸੁਧਾਰਾਂ ਤੇ ਨੀਟ ਪ੍ਰੀਖਿਆ ਦੀ ਹੇਰਾ-ਫੇਰੀ ਵਿਰੁੱਧ ਦਿੱਲੀ ਦੀ ਪਾਰਲੀਮੈਂਟ ਸਟਰੀਟ ਉੱਤੇ ਰੋਸ ਮਾਰਚ ਕਰਦੇ ਨੌਜਵਾਨਾਂ ਲੜਕੇ-ਲੜਕੀਆਂ ਉੱਤੇ ਵਹਿਸ਼ੀ ਲਾਠੀਚਾਰਜ ਕਰਨਾ ਭਾਰਤੀ ਲੋਕਤੰਤਰ ਦੇ ਵੱਡੇ ਨਿਘਾਰ ਦਾ ਸੰਕੇਤ ਹੈ। ਇਸ ਤੋਂ ਉੱਪਰ ਹਾਕਮ ਪਾਰਟੀ ਭਾਜਪਾ ਦੇ ਪ੍ਰਧਾਨ ਮੰਤਰੀ ਵੱਲੋਂ ਇਸ ਦੁਖਾਂਤਕ ਵਰਤਾਰੇ ਬਾਰੇ ਚੁੱਪ ਰਹਿਣਾ ਵੀ ਤਾਨਾਸ਼ਾਹੀ ਦਾ ਪ੍ਰਗਟਾਵਾ ਹੈ। ਤਕਰੀਬਨ 200 ਲੜਕੇ ਲੜਕੀਆਂ ਪੁਲਿਸ ਲਾਠੀਚਾਰਜ ਵਿੱਚ ਜ਼ਖਮੀ ਹੋਏ ਹਨ ਅਤੇ ਸਥਾਨਕ ਹਸਪਤਾਲਾਂ ਵਿੱਚ ਜੇ਼ਰੇ ਇਲਾਜ ਹਨ।

ਸਿੰਘ ਸਭਾ ਨਾਲ ਜੁੜੇ ਚਿੰਤਕਾਂ ਨੇ ਕਿਹਾ ਕਿ ਪਾਰਲੀਮੈਂਟ ਦੇ ਸੈਸ਼ਨ ਸਮੇਂ ਪੁਲਿਸ ਵੱਲੋਂ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਲਾਠੀਚਾਰਜ ਕਰਨਾ ਅਤੇ ਉਹਨਾਂ ਦੇ ਮਾਰਚ ਨੂੰ ਸੰਸਦ ਵੱਲ ਜਾਣ ਤੋਂ ਰੋਕਣਾ ਆਮ ਲੋਕਾਂ ਦੇ ਲੋਕਤੰਤਰੀ ਅਧਿਕਾਰਾਂ ਦਾ ਉਲੰਘਣ ਹੈ। ਭਾਜਪਾ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਲਾਠੀਚਾਰਜ ਉੱਤੇ ਬਹਿਸ ਰੋਕਣਾ ਅਤੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਵੱਲੋਂ ਪ੍ਰਧਾਨ ਮੰਤਰੀ ਤੋਂ ਮਾਫੀ ਮੰਗਾਉਣ ਦੀ ਮੰਗ ਦੀ ਖਿੱਲੀ ਉਡਾਉਣ ਦੀ ਅਸੀਂ ਭਰਪੂਰ ਨਿਖੇਧੀ ਕਰਦੇ ਹਾਂ।

ਹੋਰ ਪੜ੍ਹੋ 👉  ਘਰੋ-ਘਰੀ ਗਣਨਾ ਪੜਾਅ ਨੂੰ ਅਗਾਊਂ ਨੇਪਰੇ ਚਾੜ੍ਹਨ ਲਈ ਈ.ਆਰ.ਓਜ਼. ਦਾ ਕੀਤਾ ਸਨਮਾਨ

ਦਿੱਲੀ ਦੇ ਗੁਰਦੁਆਰਿਆਂ ਵੱਲੋਂ ਜ਼ਖਮੀ ਨੌਜਵਾਨਾਂ ਨੂੰ ਸਾਂਭਣਾ, ਵਿੱਤੀ ਮਦਦ ਕਰਨੀ ਅਤੇ ਪੁਲਿਸ ਦੇ ਲਾਠੀਚਾਰਜ ਤੋਂ ਡਰੇ ਵਿਅਕਤੀਆਂ ਨੂੰ ਗੁਰੂ ਘਰਾਂ ਵਿੱਚ ਸਹਾਰਾ ਦੇਣਾ ਸਿੱਖੀ ਅਨੁਸਾਰ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਵਿਰੋਧੀ ਧਿਰਾਂ ਵੱਲੋਂ ਪ੍ਰਧਾਨ ਮੰਤਰੀ ਦੇ ਨਿਵਾਸ ਅੱਗੇ ਧਰਨਾ ਦੇਣਾ ਅਤੇ ਸਰਕਾਰੀ ਦਹਿਸ਼ਤ ਵਿਰੁੱਧ ਇੱਕ ਜੁੱਟ ਹੋਣਾ, ਸਰਕਾਰੀ ਤਾਨਾਸ਼ਾਹੀ ਨੂੰ ਲਗਾਮ ਦੇਵੇਗਾ ਅਤੇ ਦੇਸ਼ ਦੀ ਸਿਆਸਤ ਨੂੰ ਸਹੀ ਦਿਸ਼ਾ ਵੱਲ ਤੋਰੇਗਾ। ਇਸ ਬਿਆਨ ਨੂੰ ਜਾਰੀ ਕਰਨ ਵਾਲਿਆਂ ਵਿੱਚ ਪ੍ਰੋਫੈਸਰ ਸ਼ਾਮ ਸਿੰਘ, ਡਾ. ਖੁਸ਼ਹਾਲ ਸਿੰਘ, ਜਗਜੀਤ ਸਿੰਘ ਰਤਨਗੜ੍ਹ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਅਤੇ ਰਾਜਵਿੰਦਰ ਸਿੰਘ ਰਾਹੀ ਸ਼ਾਮਿਲ ਹਨ।

ਹੋਰ ਪੜ੍ਹੋ 👉  81 ਪਿੰਡਾਂ ’ਚ ਦਿਖਾਈ ਗਈ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਤੇ ਸਿੱਖਿਆਵਾਂ ’ਤੇ ਆਧਾਰਿਤ ਡਾਕੂਮੈਂਟਰੀ

Leave a Reply

Your email address will not be published. Required fields are marked *