ਦਲਿਤ ਨੌਜਵਾਨ ਭੀਮ ਟੋਂਕ ਨੂੰ ਵੱਢਣ ਵਾਲੇ ਡੋਡਾ ਪਰਿਵਾਰ ਨਾਲ ਖੜੀ ਆਪ -ਬਲਵਿੰਦਰ ਧਾਲੀਵਾਲ

 

ਚੰਡੀਗੜ੍ਹ, 18 ਜੁਲਾਈ (ਖ਼ਬਰ ਖਾਸ ਬਿਊਰੋ)

ਸਾਬਕਾ ਆਈਏਐਸ ਅਧਿਕਾਰੀ ਅਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਦੇ ਪਰਿਵਾਰ ਦੀ ਮੈਂਬਰ ਡਾ. ਸੁਹਾਨੀ ਡੋਡਾ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਉਣ ‘ਤੇ ਤਿੱਖਾ ਤਨਜ਼ ਕੱਸਿਆ। ਉਨ੍ਹਾਂ ਆਮ ਆਦਮੀ ਪਾਰਟੀ ‘ਤੇ ਆਪਣੇ ਹੀ ਸਿਧਾਂਤਾਂ ਨਾਲ ਸਮਝੌਤਾ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸੱਤਾ ਦੀ ਰਾਜਨੀਤੀ ਨੇ ਪਾਰਟੀ ਦੀ ਕਥਨੀ ਅਤੇ ਕਰਨੀ ਵਿਚਲਾ ਫਰਕ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ।

ਧਾਲੀਵਾਲ ਨੇ ਕਿਹਾ ਕਿ 18 ਦਸੰਬਰ 2018 ਨੂੰ ਆਮ ਆਦਮੀ ਪਾਰਟੀ ਨੇ ਦਲਿਤ ਨੌਜਵਾਨ ਭੀਮ ਟੋਂਕ ਕਤਲ ਕਾਂਡ ਨੂੰ ਲੈ ਕੇ ਵੱਡੇ ਪੱਧਰ ‘ਤੇ ਅੰਦੋਲਨ ਕੀਤੇ ਸਨ। ਪਾਰਟੀ ਆਗੂਆਂ ਨੇ ਕੈਂਡਲ ਮਾਰਚ ਕੱਢੇ, ਰੋਸ ਪ੍ਰਦਰਸ਼ਨ ਕੀਤੇ ਅਤੇ ਉਸ ਸਮੇਂ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁਦ ਅਬੋਹਰ ਪਹੁੰਚ ਕੇ ਪੀੜਤ ਪਰਿਵਾਰ ਦੇ ਨਾਲ ਖੜ੍ਹਨ ਦਾ ਦਾਅਵਾ ਕੀਤਾ ਸੀ। ਉਸ ਵੇਲੇ ਪਾਰਟੀ ਦੇ ਸੀਨੀਅਰ ਆਗੂ ਹਰਜੋਤ ਸਿੰਘ ਬੈਂਸ ਨੇ ਵੀ ਸਰਵਜਨਕ ਤੌਰ ‘ਤੇ ਕਿਹਾ ਸੀ ਕਿ ਭੀਮ ਟੋਂਕ ਨੂੰ ਇਨਸਾਫ ਨਹੀਂ ਮਿਲ ਰਿਹਾ।

ਧਾਲੀਵਾਲ ਨੇ ਕਿਹਾ ਕਿ ਅੱਜ ਉਹੀ ਆਮ ਆਦਮੀ ਪਾਰਟੀ ਆਪਣੇ ਪੁਰਾਣੇ ਸਟੈਂਡ ਤੋਂ ਪੂਰੀ ਤਰ੍ਹਾਂ ਪਿੱਛੇ ਹਟ ਚੁੱਕੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਦੇ ਪਰਿਵਾਰ ਦੀ ਮੈਂਬਰ ਡਾ. ਸੁਹਾਨੀ ਡੋਡਾ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ ਹੈ। ਇਹ ਉਹੀ ਪਰਿਵਾਰ ਹੈ, ਜਿਸ ਦੇ ਰਾਮਸਰਾ ਸਥਿਤ ਫਾਰਮ ਹਾਊਸ ਵਿੱਚ ਭੀਮ ਟੋਂਕ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਜਿਸ ਪਾਰਟੀ ਨੇ ਕਦੇ ਭੀਮ ਟੋਂਕ ਨੂੰ ਇਨਸਾਫ ਦਿਵਾਉਣ ਨੂੰ ਆਪਣਾ ਸਿਆਸੀ ਮੁੱਦਾ ਬਣਾਇਆ ਸੀ, ਅੱਜ ਉਹੀ ਪਾਰਟੀ ਪੀੜਤ ਪਰਿਵਾਰ ਦੀਆਂ ਭਾਵਨਾਵਾਂ ਨੂੰ ਅਣਡਿੱਠਾ ਕਰ ਰਹੀ ਹੈ। ਇਸ ਤੋਂ ਸਾਫ਼ ਹੁੰਦਾ ਹੈ ਕਿ ਸੱਤਾ ਦੀ ਰਾਜਨੀਤੀ ਲਈ ਆਮ ਆਦਮੀ ਪਾਰਟੀ ਨੇ ਆਪਣੇ ਸਿਧਾਂਤਾਂ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਸਮਝੌਤਾ ਕਰ ਲਿਆ ਹੈ।

ਬਲਵਿੰਦਰ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਉਸੇ ਰਾਹ ‘ਤੇ ਚੱਲ ਰਹੀ ਹੈ, ਜਿਸ ‘ਤੇ ਚੱਲਣ ਦੇ ਦੋਸ਼ ਉਹ ਪਹਿਲਾਂ ਹੋਰ ਪਾਰਟੀਆਂ ‘ਤੇ ਲਗਾਉਂਦੀ ਸੀ। ਉਨ੍ਹਾਂ ਤਨਜ਼ ਕਰਦਿਆਂ ਕਿਹਾ ਕਿ ਭਾਜਪਾ ‘ਤੇ “ਵਾਸ਼ਿੰਗ ਮਸ਼ੀਨ” ਦੀ ਰਾਜਨੀਤੀ ਕਰਨ ਦੇ ਦੋਸ਼ ਲਗਾਉਣ ਵਾਲੀ ‘ਆਪ’ ਹੁਣ ਖੁਦ ਅਜਿਹੀ “ਫੁੱਲੀ ਆਟੋਮੈਟਿਕ ਮਸ਼ੀਨ” ਬਣ ਗਈ ਹੈ, ਜਿਸ ਵਿੱਚ ਸ਼ਾਮਲ ਹੁੰਦਿਆਂ ਹੀ ਹਰ ਦਾਗ ਧੁੱਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਸਭ ਕੁਝ ਦੇਖ ਰਹੀ ਹੈ ਅਤੇ ਸਮਾਂ ਆਉਣ ‘ਤੇ ਇਸ ਸਿਆਸੀ ਦੋਹਰੇ ਚਿਹਰੇ ਦਾ ਜਵਾਬ ਜ਼ਰੂਰ ਦੇਵੇਗੀ।

Leave a Reply

Your email address will not be published. Required fields are marked *